ਵੱਖ-ਵੱਖ ਆਯੂਸ਼ਮਾਨ ਅਰੋਗਿਆ ਕੇਂਦਰਾਂ ’ਚ ਮਮਤਾ ਦਿਵਸ ਮਨਾਇਆ
ਵੱਖ ਵੱਖ ਆਯੂਸ਼ਮਾਨ ਅਰੋਗਿਆ ਕੇਂਦਰਾਂ 'ਤੇ ਮਮਤਾ ਦਿਵਸ ਮਨਾਇਆ
Publish Date: Wed, 18 Mar 2026 03:18 PM (IST)
Updated Date: Wed, 18 Mar 2026 03:22 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸੀਐੱਚਸੀ ਧਨੌਲਾ ਅਤੇ ਇਸ ਦੇ ਅਧੀਨ ਵੱਖ-ਵੱਖ ਆਯੂਸ਼ਮਾਨ ਅਰੋਗਿਆ ਕੇਂਦਰਾਂ ’ਚ ਮਮਤਾ ਦਿਵਸ ਮਨਾਇਆ ਗਿਆ। ਇਸ ਦੌਰਾਨ ਬੱਚਿਆਂ ਅਤੇ ਗਰਭਵਤੀ ਔਰਤਾਂ ਦੀ ਮੁਫ਼ਤ ਸਿਹਤ ਜਾਂਚ ਅਤੇ ਟੀਕਾਕਰਨ ਕੀਤਾ ਗਿਆ। ਸੀਐੱਚਸੀ ਧਨੌਲਾ ਵਿਖੇ ਜਨਾਨਾ ਰੋਗਾਂ ਦੇ ਮਾਹਿਰ ਡਾ. ਮਨਦੀਪ ਕੌਰ ਬੱਲ ਨੇ ਦੱਸਿਆ ਕਿ ਜਣੇਪੇ ਦੌਰਾਨ ਮਾਂ ਅਤੇ ਬੱਚੇ ਦੀ ਮੌਤ ਦਰ ਨੂੰ ਸਿਫ਼ਰ ’ਤੇ ਲੈ ਕੇ ਆਉਣ ਦੇ ਉਦੇਸ਼ ਨਾਲ ਅਤੇ ਉਨ੍ਹਾਂ ਦਾ ਮਾਰੂ ਰੋਗਾਂ ਤੋਂ ਬਚਾਅ ਲਈ ਸੌ ਫ਼ੀਸਦੀ ਟੀਕਾਕਰਨ ਯਕੀਨੀ ਬਣਾਉਣ ਵਾਸਤੇ ਹਰ ਬੁੱਧਵਾਰ ਮਮਤਾ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਲੱਗਣ ਵਾਲੇ ਟੀਕੇ ਬੱਚਿਆਂ ਨੂੰ ਪੋਲੀਓ, ਕਾਲੀ ਖਾਂਸੀ, ਟੀਬੀ, ਨਮੂਨੀਆ, ਖਸਰਾ, ਰੁਬੇਲਾ, ਅੰਧਰਾਤਾ, ਹੈਪੇਟਾਈਟਸ ਬੀ, ਦਿਮਾਗੀ ਬੁਖਾਰ, ਗਲਘੋਟੂ ਅਤੇ ਟੈਟਨਸ ਵਰਗੇ ਮਾਰੂ ਰੋਗਾਂ ਤੋਂ ਸੁਰੱਖਿਆ ਪ੍ਰਦਾਨ ਕਰਦੇ ਹਨ। ਡਾ. ਬੱਲ ਨੇ ਗਰਭਵਤੀ ਔਰਤਾਂ ਨੂੰ ਆਪਣੇ ਗਰਭ ’ਚ ਪਲ ਰਹੇ ਬੱਚੇ ਅਤੇ ਆਪਣੀ ਸਿਹਤ ਦਾ ਪੂਰਾ ਖਿਆਲ ਰੱਖਣ ਅਤੇ ਆਪਣੀ ਖ਼ੁਰਾਕ ’ਚ ਹਰੀਆਂ ਸਬਜ਼ੀਆਂ ਅਤੇ ਫਲ ਸ਼ਾਮਲ ਕਰਨ ਦੀ ਸਲਾਹ ਦਿੱਤੀ ਤਾਂ ਜੋ ਜੱਚਾ-ਬੱਚਾ ਦੋਵੇਂ ਤੰਦਰੁਸਤ ਰਹਿਣ ਅਤੇ ਸਰੀਰ ’ਚ ਖੂਨ ਦੀ ਕਮੀ ਨਾ ਹੋਵੇ। ਉਨ੍ਹਾਂ ਲੋਕਾਂ ਨੂੰ ਸਰਕਾਰੀ ਸਿਹਤ ਕੇਂਦਰਾਂ ’ਤੇ ਹਰ ਹਫ਼ਤੇ ਲੱਗਣ ਵਾਲੇ ਇਨ੍ਹਾਂ ਸਿਹਤ ਜਾਂਚ ਅਤੇ ਟੀਕਾਕਰਨ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ ਤਾਂ ਜੋ ਗਰਭਵਤੀ ਔਰਤਾਂ ਤੇ ਬੱਚਿਆਂ ਦਾ ਸੌ ਫ਼ੀਸਦੀ ਟੀਕਾਕਰਨ ਯਕੀਨੀ ਬਣਾਇਆ ਜਾ ਸਕੇ।