- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧਨੇਰ–ਕਾਲਸਾਂ ਲਿੰਕ ਸੜਕ ਨੇੜੇ ਬਿਨਾਂ ਮਨਜ਼ੂਰੀ ਦਰਜਨ ਤੋਂ ਵੱਧ ਹਰੇ-ਭਰੇ ਦਰੱਖਤ ਪੁੱਟੇ

- ਬੀਡੀਪੀਓ ਮਹਿਲ ਕਲਾਂ ਵੱਲੋਂ ਗ੍ਰਾਮ ਪੰਚਾਇਤ ਧਨੇਰ ਨੂੰ ਨੋਟਿਸ ਜਾਰੀ
ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ
ਮਹਿਲ ਕਲਾਂ : ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਵਾਤਾਵਰਣ ਦੀ ਸੰਭਾਲ ਅਤੇ ਹਰਿਆਵਲੀ ਵਧਾਉਣ ਲਈ ਕਰੋੜਾਂ ਰੁਪਏ ਖ਼ਰਚ ਕਰ ਕੇ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਪਰ ਇਸ ਦੇ ਬਾਵਜੂਦ ਕਈ ਥਾਵਾਂ ’ਤੇ ਬੇਪ੍ਰਵਾਹੀ ਅਤੇ ਸਵਾਰਥੀ ਸੋਚ ਕਾਰਨ ਵਾਤਾਵਰਣ ਨੂੰ ਭਾਰੀ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਅਹਿਜਾ ਇੱਕ ਮਾਮਲਾ ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਧਨੇਰ ਵਿੱਚ ਸਾਹਮਣੇ ਆਇਆ ਹੈ, ਜਿੱਥੇ ਧਨੇਰ-ਕਾਲਸਾਂ ਲਿੰਕ ਸੜਕ ਨਾਲ ਲੱਗਦੀ ਮੁਸਲਮਾਨ ਭਾਈਚਾਰੇ ਦੇ ਕਬਰਸਤਾਨ ਦੀ ਜਗ੍ਹਾ ਵਿਚੋਂ ਬਿਨਾਂ ਕਿਸੇ ਸਰਕਾਰੀ ਮਨਜ਼ੂਰੀ ਦੇ ਦਰਜਨ ਤੋਂ ਵੱਧ ਹਰੇ-ਭਰੇ ਦਰੱਖਤ ਪੁੱਟ ਦਿੱਤੇ ਗਏ। ਇਸ ਘਟਨਾ ਖ਼ਿਲਾਫ਼ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਿੰਡ ਵਾਸੀ ਤੇਜਿੰਦਰ ਸਿੰਘ, ਲਖਵੀਰ ਸਿੰਘ, ਰਵਿੰਦਰ ਸਿੰਘ ਅਤੇ ਗੁਰਮੀਤ ਸਿੰਘ ਨੇ ਦੱਸਿਆ ਕਿ ਜਿਸ ਜਗ੍ਹਾ ’ਤੇ ਦਰੱਖਤ ਪੁੱਟੇ ਗਏ ਹਨ, ਉਹ ਸਰਕਾਰੀ ਅਤੇ ਪੰਚਾਇਤੀ ਅਧੀਨ ਆਉਂਦੀ ਹੈ ਅਤੇ ਇੱਥੇ ਖੜ੍ਹੇ ਦਰੱਖਤ ਵੀ ਸਰਕਾਰੀ ਸੰਪਤੀ ਹਨ। ਉਨ੍ਹਾਂ ਦੋਸ਼ ਲਾਇਆ ਕਿ ਗ੍ਰਾਮ ਪੰਚਾਇਤ ਦੀ ਲਾਪਰਵਾਹੀ ਜਾਂ ਮਿਲੀਭੁਗਤ ਨਾਲ ਇਹ ਦਰੱਖਤ ਗੈਰ-ਕਾਨੂੰਨੀ ਤਰੀਕੇ ਨਾਲ ਪੁੱਟੇ ਗਏ ਹਨ ਅਤੇ ਕੁਝ ਦਰੱਖਤ ਅੱਗੇ ਵੇਚੇ ਜਾਣ ਦੀ ਵੀ ਜਾਣਕਾਰੀ ਮਿਲੀ ਹੈ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਪਿੰਡ ਵਾਸੀਆਂ ਵੱਲੋਂ 2 ਫਰਵਰੀ ਨੂੰ ਬੀਡੀਪੀਓ ਮਹਿਲ ਕਲਾਂ ਨੂੰ ਲਿਖਤੀ ਸ਼ਿਕਾਇਤ ਸੌਂਪੀ ਗਈ।
ਸ਼ਿਕਾਇਤ ਮਿਲਣ ਤੋਂ ਬਾਅਦ ਵਿਭਾਗੀ ਅਧਿਕਾਰੀਆਂ ਵੱਲੋਂ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ। ਇਸ ਸਬੰਧੀ ਜਦੋਂ ਬੀਡੀਪੀਓ ਮਹਿਲ ਕਲਾਂ ਬਨਦੀਪ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਰੱਖਤ ਪੁੱਟੇ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜਾਂਚ ਦੌਰਾਨ ਇਹ ਗੱਲ ਸਹੀ ਪਾਈ ਗਈ ਹੈ ਕਿ ਉਕਤ ਜਗ੍ਹਾ ਪੰਚਾਇਤੀ ਅਧੀਨ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਗ੍ਰਾਮ ਪੰਚਾਇਤ ਧਨੇਰ ਨੂੰ ਨੋਟਿਸ ਜਾਰੀ ਕਰਕੇ ਦੋ ਦਿਨਾਂ ਦੇ ਅੰਦਰ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਗਿਆ ਹੈ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਸਰਪੰਚ ਅਮਨਦੀਪ ਕੌਰ ਦੇ ਪਤੀ ਜਸਪਾਲ ਸਿੰਘ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਗ੍ਰਾਮ ਪੰਚਾਇਤ ਨੂੰ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਦਰੱਖਤ ਕਬਰਸਤਾਨ ਕਮੇਟੀ ਵੱਲੋਂ ਪੁੱਟੇ ਗਏ ਹਨ। ਮੌਕੇ ’ਤੇ ਹਾਜ਼ਰ ਪਿੰਡ ਵਾਸੀਆਂ ਜਸਵੀਰ ਸਿੰਘ, ਕੁਲਵੀਰ ਸਿੰਘ, ਅਮਨਦੀਪ ਸਿੰਘ, ਦਰਸ਼ਨ ਸਿੰਘ, ਗੁਰਮੁਖ ਸਿੰਘ ਖ਼ਾਲਸਾ ਸਮੇਤ ਹੋਰਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਵਾਤਾਵਰਣ ਨਾਲ ਖਿਲਵਾੜ ਕਰਨ ਵਾਲੇ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਕਰ ਕੇ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਹੋਣ।