ਬਰਨਾਲਾ ਪ੍ਰਸ਼ਾਸਨ ਨੂੰ ਪੰਚਾਂ-ਸਰਪੰਚਾਂ ਦਾ ਅਲਟੀਮੇਟਮ: ਪੰਚਾਇਤਾਂ ਦੀ ਬਹਾਲੀ ਲਈ 22 ਜੂਨ ਤੱਕ ਬਣੀ ਸਹਿਮਤੀ; ਪ੍ਰਬੰਧ ਨਾ ਮਿਲਣ 'ਤੇ ਲੱਗੇਗਾ 'ਪੱਕਾ ਮੋਰਚਾ'
ਭਾਈ ਲਾਲੋ ਪੰਜਾਬੀ ਮੰਚ ਦੇ ਸੂਬਾਈ ਆਗੂ ਹਰਜੀਤ ਸਿੰਘ ਖਿਆਲੀ ਦੀ ਅਗਵਾਈ ਹੇਠ ਪਿਛਲੇ ਦਿਨੀਂ ਮਹਿਲ ਕਲਾਂ ਬੱਸ ਸਟੈਂਡ ਵਿਖੇ ਛੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਬਹਾਲ ਕਰਵਾਉਣ ਦੀ ਮੰਗ ਨੂੰ ਲੈ ਕੇ ਦਿੱਤੇ ਗਏ ਰੋਸ ਧਰਨੇ ਤੋਂ ਬਾਅਦ ਸੁੱਕਰਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਨਾਲ ਅਹਿਮ ਮੀਟਿੰਗ ਹੋਈ।
Publish Date: Fri, 12 Jun 2026 03:14 PM (IST)
Updated Date: Fri, 12 Jun 2026 03:17 PM (IST)

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ - ਭਾਈ ਲਾਲੋ ਪੰਜਾਬੀ ਮੰਚ ਦੇ ਸੂਬਾਈ ਆਗੂ ਹਰਜੀਤ ਸਿੰਘ ਖਿਆਲੀ ਦੀ ਅਗਵਾਈ ਹੇਠ ਪਿਛਲੇ ਦਿਨੀਂ ਮਹਿਲ ਕਲਾਂ ਬੱਸ ਸਟੈਂਡ ਵਿਖੇ ਛੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਬਹਾਲ ਕਰਵਾਉਣ ਦੀ ਮੰਗ ਨੂੰ ਲੈ ਕੇ ਦਿੱਤੇ ਗਏ ਰੋਸ ਧਰਨੇ ਤੋਂ ਬਾਅਦ ਸੁੱਕਰਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਨਾਲ ਅਹਿਮ ਮੀਟਿੰਗ ਹੋਈ।
ਇਸ ਮੀਟਿੰਗ ’ਚ ਪਿੰਡ ਧਨੇਰ, ਨਾਈਵਾਲਾ, ਚੀਮਾ, ਚੂੰਘਾ, ਚੋਹਾਣਕੇ ਕਲਾਂ ਅਤੇ ਭੱਦਲਵੱਢ ਦੀਆਂ ਪੰਚਾਇਤਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਧਰਨੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਇਬ ਤਹਿਸੀਲਦਾਰ ਸੁਖਬੀਰ ਸਿੰਘ ਨੇ ਜਥੇਬੰਦੀ ਦੇ ਆਗੂਆਂ ਨੂੰ ਭਰੋਸਾ ਦਿੱਤਾ ਸੀ ਕਿ 12 ਜੂਨ ਨੂੰ ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਬਰਨਾਲਾ ਨਾਲ ਮੀਟਿੰਗ ਕਰਵਾ ਕੇ ਮਸਲੇ ਦੇ ਹੱਲ ਲਈ ਯਤਨ ਕੀਤੇ ਜਾਣਗੇ। ਇਸੇ ਤਹਿਤ ਅੱਜ ਏਡੀਸੀ. (ਵਿਕਾਸ) ਹਰਜਿੰਦਰ ਸਿੰਘ ਬੇਦੀ ਨੇ ਛੇ ਪੰਚਾਇਤਾਂ ਦੇ ਨੁਮਾਇੰਦਿਆਂ ਅਤੇ ਭਾਈ ਲਾਲੋ ਪੰਜਾਬੀ ਮੰਚ ਦੇ ਵਫ਼ਦ ਨਾਲ ਵਿਸਥਾਰਪੂਰਵਕ ਮੀਟਿੰਗ ਕੀਤੀ। ਮੀਟਿੰਗ ਦੌਰਾਨ ਪੰਚਾਇਤਾਂ ਦੀ ਬਹਾਲੀ ਨਾਲ ਜੁੜੇ ਮਸਲਿਆਂ ’ਤੇ ਗੰਭੀਰ ਚਰਚਾ ਕੀਤੀ ਗਈ। ਏਡੀਸੀ ਬਰਨਾਲਾ ਨੇ ਜਥੇਬੰਦੀ ਅਤੇ ਪੰਚਾਇਤ ਨੁਮਾਇੰਦਿਆਂ ਨੂੰ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਇਸ ਮਾਮਲੇ ਨੂੰ ਹੱਲ ਕਰਨ ਲਈ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ ਅਤੇ ਇਸ ਸਬੰਧੀ 22 ਜੂਨ ਤੱਕ ਦਾ ਸਮਾਂ ਦਿੱਤਾ ਗਿਆ ਹੈ।
ਇਸ ਮੌਕੇ ਹਰਜੀਤ ਸਿੰਘ ਖਿਆਲੀ ਨੇ ਕਿਹਾ ਕਿ ਛੇ ਪੰਚਾਇਤਾਂ ਦੇ ਨੁਮਾਇੰਦਿਆਂ ਨੇ ਏਡੀਸੀ ਬਰਨਾਲਾ ਨਾਲ ਸਿੱਧੀ ਮੀਟਿੰਗ ਕਰਕੇ ਆਪਣਾ ਪੱਖ ਰੱਖਿਆ ਹੈ। ਉਨ੍ਹਾਂ ਕਿਹਾ ਕਿ ਏਡੀਸੀ ਵੱਲੋਂ ਮਸਲੇ ਦੇ ਹੱਲ ਦਾ ਭਰੋਸਾ ਦਿੱਤਾ ਗਿਆ ਹੈ, ਜਿਸ ਦਾ ਜਥੇਬੰਦੀ ਸਨਮਾਨ ਕਰਦੀ ਹੈ। ਪਰ ਜੇਕਰ 22 ਜੂਨ ਤੱਕ ਪੰਚਾਇਤਾਂ ਨੂੰ ਬਹਾਲ ਨਾ ਕੀਤਾ ਗਿਆ ਤਾਂ ਭਾਈ ਲਾਲੋ ਪੰਜਾਬੀ ਮੰਚ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਪੱਕਾ ਮੋਰਚਾ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਚਾਇਤਾਂ ਦੀ ਬਹਾਲੀ ਲੋਕਾਂ ਦੀ ਮੰਗ ਹੈ ਅਤੇ ਇਸ ਮਸਲੇ ਦੇ ਹੱਲ ਤੱਕ ਜਥੇਬੰਦੀ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਹਰਦੀਪ ਸਿੰਘ ਚੂੰਘਾ,ਅਮਨਦੀਪ ਕੌਰ ਧਨੇਰ,ਦਰਸ਼ਨ ਸਿੰਘ ਭੱਦਲਵੱਢ,ਪੰਚ ਬਹਾਦਰ ਸਿੰਘ ਨਈਵਾਲਾ ਹਾਜ਼ਰ ਸਨ।