- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੌਂਸਲਰਾਂ ਦੀ ਮੀਟਿੰਗ ਤੋਂ ਬਾਅਦ ਬਰਨਾਲਾ ’ਚ ਮੇਅਰ ਦੀ ਕੁਰਸੀ ’ਤੇ ਲੱਗੀ ਮੋਹਰ

- 35 ਕੌਂਸਲਰਾਂ ਨੇ ਜਤਾਈ ਹਾਮੀ, ਸਾਬਕਾ ਪ੍ਰਧਾਨ ਗੁਰਜੀਤ ਰਾਮਣਵਾਸੀਆ ਦੀ ਗੈਰ ਹਾਜ਼ਰੀ ਰੜਕੀ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ਨਗਰ ਨਿਗਮ ਬਰਨਾਲਾ ਦੇ ਪਹਿਲੇ ਮੇਅਰ ਦੀ ਚੋਣ ਤੋਂ ਠੀਕ ਇੱਕ ਦਿਨ ਪਹਿਲਾਂ ਆਮ ਆਦਮੀ ਪਾਰਟੀ ਨੇ ਵੱਡਾ ਸਿਆਸੀ ਧਮਾਕਾ ਕਰਦਿਆਂ ਆਪਣੇ ਪੱਤੇ ਖੋਲ੍ਹ ਦਿੱਤੇ ਹਨ। ‘ਐਲਟਜ ਪਾਮ' ਵਿਖੇ ਹੋਈ ਪਾਰਟੀ ਕੌਂਸਲਰਾਂ ਦੀ ਇੱਕ ਹਾਈ-ਪ੍ਰੋਫਾਈਲ ਤੇ ਗੁਪਤ ਮੀਟਿੰਗ ਦੌਰਾਨ, ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਮੇਅਰ ਦੇ ਉਮੀਦਵਾਰ ਦੇ ਨਾਮ ਦਾ ਅਧਿਕਾਰਿਤ ਐਲਾਨ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ। ਵਾਰਡ ਨੰਬਰ 44 ਤੋਂ ਜਿੱਤੇ ਨੌਜਵਾਨ ‘ਆਪ’ ਕੌਂਸਲਰ ਹਸਨਪ੍ਰੀਤ ਭਾਰਦਵਾਜ ਹੁਣ ਬਰਨਾਲਾ ਨਗਰ ਨਿਗਮ ਦੇ ਪਹਿਲੇ ਮੇਅਰ ਹੋਣਗੇ। ਮੀਤ ਹੇਅਰ ਦੇ ਐਲਾਨ ਨਾਲ ਮੇਅਰ ਦੇ ਅਹੁਦੇ ਲਈ ਗੋਟੀਆਂ ਫਿੱਟ ਕਰਨ ਲਈ ਜੱਦੋਜਹਿਦ ਕਰ ਰਹੇ ਐਡਵੋਕੇਟ ਰਾਜੀਵ ਲੂਬੀ, ਪਰਮਜੀਤ ਸਿੰਘ ਢਿੱਲੋਂ, ਧਰਮਪਾਲ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਿਆ ਹੈ। ਜਦੋਂ ਮੀਤ ਹੇਅਰ ਨੇ ਮੇਅਰ ਦਾ ਨਾਮ ਐਲਾਨਿਆ ਤਾਂ ਪ੍ਰਮੁੱਖ ਦਾਅਵੇਦਾਰਾਂ ਦੇ ਚਿਹਰੇ ਮੁਰਝਾ ਗਏ। ਇਸ ਅਹਿਮ ਮੀਟਿੰਗ ’ਚ ਪਾਰਟੀ ਦੇ 35 ਕੌਂਸਲਰਾਂ ਨੇ ਸ਼ਿਰਕਤ ਕੀਤੀ ਤੇ ਮੀਤ ਹੇਅਰ ਵੱਲੋਂ ਲਏ ਗਏ ਫੈਸਲੇ 'ਤੇ ਇੱਕਜੁੱਟਤਾ ਦਿਖਾਉਂਦਿਆਂ ਭਾਰਦਵਾਜ ਦੇ ਨਾਮ ’ਤੇ ਸਹਿਮਤੀ ਦੀ ਮੋਹਰ ਲਗਾ ਦਿੱਤੀ। ਸਾਰੇ ਕੌਂਸਲਰਾਂ ਨੇ ਹਸਨਪ੍ਰੀਤ ਭਾਰਦਵਾਜ ਨੂੰ ਵਧਾਈਆਂ ਦਿੱਤੀਆਂ। ਸਾਰੇ ਕੌਂਸਲਰਾਂ ਨੇ ਹਸਨਪ੍ਰੀਤ ਭਾਰਦਵਾਜ ਨੂੰ ਵਧਾਈਆਂ ਦਿੱਤੀਆਂ। ਪਰ ਇਸ ਦੌਰਾਨ ਸਭ ਦੀਆਂ ਨਜ਼ਰਾਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੂੰ ਲੱਭਦੀਆਂ ਰਹੀਆਂ, ਜੋ ਇਸ ਮੀਟਿੰਗ ’ਚੋਂ ਗ਼ੈਰਹਾਜ਼ਰ ਰਹੇ। ਸਿਆਸੀ ਗਲਿਆਰਿਆਂ ’ਚ ਰਾਮਣਵਾਸੀਆ ਦੀ ਗ਼ੈਰਹਾਜ਼ਰੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਾਨਾਫੂਸੀਆਂ ਤੇ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ। ਮੀਟਿੰਗ ’ਚ ਦੱਸਿਆ ਗਿਆ ਕਿ ਗੁਰਜੀਤ ਸਿੰਘ ਰਾਮਣਵਾਸੀਆ ਪਾਰਟੀ ਦੇ ਨਾਲ ਪੂਰੀ ਚੱਟਾਨ ਵਾਂਗ ਖੜ੍ਹੇ ਹਨ। ਉਹ ਕਿਸੇ ਬਹੁਤ ਹੀ ਜ਼ਰੂਰੀ ਰੁਝੇਵੇਂ ਕਾਰਨ ਸ਼ਹਿਰ ਤੋਂ ਬਾਹਰ ਹੋਣ ਕਰਕੇ ਇਸ ਮੀਟਿੰਗ ’ਚ ਨਹੀਂ ਪਹੁੰਚ ਸਕੇ, ਇਸ ਲਈ ਕਿਸੇ ਵੀ ਤਰ੍ਹਾਂ ਦੀ ਬਗਾਵਤ ਜਾਂ ਨਾਰਾਜ਼ਗੀ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ।
ਭਲਕੇ 3 ਵਜੇ ਲੱਗੇਗੀ ਅਧਿਕਾਰਿਤ ਮੋਹਰ : ਮੇਅਰ ਦੇ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਹਸਨਪ੍ਰੀਤ ਭਾਰਦਵਾਜ ਨੇ ਮੁੱਖ ਮੰਤਰੀ ਭਗਵੰਤ ਮਾਨ, ਐੱਮਪੀ ਮੀਤ ਹੇਅਰ ਅਤੇ ਸਾਰੇ ਸਾਥੀ ਕੌਂਸਲਰਾਂ ਦਾ ਇਸ ਵੱਡੀ ਜ਼ਿੰਮੇਵਾਰੀ ਲਈ ਦਿਲੋਂ ਧੰਨਵਾਦ ਕੀਤਾ। ਹੁਣ ਸ਼ਹਿਰ ਵਾਸੀਆਂ ਦੀਆਂ ਨਜ਼ਰਾਂ ਭਲਕੇ 11 ਜੂਨ ਨੂੰ ਦੁਪਹਿਰ 3 ਵਜੇ ਹੋਣ ਵਾਲੀ ਕੌਂਸਲਰਾਂ ਦੀ ਅਧਿਕਾਰਿਤ ਮੀਟਿੰਗ ’ਤੇ ਟਿਕੀਆਂ ਹੋਈਆਂ ਹਨ, ਜਿੱਥੇ ਹਸਨਪ੍ਰੀਤ ਭਾਰਦਵਾਜ ਦੇ ਸਿਰ ਬਰਨਾਲਾ ਦੇ ਪਹਿਲੇ ਮੇਅਰ ਦਾ ਇਤਿਹਾਸਕ ਤਾਜ਼ ਸਜਣਾ ਸਿਰਫ਼ ਇੱਕ ਰਸਮੀ ਕਾਰਵਾਈ (ਮੋਹਰ ਲੱਗਣਾ) ਹੀ ਬਾਕੀ ਰਹਿ ਗਿਆ ਹੈ। ਜਿਸ ਤੋਂ ਬਰਨਾਲਾ ਨਗਰ ਨੂੰ ਨਵਾ ਮੇਅਰ ਮਿਲ ਜਾਵੇਗਾ ਤੇ ਬਰਨਾਲਾ ਦੀ ਨੁਹਾਰ ਬਦਲਣ ਦੀ ਉਮੀਦ ਲੋਕਾਂ ’ਚ ਕਾਇਮ ਹੈ।