ਵਿਸ਼ਵ ਕੈਂਸਰ ਜਾਗਰੂਕਤਾ ਦਿਵਸ ਮੌਕੇ ਲਾਇਆ ਕੈਂਪ
ਵਿਸ਼ਵ ਕੈਂਸਰ ਜਾਗਰੂਕਤਾ ਦਿਵਸ ਮੌਕੇ ਪਿੰਡਾਂ ’ਚ ਲਗਾਏ ਜਾਗਰੂਕਤਾ ਕੈਂਪ
Publish Date: Wed, 04 Feb 2026 04:03 PM (IST)
Updated Date: Wed, 04 Feb 2026 04:05 PM (IST)

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ ਮਹਿਲ ਕਲਾਂ : ਸਿਵਲ ਸਰਜਨ ਬਰਨਾਲਾ ਡਾ. ਹਰੀਪਾਲ ਸਿੰਘ ਦੇ ਨਿਰਦੇਸ਼ਾਂ ਅਤੇ ਸੀਐੱਚਸੀ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਰਤੇਜਿੰਦਰ ਕੌਰ ਦੀ ਅਗਵਾਈ ਹੇਠ ਵਿਸ਼ਵ ਕੈਂਸਰ ਜਾਗਰੂਕਤਾ ਦਿਵਸ ਦੇ ਮੌਕੇ ਸਿਹਤ ਬਲਾਕ ਮਹਿਲ ਕਲਾਂ ਦੇ ਵੱਖ-ਵੱਖ ਪਿੰਡਾਂ ਵਿੱਚ ਜਾਗਰੂਕਤਾ ਕੈਂਪ ਲਗਾਏ ਗਏ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਰਤੇਜਿੰਦਰ ਕੌਰ ਨੇ ਦੱਸਿਆ ਕਿ ਖੋਜ ਅਨੁਸਾਰ ਪੁਰਸ਼ਾਂ ਵਿਚ ਹੈਡਨੈਕ (ਗਲੇ ਤੋਂ ਸਿਰ ਤਕ) ਅਤੇ ਔਰਤਾਂ ਵਿੱਚ ਸਰਵਾਈਕਲ ਅਤੇ ਛਾਤੀ ਦੇ ਕੈਂਸਰ ਦੇ ਮਾਮਲੇ ਜ਼ਿਆਦਾ ਪਾਏ ਜਾਂਦੇ ਹਨ। ਇਨ੍ਹਾਂ ਦਾ ਕਾਰਨ ਸ਼ਰਾਬ, ਤੰਬਾਕੂ ਆਦਿ ਦਾ ਜ਼ਿਆਦਾ ਸੇਵਨ ਜਾਂ ਖਰਾਬ ਜੀਵਨਸ਼ੈਲੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਹੀ ਸਮੇਂ ’ਤੇ ਕੈਂਸਰ ਦਾ ਪਤਾ ਲੱਗ ਜਾਵੇ ਤਾਂ 80 ਫ਼ੀਸਦੀ ਮਾਮਲਿਆਂ ਵਿੱਚ ਕੈਂਸਰ ਦਾ ਮਰੀਜ਼ ਠੀਕ ਹੋ ਸਕਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੀਈਈ ਸ਼ਿਵਾਨੀ ਨੇ ਦੱਸਿਆ ਕਿ ਇਸ ਸਾਲ ਵਿਸ਼ਵ ਕੈਂਸਰ ਦਿਵਸ ਯੂਨਾਈਟਿਡ ਬਾਈ ਯੂਨੀਕ ਥੀਮ ਤਹਿਤ ਮਨਾਇਆ ਜਾ ਰਿਹਾ ਹੈ, ਜਿਸ ਦਾ ਅਰਥ ਹੈ ਕੈਂਸਰ ਦੇ ਨਾਲ ਲੜਣ ਦਾ ਸਭ ਦਾ ਉਦੇਸ਼ ਇੱਕ ਹੈ ਪਰ ਹਰ ਮਰੀਜ਼ ਦੀ ਕਹਾਣੀ ਅਤੇ ਅਨੁਭਵ ਵੱਖ-ਵੱਖ ਹਨ। ਉਨ੍ਹਾਂ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਕੈਂਸਰ ਅੱਜ ਵਿਸ਼ਵ ਪੱਧਰ ਤੇ ਸਭ ਤੋਂ ਗੰਭੀਰ ਬਿਮਾਰੀਆਂ ਵਿੱਚੋਂ ਇੱਕ ਬਣ ਗਿਆ ਹੈ। ਕੈਂਸਰ ਦੇ ਇਲਾਜ ਲਈ ਨਵੀਆਂ ਖੋਜਾਂ ਹੋਣ ਦੇ ਬਾਵਜੂਦ ਇਸ ਦੇ ਨਿੱਤ ਨਵੇਂ ਰੂਪ ਸਾਹਮਣੇ ਆ ਰਹੇ ਹਨ ਅਤੇ ਸਮਾਜ ਦਾ ਹਰੇਕ ਤਬਕਾ ਇਸ ਤੋਂ ਪ੍ਰਭਾਵਿਤ ਹੋ ਰਿਹਾ ਹੈ।