ਅਧਿਆਪਕ ਜਥੇਬੰਦੀ ਦਾ ਵੱਡਾ ਧਮਾਕਾ: ਡਰੱਗ ਸੈਂਸਸ ਦੀ ਆੜ ਹੇਠ ਨਿੱਜੀ ਪਾਰਟੀ ਲਈ ਸਿਆਸੀ ਸਰਵੇ ਕਰਵਾਉਣ ਦੇ ਲੱਗੇ ਦੋਸ਼, ਗੈਰ-ਵਿੱਦਿਅਕ ਡਿਊਟੀਆਂ ਦਾ ਤਿੱਖਾ ਵਿਰੋਧ
ਡਰੱਗ ਕਮ ਸਮਾਜਿਕ ਆਰਥਿਕ ਸੈਂਸਜ ਦੇ ਨਾਮ ’ਤੇ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਤੋਂ ਜ਼ਬਰੀ ਗੈਰ ਵਿੱਦਿਅਕ ਡਿਊਟੀਆਂ ਅਤੇ ਆਪਣੇ ਰਾਜਨੀਤਿਕ ਮੁਫ਼ਾਦਾਂ ਨੂੰ ਪੂਰਾ ਕਰਨ ਲਈ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਇੱਕ ਪਾਸੇ ਸਰਕਾਰ ਵੱਲੋਂ ਅਖਬਾਰਾਂ ਰਾਹੀਂ ਅਤੇ ਹੋਰ ਸਾਧਨਾਂ ਰਾਹੀਂ ਇਸ ਸਰਵੇ ਲਈ ਸਵੈ ਇੱਛਤ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਉਣ ਸਬੰਧੀ ਇਸ਼ਤਿਹਾਰ ਦਿੱਤੇ ਗਏ ਹਨ, ਉੱਥੇ ਦੂਜੇ ਪਾਸੇ ਅਧਿਕਾਰੀਆਂ ਵੱਲੋਂ ਅਧਿਆਪਕਾਂ ਦੀਆਂ ਜ਼ਬਰੀ ਡਿਊਟੀਆਂ ਲਗਾ ਕੇ ਅਧਿਆਪਕਾਂ ਨੂੰ ਡਿਊਟੀ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ।
Publish Date: Thu, 11 Jun 2026 03:06 PM (IST)
Updated Date: Thu, 11 Jun 2026 03:10 PM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ। ਡਰੱਗ ਕਮ ਸਮਾਜਿਕ ਆਰਥਿਕ ਸੈਂਸਜ ਦੇ ਨਾਮ ’ਤੇ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਤੋਂ ਜ਼ਬਰੀ ਗੈਰ ਵਿੱਦਿਅਕ ਡਿਊਟੀਆਂ ਅਤੇ ਆਪਣੇ ਰਾਜਨੀਤਿਕ ਮੁਫ਼ਾਦਾਂ ਨੂੰ ਪੂਰਾ ਕਰਨ ਲਈ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਇੱਕ ਪਾਸੇ ਸਰਕਾਰ ਵੱਲੋਂ ਅਖਬਾਰਾਂ ਰਾਹੀਂ ਅਤੇ ਹੋਰ ਸਾਧਨਾਂ ਰਾਹੀਂ ਇਸ ਸਰਵੇ ਲਈ ਸਵੈ ਇੱਛਤ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਉਣ ਸਬੰਧੀ ਇਸ਼ਤਿਹਾਰ ਦਿੱਤੇ ਗਏ ਹਨ, ਉੱਥੇ ਦੂਜੇ ਪਾਸੇ ਅਧਿਕਾਰੀਆਂ ਵੱਲੋਂ ਅਧਿਆਪਕਾਂ ਦੀਆਂ ਜ਼ਬਰੀ ਡਿਊਟੀਆਂ ਲਗਾ ਕੇ ਅਧਿਆਪਕਾਂ ਨੂੰ ਡਿਊਟੀ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਜਿਸ ਦਾ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਡਟਵਾਂ ਵਿਰੋਧ ਕੀਤਾ ਜਾ ਰਿਹਾ ਹੈ। ਅੱਜ ਐੱਸ.ਡੀ.ਐੱਮ. ਦਫ਼ਤਰ ਤਪਾ ਵਿਖੇ ਅਧਿਆਪਕਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਮੂਹ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਰਾਜੀਵ ਕੁਮਾਰ ਬਰਨਾਲਾ,ਡਾ. ਨਿਰਮਲ ਪੱਖੋ ਕਲਾਂ, ਰਾਕੇਸ਼ ਕੁਮਾਰ ਉੱਗੋਕੇ, ਚੰਦ, ਮਨਜੀਤ ਬਖਤਗੜ੍ਹ ਤੇ ਪਰਦੀਪ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਸਰਵੇ ਵਿੱਚ ਏ.ਆਈ. ਤਕਨੀਕ ਦੀ ਵਰਤੋਂ ਕਰਦੇ ਹੋਏ ਆਮ ਲੋਕਾਂ ਤੋਂ ਅਜਿਹੇ ਸਵਾਲ ਕੀਤੇ ਜਾਣੇ ਹਨ, ਜਿਸ ਵਿਚ ਸਰਕਾਰ ਦੀਆਂ ਸਕੀਮਾਂ ਸਬੰਧੀ ਹੀ ਲੋਕਾਂ ਦੀ ਰਾਇ ਲਈ ਜਾ ਰਹੀ ਹੈ ਅਤੇ ਉਨ੍ਹਾਂ ਤੋਂ ਇਹ ਵੀ ਪੁੱਛਿਆ ਜਾਵੇਗਾ ਕਿ ਸਰਕਾਰ ਨੂੰ ਹੋਰ ਕਿਹੜੇ ਕੰਮ ਕਰਨੇ ਚਾਹੀਦੇ ਹਨ, ਅਜਿਹੇ ’ਚ ਪਹਿਲੀ ਨਜ਼ਰ ’ਚ ਇਹ ਪ੍ਰਤੀਤ ਹੁੰਦਾ ਹੈ ਕਿ ਸਰਕਾਰ ਵੱਲੋਂ ਸਰਵੇ ਦੇ ਨਾਂ ਹੇਠ ਇੱਕ ਪਾਰਟੀ ਵਿਸ਼ੇਸ਼ ਲਈ ਕੋਈ ਸਰਵੇ ਜਾਂ ਭਵਿੱਖੀ ਨੀਤੀਆਂ ਕਰਨ ਲਈ ਏਜੰਡਾ ਤਿਆਰ ਕਰਵਾਇਆ ਜਾ ਰਿਹਾ ਹੈ।
ਉਕਤ ਦੇ ਨਾਲ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਇੱਕ ਪਾਸੇ ਇਸ ਭਗਵੰਤ ਮਾਨ ਸਰਕਾਰ ਵੱਲੋਂ ਜਨਤਕ ਤੌਰ ’ਤੇ ਐਲਾਨ ਕੀਤਾ ਗਿਆ ਸੀ ਕਿ ਕਿਸੇ ਵੀ ਅਧਿਆਪਕ ਤੋਂ ਗੈਰ ਵਿੱਦਿਅਕ ਡਿਊਟੀ ਨਹੀਂ ਕਰਵਾਈ ਜਾਵੇਗੀ, ਅਧਿਆਪਕਾਂ ਨੂੰ ਪੜ੍ਹਾਈ ਲਈ ਸੁਖਾਵਾਂ ਮਾਹੌਲ ਬਣਾਇਆ ਜਾਵੇਗਾ ਪਰ ਇਸ ਦੇ ਉਲਟ ਇਸ ਸਰਕਾਰ ਵੱਲੋਂ ਲਗਾਤਾਰ ਅਧਿਆਪਕਾਂ ਤੋਂ ਗੈਰ ਵਿੱਦਿਅਕ ਡਿਊਟੀਆਂ ਕਰਵਾਈਆਂ ਜਾ ਰਹੀਆਂ ਹਨ।
ਇੱਥੋਂ ਤੱਕ ਕਿ ਮਰਦਮਸੁਮਾਰੀ, ਬੀ.ਐੱਲ.ਓ. ਡਿਊਟੀਆਂ, ਇਲੈਕਸ਼ਨ ਡਿਊਟੀ ਤੋਂ ਇਲਾਵਾ ਡਰੱਗ ਸੈਂਸਜ, ਤੀਰਥ ਯਾਤਰਾ ਅਤੇ ਹੈਲਥ ਕਾਰਡ ਬਣਵਾਉਣ ਲਈ ਵੀ ਵੱਡੇ ਪੱਧਰ ਉੱਪਰ ਅਧਿਆਪਕਾਂ ਦੀ ਡਿਊਟੀ ਲਗਾਈ ਜਾਂਦੀ ਰਹੀ ਹੈ।
ਅਧਿਆਪਕ ਲਗਾਤਾਰ ਸਕੂਲਾਂ ਤੋਂ ਬਾਹਰ ਡਿਊਟੀ ਕਰਨ ਲਈ ਮਜ਼ਬੂਰ ਕੀਤੇ ਜਾ ਰਹੇ ਹਨ, ਜਿਸ ਦਾ ਅਸਰ ਵੱਡੇ ਪੱਧਰ ਦੇ ਉੱਪਰ ਗਰੀਬ ਵਿਦਿਆਰਥੀਆਂ ਦੀ ਪੜ੍ਹਾਈ ਉੱਪਰ ਵੀ ਪਿਆ ਹੈ। ਇਸ ਮੌਕੇ ਆਗੂਆਂ ਵੱਲੋਂ ਐੱਸ.ਡੀ.ਐੱਮ ਤਪਾ ਨਾਲ ਮੀਟਿੰਗ ਕਰਕੇ ਇਨ੍ਹਾਂ ਗੈਰ ਵਿੱਦਿਅਕ ਡਿਊਟੀਆਂ ਸੰਬੰਧੀ ਵਿਰੋਧ ਦਰਜ ਕਰਵਾਇਆ ਅਤੇ ਐੱਸ.ਡੀ.ਐੱਮ. ਸਾਹਿਬ ਨੇ ਆਗੂਆਂ ਦੇ ਸਾਰੇ ਤਰਕਾਂ ਨਾਲ ਸਹਿਮਤ ਹੁੰਦਿਆਂ ਭਰੋਸਾ ਦਿੱਤਾ ਕਿ ਅਧਿਆਪਕਾਂ ਦੀ ਮੰਗ ਡੀ.ਸੀ. ਸਾਹਿਬ ਕੋਲ ਪਹੁੰਚਾ ਦਿੱਤੀ ਜਾਵੇਗੀ।
ਸਰਕਾਰ ਦੇ ਇਸ ਰਵੱਈਏ ਦਾ ਵਿਰੋਧ ਕਰਦਿਆਂ ਹੋਇਆ ਜਥੇਬੰਦੀਆਂ ਵੱਲੋਂ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਡਰੱਗ ਸੈਂਸਜ ਵਿਚ ਡਿਊਟੀਆਂ ਨੂੰ ਲੈ ਕੇ ਅਧਿਆਪਕਾਂ ’ਤੇ ਕੀਤੇ ਜਾ ਰਹੇ ਇਸ ਜ਼ਬਰ ਦੇ ਵਿਰੋਧ 'ਚ ਕੱਲ੍ਹ ਮਿਤੀ 12 ਜੂਨ ਨੂੰ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਅਧਿਆਪਕਾਂ ਦੇ ਇੱਕ ਮਾਸ ਡੈਪੂਟੇਸ਼ਨ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਨਾਲ ਮੀਟਿੰਗ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਨੂੰ ਸਾਰੀ ਸਥਿਤੀ ਨਾਲ ਜਾਣੂ ਕਰਵਾਇਆ ਜਾਵੇ ਅਤੇ ਅਧਿਆਪਕਾਂ ਦੀਆਂ ਲਗਾਈਆਂ ਗਈਆਂ ਇਸ ਗੈਰ ਵਿੱਦਿਅਕ ਡਿਊਟੀਆਂ ਨੂੰ ਕਟਵਾਇਆ ਜਾ ਸਕੇ।
ਮੀਟਿੰਗ ਵਿੱਚ ਸੱਤਪਾਲ ਤਪਾ, ਮੁੱਖ ਅਧਿਆਪਕ ਸਾਧੂ ਸਿੰਘ,ਦਵਿੰਦਰ ਤਲਵੰਡੀ, ਪੁਨੀਤ ਤਪਾ, ਜਸਵੀਰ ਸਿੰਘ, ਅਵਤਾਰ ਸਿੰਘ, ਮਨਜੀਤ ਸਿੰਘ, ਜਸਵੰਤ ਰਾਏ, ਯਸ਼ਪਾਲ ਬਾਹੀਆ, ਵਿਸ਼ਾਲ ਉੱਪਲ,ਸਰਿਤਾ ਰਾਣੀ, ਕੰਚਨ ਬਾਲਾ, ਕਿਰਨਜੀਤ ਕੌਰ, ਚਰਨਜੀਤ ਕੌਰ, ਅਸ਼ੀਨਾ ਰਾਣੀ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਸ਼ਾਮਿਲ ਹੋਏ।