- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਨਿਸਟ੍ਰੀਅਲ ਮੁਲਾਜਮਾਂ ਵੱਲੋਂ ਵਿਆਪਕ ਰੋਸ ਅਤੇ ਚਿਤਾਵਨੀ ਪੱਤਰ ਦੇਣ ਦਾ ਐਲਾਨ: ਤਰਸੇਮ ਭੱਠਲ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ਚਾਰ ਸਾਲ ਬੀਤ ਜਾਣ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾਂ ਦੀ ਕੋਈ ਸਾਰ ਨਹੀਂ ਲਈ ਗਈ, ਬਲਕਿ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਕਿਰਦਾਰਕੁਸ਼ੀ ਕੀਤੀ ਗਈ ਹੈ। ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦਰ ਕੇਜਰੀਵਾਲ ਅਤੇ ਪੰਜਾਬ ਪ੍ਰਧਾਨ ਭਗਵੰਤ ਮਾਨ ਸਮੇਤ ਵਿਧਾਇਕ ਹਰਪਾਲ ਚੀਮਾ ਨੇ ਬਹੁਤ ਵੱਡੇ-ਵੱਡੇ ਵਾਅਦੇ ਕੀਤੇ ਸਨ। ਪੰਜਾਬ ਸਟੇਟ ਮਨਿਸਟ੍ਰੀਅਲ ਸਰਵਿਸ ਯੂਨੀਅਨ ਦੀ ਸੂਬਾ ਬਾਡੀ ਵੱਲੋਂ ਹੁਣ ਫੈਸਲਾ ਲਿਆ ਗਿਆ ਹੈ ਕਿ ਅਗਲੇ ਦਿਨਾਂ ’ਚ ਸਰਕਾਰ ਵਿਰੁੱਧ ਵੱਡੇ ਸੰਘਰਸ਼ ਉਲੀਕੇ ਜਾਣਗੇ, ਜਿਸ ਤਹਿਤ 4 ਫਰਵਰੀ ਤਕ ਪੰਜਾਬ ਦੇ ਸਾਰੇ 117 ਹਲਕਾ ਵਿਧਾਇਕਾਂ, 13 ਲੋਕ ਸਭਾ ਮੈਂਬਰਾਂ ਅਤੇ 7 ਰਾਜ ਸਭਾ ਮੈਂਬਰਾਂ ਅਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨਾਂ ਨੂੰ ਵਿਆਪਕ ਰੋਸ ਪੱਤਰ ਦੇ ਨਾਲ-ਨਾਲ ਚਿਤਾਵਨੀ ਪੱਤਰ ਦਿੱਤੇ ਜਾਣਗੇ। 5 ਅਤੇ 6 ਫਰਵਰੀ ਨੂੰ ਪੰਜਾਬ ਭਰ ਵਿੱਚ ਸਮੂਹ ਕਲੈਰੀਕਲ ਕਾਮੇ ਕਾਲੇ ਬਿੱਲੇ ਲਗਾ ਕੇ ਸਰਕਾਰ ਵਿਰੁੱਧ ਰੋਸ ਪ੍ਰਗਟਾਵਾ ਕਰਨਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਤਰਸੇਮ ਭੱਠਲ, ਸੂਬਾ ਜਨਰਲ ਸਕੱਤਰ, ਪੀਐੱਸਐੱਮਐੱਸਯੂ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਹਾਲੇ ਵੀ ਉਨ੍ਹਾਂ ਦੀ ਗੱਲ ਨਾ ਸੁਣੀ ਗਈ ਤਾਂ 7 ਫਰਵਰੀ ਨੂੰ ਜਲੰਧਰ ਵਿਖੇ ਸੂਬਾਈ ਪੱਧਰੀ ਮੀਟਿੰਗ ਕਰ ਕੇ ਬਜਟ ਸੈਸ਼ਨ ਨੂੰ ਮੁੱਖ ਰੱਖਦਿਆਂ ਤਿੱਖੇ ਸੰਘਰਸ਼ ਦੇ ਐਲਾਨ ਕੀਤੇ ਜਾਣਗੇ।
ਇਸ ਮੌਕੇ ਰਵਿੰਦਰ ਸ਼ਰਮਾ, ਜਨਰਲ ਸਕੱਤਰ ਅਤੇ ਨਿਰਮਲਜੀਤ ਸਿੰਘ ਚਾਨੇ ਸੀਨੀਅਰ ਮੀਤ ਪ੍ਰਧਾਨ ਨੇ ਕਿਹਾ ਕਿ ਜ਼ਿਲ੍ਹਾ ਬਰਨਾਲਾ ਅੰਦਰ ਪੈਂਦੇ ਤਿੰਨੇ ਵਿਧਾਨ ਸਭਾ ਮੈਂਬਰਾਂ, ਇੱਕ ਲੋਕ ਸਭਾ ਮੈਂਬਰ ਅਤੇ ਇੱਕ ਰਾਜ ਸਭਾ ਮੈਂਬਰ ਨੂੰ ਜਥੇਬੰਦੀ ਵੱਲੋਂ ਲਏ ਗਏ ਫੈਸਲੇ ਨੂੰ ਲਾਗੂ ਕਰਦਿਆਂ ਬਰਨਾਲਾ ਦੇ ਸਮੂਹ ਕਲੈਰੀਕਲ ਕਾਮਿਆਂ ਨੂੰ ਨਾਲ ਲੈ ਕੇ ਵਿਆਪਕ ਰੋਸ ਪੱਤਰ ਅਤੇ ਚਿਤਾਵਨੀ ਪੱਤਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਕੀਤਾ ਗਿਆ। ਪੁਰਾਣੀ ਪੈਨਸ਼ਨ ਸਕੀਮ ਦਾ ਸਿਰਫ ਅਧੂਰਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ, ਜਿਸ ਨੂੰ ਸਰਕਾਰ ਹੁਣ ਲਾਗੂ ਕਰਨ ਤੋਂ ਮੁਕਰ ਰਹੀ ਹੈ, ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨਾਲੋਂ ਵਿਤਕਰਾ ਕਰਦਿਆਂ ਉਨ੍ਹਾਂ ਨੂੰ 16% ਘੱਟ ਡੀਏ ਦਿੱਤਾ ਜਾ ਰਿਹਾ ਹੈ, 6ਵੇਂ ਵਿੱਤ ਕਮਿਸ਼ਨ ਦੀਆਂ ਅਨਾਮਲੀਆਂ 4 ਸਾਲ ਬੀਤ ਜਾਣ ਦੇ ਬਾਵਜੂਦ ਦੂਰ ਨਹੀਂ ਕੀਤੀਆਂ ਗਈਆਂ, ਪੇ ਕਮਿਸ਼ਨ ਦਾ ਏਰੀਅਰ ਟੁਕੜਿਆਂ ’ਚ ਵੰਡ ਦਿੱਤਾ ਹੈ, 04-09-14 ਸਬੰਧੀ ਏਸੀਪੀ ਦਾ ਪੱਤਰ ਜਾਰੀ ਨਹੀਂ ਕੀਤਾ ਗਿਆ। ਇੱਥੋਂ ਤਕ ਕਿ ਪੁਰਾਣੀਆਂ ਸਰਕਾਰਾਂ ਵੱਲੋਂ ਮੁਲਾਜ਼ਮਾਂ ’ਤੇ ਲਗਾਇਆ ਗਿਆ 200/- ਰੁਪਏ ਪ੍ਰਤੀ ਮਹੀਨਾ ਵਿਕਾਸ ਟੈਕਸ ਵੀ ਮੌਜੂਦਾ ਸਰਕਾਰ ਵਾਪਸ ਨਹੀਂ ਲੈ ਸਕੀ। ਪੰਜਾਬ ਸਰਕਾਰ ਨੇ 17-07-20 ਤੋਂ ਕੇਂਦਰੀ ਤਨਖਾਹ ਕਮਿਸ਼ਨ ਲਾਗੂ ਕਰ ਕੇ ਨੌਜਵਾਨ ਪੀੜ੍ਹੀ ਦਾ ਭਾਰੀ ਨੁਕਸਾਨ ਕਰ ਦਿੱਤਾ ਹੈ, ਜਿਸ ਕਰ ਕੇ ਨੌਜਵਾਨ ਸਰਕਾਰੀ ਰੁਜ਼ਗਾਰ ਵੱਲੋਂ ਮੂੰਹ ਮੋੜ ਕੇ ਵਿਦੇਸ਼ਾਂ ਨੂੰ ਪਲਾਇਨ ਕਰ ਰਹੇ ਹਨ। ਇਸ ਮੌਕੇ ਮੱਖਣ ਸਿੰਘ ਵਿੱਤ ਸਕੱਤਰ, ਵਿੱਕੀ ਡਾਬਲਾ ਜਨਰਲ ਸਕੱਤਰ ਡੀਸੀ ਦਫਤਰ, ਸੁਖਜੀਤ ਸਿੰਘ ਸੰਧੂ ਪ੍ਰੈੱਸ ਸਕੱਤਰ, ਮਨਜਿੰਦਰ ਸਿੰਘ ਔਲਖ ਸੀਨੀਅਰ ਮੀਤ ਪ੍ਰਧਾਨ, ਸ਼ਿਵਇੰਦਰ ਸਿੰਘ ਪਸ਼ੂ ਪਾਲਣ ਵਿਭਾਗ ਬਰਨਾਲਾ, ਗੁਰਪ੍ਰੀਤ ਸਿੰਘ ਜ਼ਿਲ੍ਹਾ ਖਜ਼ਾਨਾ ਦਫ਼ਤਰ ਬਰਨਾਲਾ, ਗੁਰਜੀਤ ਸਿੰਘ, ਨਰਪਿੰਦਰਪਾਲ ਸਿੰਘ, ਰਜਨੀਸ਼ ਕੁਮਾਰ, ਜੁਨਿੰਦਰ ਜੋਸ਼ੀ ਅਤੇ ਸਮੂਹ ਡੀਏਸੀ ਕੰਪਲੈਕਸ ਦੇ ਕਰਮਚਾਰੀ ਆਦਿ ਹਾਜ਼ਰ ਸਨ।