ਕਿਸਾਨਾਂ ਲਈ ‘ਫਾਰਮਰ ਰਜਿਸਟਰੀ’ ਕਰਵਾਉਣਾ ਲਾਜ਼ਮੀ : ਮੁੱਖ ਖੇਤੀਬਾੜੀ ਅਫ਼ਸਰ
ਜ਼ਿਲ੍ਹਾ ਬਰਨਾਲਾ ਦੇ ਕਿਸਾਨਾਂ ਲਈ 'ਫਾਰਮਰ ਰਜਿਸਟਰੀ' ਕਰਵਾਉਣਾ ਲਾਜ਼ਮੀ: ਮੁੱਖ ਖੇਤੀਬਾੜੀ ਅਫ਼ਸਰ
Publish Date: Wed, 18 Mar 2026 06:39 PM (IST)
Updated Date: Wed, 18 Mar 2026 06:40 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਰਨਾਲਾ ਵੱਲੋਂ ਪੀਐੱਮ ਕਿਸਾਨ ਸਨਮਾਨ ਨਿਧੀ ਅਤੇ ਹੋਰ ਵਿਭਾਗੀ ਸਕੀਮਾਂ ਦਾ ਲਾਭ ਲੈਣ ਲਈ ਕਿਸਾਨਾਂ ਨੂੰ ‘ਫਾਰਮਰ ਰਜਿਸਟਰੀ’ ਕਰਵਾਉਣ ਦੀ ਅਪੀਲ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ, ਬਰਨਾਲਾ ਡਾ. ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੁਣ ਹਰ ਕਿਸਾਨ ਲਈ ‘ਐਗਰੀਸਟੈਕ ਪੋਰਟਲ’ ’ਤੇ ਰਜਿਸਟਰ ਹੋਣਾ ਅਤੇ ਆਪਣੀ ਵਿਲੱਖਣ ਫਾਰਮਰ ਆਈਡੀ ਬਣਾਉਣਾ ਲਾਜ਼ਮੀ ਹੋਵੇਗਾ। ਡਾ. ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਫਾਰਮਰ ਰਜਿਸਟਰੀ ਦਾ ਮੁੱਖ ਮਕਸਦ ਕਿਸਾਨਾਂ ਦਾ ਇੱਕ ਕੇਂਦਰਿਤ ਡਾਟਾਬੇਸ ਤਿਆਰ ਕਰਨਾ ਹੈ ਤਾਂ ਜੋ ਸਰਕਾਰੀ ਸਬਸਿਡੀਆਂ ਅਤੇ ਸਕੀਮਾਂ ਦਾ ਲਾਭ ਸਿੱਧਾ ਅਸਲੀ ਕਿਸਾਨ ਤੱਕ ਪਹੁੰਚ ਸਕੇ। ਭਵਿੱਖ ’ਚ ਪੀਐੱਮ ਕਿਸਾਨ ਸਨਮਾਨ ਨਿਧੀ ਦੀਆਂ ਅਗਲੀਆਂ ਕਿਸ਼ਤਾਂ ਸਿਰਫ ਉਨ੍ਹਾਂ ਕਿਸਾਨਾਂ ਨੂੰ ਹੀ ਮਿਲਣਗੀਆਂ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਮੁਕੰਮਲ ਹੋਵੇਗੀ। ਰਜਿਸਟ੍ਰੇਸ਼ਨ ਨਾ ਹੋਣ ਦੀ ਸੂਰਤ ’ਚ ਕਿਸ਼ਤਾਂ ’ਤੇ ਰੋਕ ਲੱਗ ਸਕਦੀ ਹੈ। ਹਰੇਕ ਕਿਸਾਨ ਨੂੰ ਇੱਕ ਵਿਲੱਖਣ ਪਛਾਣ ਨੰਬਰ ਮਿਲੇਗਾ, ਜੋ ਖੇਤੀਬਾੜੀ ਵਿਭਾਗ ਦੀਆਂ ਸਾਰੀਆਂ ਸਹੂਲਤਾਂ ਲਈ ਇੱਕੋ-ਇੱਕ ਆਧਾਰ ਹੋਵੇਗਾ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਬਿਨਾਂ ਕਿਸੇ ਦੇਰੀ ਦੇ ਆਪਣੇ ਨਜ਼ਦੀਕੀ ਕਾਮਨ ਸਰਵਿਸ ਸੈਂਟਰ (ਸੀਐੱਸਸੀ) ਵਿਖੇ ਪਹੁੰਚ ਕੇ ਰਜਿਸਟ੍ਰੇਸ਼ਨ ਕਰਵਾਉਣ। ਰਜਿਸਟ੍ਰੇਸ਼ਨ ਲਈ ਆਧਾਰ ਕਾਰਡ, ਖੇਤ ਦੀ ਜਮ੍ਹਾਬੰਦੀ, ਆਧਾਰ ਨਾਲ ਲਿੰਕ ਮੋਬਾਈਲ ਫੋਨ ਦਸਤਾਵੇਜ਼ ਜ਼ਰੂਰੀ ਹਨ। ਜ਼ਿਲ੍ਹੇ ਦੇ ਕਿਸਾਨ ਕਿਸੇ ਵੀ ਤਕਨੀਕੀ ਮੁਸ਼ਕਿਲ ਜਾਂ ਜਾਣਕਾਰੀ ਲਈ ਆਪਣੇ ਬਲਾਕ ਦੇ ਖੇਤੀਬਾੜੀ ਵਿਕਾਸ ਅਫ਼ਸਰਾਂ (ਏਡੀਓ) ਨਾਲ ਸੰਪਰਕ ਕਰ ਸਕਦੇ ਹਨ। ਬਲਾਕ ਬਰਨਾਲਾ ’ਚ ਜਸਵਿੰਦਰ ਸਿੰਘ (ਏਡੀਓ) 81467-18818, ਬਲਾਕ ਸ਼ਹਿਣਾ ’ਚ ਦਿਲਪ੍ਰੀਤ ਸਿੰਘ (ਏ.ਡੀ.ਓ) 83607-44705, ਬਲਾਕ ਮਹਿਲ ਕਲਾਂ ਵਿੱਚ ਮਨਪ੍ਰੀਤ ਸਿੰਘ (ਏ.ਡੀ.ਓ) 84379-07084 ਨਾਲ ਸੰਪਰਕ ਕੀਤਾ ਜਾਵੇ। ਮੁੱਖ ਖੇਤੀਬਾੜੀ ਅਫ਼ਸਰ ਨੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਡਿਜੀਟਲ ਮੁਹਿੰਮ ਦਾ ਹਿੱਸਾ ਬਣ ਕੇ ਸਰਕਾਰੀ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।