ਮਾਨ ਸਰਕਾਰ ਨੇ ਨਹਿਰੀ ਪਾਣੀ ਦੀ ਵਰਤੋਂ 21 ਫ਼ੀਸਦੀ ਤੋਂ 70 ਫ਼ੀਸਦੀ ਕੀਤੀ : ਤਰੁਨਪ੍ਰੀਤ ਸੌਂਦ
ਮਾਨ ਸਰਕਾਰ ਨੇ ਨਹਿਰੀ ਪਾਣੀ ਦੀ ਵਰਤੋਂ 21 ਫੀਸਦੀ ਤੋਂ 70 ਫੀਸਦੀ ਕੀਤੀ: ਤਰੁਨਪ੍ਰੀਤ ਸੌਂਦ
Publish Date: Wed, 25 Mar 2026 08:43 PM (IST)
Updated Date: Wed, 25 Mar 2026 08:47 PM (IST)

- ਪੰਚਾਇਤ ਮੰਤਰੀ ਵੱਲੋਂ ਮਹਾਨ ਸ਼ਹੀਦ ਰਹਿਮਤ ਅਲੀ ਨੂੰ ਸ਼ਰਧਾਂਜਲੀ ਭੇਟ - ਵਜੀਦਕੇ ਖੁਰਦ ਤੇ ਵਜੀਕਦੇ ਕਲਾਂ ਲਈ 10 ਲੱਖ ਰੁਪਏ ਦੇ ਫੰਡਾਂ ਦਾ ਐਲਾਨ ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ ਮਹਿਲ ਕਲਾਂ : ਗ਼ਦਰ ਲਹਿਰ ਦੇ ਮਹਾਨ ਸ਼ਹੀਦ ਰਹਿਮਤ ਅਲੀ ਦੀ ਮਹਾਨ ਸ਼ਹਾਦਤ ਨੂੰ ਪੰਜਾਬ ਸਰਕਾਰ ਸਿਜਦਾ ਕਰਦੀ ਹੈ। ਸ਼ਹੀਦਾਂ ਦੀ ਬਦੌਲਤ ਅਸੀਂ ਅੱਜ ਆਜ਼ਾਦ ਫਿਜ਼ਾ ਵਿਚ ਸਾਹ ਲੈ ਰਹੇ ਹਾਂ, ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲਿਆਂ ਵਿਚ ਪੰਜਾਬੀ ਮੋਹਰੀ ਸਨ ਤੇ 90 ਫ਼ੀਸਦੀ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ। ਇਹ ਪ੍ਰਗਟਾਵਾ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸ਼ਹੀਦ ਰਹਿਮਤ ਅਲੀ ਮੈਮੋਰੀਅਲ ਸਰਕਾਰੀ ਹਾਈ ਸਕੂਲ ਵਜੀਦਕੇ ਖੁਰਦ ਵਿੱਚ ਸ਼ਹੀਦ ਰਹਿਮਤ ਅਲੀ ਦੇ ਸ਼ਰਧਾਂਜਲੀ ਸਮਾਗਮ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਪਿੰਡ ਵਜੀਦਕੇ ਕਲਾਂ ਅਤੇ ਵਜੀਦਕੇ ਖੁਰਦ ਦੇ ਵਿਕਾਸ ਕਾਰਜਾਂ ਨੂੰ ਹੁਲਾਰਾ ਦੇਣ ਲਈ 10 ਲੱਖ ਰੁਪਏ ਵਿਸ਼ੇਸ਼ ਅਧਿਕਾਰ ਫੰਡਾਂ ਵਿਚੋਂ ਦੇਣ ਦਾ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ 4 ਸਾਲਾਂ ਵਿਚ ਜਿੱਥੇ ਕਰੋੜਾਂ ਦੇ ਵਿਕਾਸ ਕਾਰਜ ਕਰਵਾਏ ਹਨ ਉੱਥੇ ਕਈ ਭਲਾਈ ਸਕੀਮਾਂ ਵੀ ਲਿਆਂਦੀਆਂ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਹਿਲੇ ਸਾਲ ਹੀ ਨਹਿਰੀ ਪਾਣੀ ਖੇਤ ਖੇਤ ਪਹੁੰਚਾਉਣ ਦੇ ਉਪਰਾਲੇ ਕੀਤੇ। ਨਹਿਰਾਂ, ਖਾਲਾਂ, ਮਾਈਨਰਾਂ, ਪਾਈਪਲਾਈਨਾਂ ਦੇ ਕਰੋੜਾਂ ਦੇ ਪ੍ਰਾਜੈਕਟ ਲਿਆਂਦੇ ਗਏ, ਜਿਸ ਸਦਕਾ ਨਹਿਰੀ ਪਾਣੀ ਦੀ ਵਰਤੋਂ 21 ਤੋਂ 70 ਫ਼ੀਸਦੀ ਹੋ ਗਈ। ਸੌਂਦ ਨੇ ਵਿਰੋਧੀਆਂ ’ਤੇ ਵਾਰ ਕਰਦਿਆਂ ਕਿਹਾ ਕਿ ਜਿਹੜੇ ਆਪਣੇ ਆਪ ਨੂੰ ਪਾਣੀਆਂ ਦੇ ਰਾਖੇ ਕਹਾਉਂਦੇ ਹਨ, ਉਨ੍ਹਾਂ ਨੇ ਪੰਜਾਬ ਦੇ ਪਾਣੀਆਂ ਦੀ ਲੁੱਟ ਕਰਵਾਈ, ਜਦਕਿ ਮਾਨ ਸਰਕਾਰ ਨੇ ਨਹਿਰੀ ਪਾਣੀ ਵਰਤੋਂ ਵਿਚ ਲਿਆ ਕੇ ਪਾਣੀਆਂ ਦੇ ਰਾਖੇ ਹੋਣ ਦਾ ਸਬੂਤ ਦਿੱਤਾ। ਕੇਂਦਰ ਸਰਕਾਰਾਂ ਨੇ ਵੀ ਪੰਜਾਬ ਨਾਲ ਹਮੇਸ਼ਾ ਮਤਰੇਆ ਸਲੂਕ ਕੀਤਾ, ਜਦਕਿ ਪੰਜਾਬ ਨੇ ਪੂਰੇ ਦੇਸ਼ ਦੇ ਅਨਾਜ ਭੰਡਾਰ ਵਿਚ ਯੋਗਦਾਨ ਪਾ ਕੇ ਦੇਸ਼ ਦਾ ਢਿੱਡ ਭਰਿਆ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਸਿੱਖਿਆ ਅਤੇ ਸਿਹਤ ਖੇਤਰ ਵਿਚ ਕ੍ਰਾਂਤੀਕਾਰੀ ਕੰਮ ਕੀਤੇ ਹਨ। ਵਿਧਾਇਕ ਮਹਿਲ ਕਲਾਂ ਅਤੇ ਚੇਅਰਮੈਨ ਵਿਸ਼ੇਸ਼ ਅਧਿਕਾਰ ਕਮੇਟੀ ਪੰਜਾਬ ਵਿਧਾਨ ਸਭਾ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਿਜਦਾ ਕਰਨ ਦਾ ਇਹ ਪਿੰਡ ਵਾਸੀਆਂ ਦਾ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਆਪਣੇ ਬੱਚਿਆਂ ਨੂੰ ਮਹਾਨ ਸ਼ਹੀਦਾਂ ਦੀ ਵਿਰਾਸਤ ਤੋਂ ਜਾਣੂ ਕਰਵਾਉਣਾ ਅੱਜ ਦੀ ਵੱਡੀ ਲੋੜ ਹੈ। ਇਸ ਮੌਕੇ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਰਹਿਮਤ ਅਲੀ ਜੀ ਨੇ ਆਜ਼ਾਦੀ ਲਈ ਸ਼ਹਾਦਤ ਦਾ ਜਾਮ ਪੀਤਾ। ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਪਰਮਿੰਦਰ ਸਿੰਘ ਭੰਗੂ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸੁਨੀਤਇੰਦਰ ਸਿੰਘ, ਸਕੂਲ ਮੁਖੀ ਜਸਵਿੰਦਰ ਸਿੰਘ, ਰਘਬੀਰ ਸਿੰਘ ਹੈੱਡ ਟੀਚਰ, ਦਾਰਾ ਸਿੰਘ ਫ਼ੌਜੀ, ਅਮਨਦੀਪ ਸਿੰਘ ਗੋਲਡੀ, ਕੁਲਵਿੰਦਰ ਸਿੰਘ, ਬਲਤੇਜ ਸਿੰਘ ਬਾਜਵਾ, ਕਲੱਬ ਪ੍ਰਧਾਨ ਸਮਿੰਦਰ ਸਿੰਘ, ਰਾਮ ਸਿੰਘ, ਜਗਰਾਜ ਸਿੰਘ, ਮਨਦੀਪ ਸਿੰਘ ਗੋਲੀ, ਕੁਲਵਿੰਦਰ ਸਿੰਘ ਕਿੰਦਾ, ਸਾਹਿਬ ਸਿੰਘ ਪੱਪੂ, ਅਮਰਜੀਤ ਸਿੰਘ ਸਮਰਾ, ਨੰਬਰਦਾਰ ਰਣਜੀਤ ਸਿੰਘ ਗਿੱਲ ਆਦਿ ਹਾਜ਼ਰ ਸਨ।