ਖਰੀਦ ਕੇਂਦਰ 'ਚ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ: ਮਜ਼ਦੂਰ ਨੂੰ ਲੱਗਿਆ ਬਿਜਲੀ ਦਾ ਜ਼ੋਰਦਾਰ ਝਟਕਾ, ਟਲਿਆ ਵੱਡਾ ਹਾਦਸਾ
ਮਾਰਕੀਟ ਕਮੇਟੀ ਮਹਿਲ ਕਲਾਂ ਦੇ ਅਧੀਨ ਪੈਂਦੇ ਖਰੀਦ ਕੇਂਦਰ ਪਿੰਡ ਗਾਗੇਵਾਲ ਵਿਖੇ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਪਾਣੀ ਲਈ ਲੱਗੀ ਮੋਟਰ ਚਲਾਉਂਦੇ ਸਮੇਂ ਇੱਕ ਪ੍ਰਵਾਸੀ ਮਜ਼ਦੂਰ ਨੂੰ ਕਰੰਟ ਲੱਗ ਗਿਆ। ਇਸ ਘਟਨਾ ਤੋਂ ਬਾਅਦ ਮੰਡੀ ਵਿੱਚ ਮੌਜੂਦ ਕਿਸਾਨਾਂ ਅਤੇ ਮਜ਼ਦੂਰਾਂ ਨੇ ਮਾਰਕੀਟ ਕਮੇਟੀ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕਰਦੇ ਹੋਏ ਆਪਣਾ ਰੋਸ ਜ਼ਾਹਿਰ ਕੀਤਾ।
Publish Date: Mon, 20 Apr 2026 03:32 PM (IST)
Updated Date: Mon, 20 Apr 2026 03:36 PM (IST)
ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ। ਮਾਰਕੀਟ ਕਮੇਟੀ ਮਹਿਲ ਕਲਾਂ ਦੇ ਅਧੀਨ ਪੈਂਦੇ ਖਰੀਦ ਕੇਂਦਰ ਪਿੰਡ ਗਾਗੇਵਾਲ ਵਿਖੇ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਪਾਣੀ ਲਈ ਲੱਗੀ ਮੋਟਰ ਚਲਾਉਂਦੇ ਸਮੇਂ ਇੱਕ ਪ੍ਰਵਾਸੀ ਮਜ਼ਦੂਰ ਨੂੰ ਕਰੰਟ ਲੱਗ ਗਿਆ। ਇਸ ਘਟਨਾ ਤੋਂ ਬਾਅਦ ਮੰਡੀ ਵਿੱਚ ਮੌਜੂਦ ਕਿਸਾਨਾਂ ਅਤੇ ਮਜ਼ਦੂਰਾਂ ਨੇ ਮਾਰਕੀਟ ਕਮੇਟੀ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕਰਦੇ ਹੋਏ ਆਪਣਾ ਰੋਸ ਜ਼ਾਹਿਰ ਕੀਤਾ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਆਗੂ ਮਿੱਤਰਪਾਲ ਸਿੰਘ ਗਾਗੇਵਾਲ ਨੇ ਦੱਸਿਆ ਕਿ ਮੰਡੀ ਵਿੱਚ ਲੱਗੀ ਮਾਰਕੀਟ ਕਮੇਟੀ ਦੀ ਮੋਟਰ ਦਾ ਸਟਾਰਟਰ ਕਾਫੀ ਸਮੇਂ ਤੋਂ ਖ਼ਰਾਬ ਹਾਲਤ ਵਿੱਚ ਸੀ ਅਤੇ ਕਰੰਟ ਛੱਡ ਰਿਹਾ ਸੀ। ਜਦੋਂ ਮਜ਼ਦੂਰ ਸੇਮਾ ਚੌਧਰੀ ਪਾਣੀ ਲਈ ਮੋਟਰ ਚਲਾਉਣ ਲੱਗਾ ਤਾਂ ਉਸ ਨੂੰ ਜ਼ੋਰਦਾਰ ਝਟਕਾ ਲੱਗਿਆ। ਮੌਕੇ ’ਤੇ ਮੌਜੂਦ ਮਜ਼ਦੂਰਾਂ ਅਤੇ ਕਿਸਾਨਾਂ ਨੇ ਤੁਰੰਤ ਉਸ ਨੂੰ ਸੰਭਾਲ ਲਿਆ, ਜਿਸ ਨਾਲ ਵੱਡਾ ਹਾਦਸਾ ਟਲ ਗਿਆ।
ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਮੰਡੀ ਵਿੱਚ ਬੁਨਿਆਦੀ ਸਹੂਲਤਾਂ ਦੀ ਹਾਲਤ ਕਾਫ਼ੀ ਸਮੇਂ ਤੋਂ ਖਰਾਬ ਹੈ ਅਤੇ ਇਸ ਸਬੰਧੀ ਕਈ ਵਾਰ ਧਿਆਨ ਦਿਵਾਇਆ ਗਿਆ ਪਰ ਕੋਈ ਕਾਰਵਾਈ ਨਹੀਂ ਹੋਈ। ਇਸ ਘਟਨਾ ਤੋਂ ਬਾਅਦ ਕਿਸਾਨਾਂ ਨੇ ਆਪਣੇ ਪੱਧਰ ’ਤੇ ਪ੍ਰਾਈਵੇਟ ਮਕੈਨਿਕ ਬੁਲਾ ਕੇ ਸਟਾਰਟਰ ਠੀਕ ਕਰਵਾਇਆ।
ਉਨ੍ਹਾਂ ਮੰਗ ਕੀਤੀ ਕਿ ਦਾਣਾ ਮੰਡੀਆਂ ਵਿੱਚ ਫਸਲ ਖਰੀਦ ਦੇ ਨਾਲ-ਨਾਲ ਬਿਜਲੀ, ਪਾਣੀ, ਰੌਸ਼ਨੀ ਅਤੇ ਹਾਜਤਾਂ ਵਰਗੀਆਂ ਸਹੂਲਤਾਂ ਦੀ ਨਿਯਮਿਤ ਜਾਂਚ ਕੀਤੀ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ। ਇਸ ਮੌਕੇ ਸੁਦਾਗਰ ਸਿੰਘ, ਬਿੱਟੂ ਸਿੰਘ, ਅੰਮ੍ਰਿਤਪਾਲ ਸਿੰਘ, ਹਰਚੇਤ ਸਿੰਘ, ਜਸਵਿੰਦਰ ਸਿੰਘ ਕਾਲਾ ਪੰਚ, ਤਰਸੇਮ ਸਿੰਘ ਅਤੇ ਹਰਭਜਨ ਸਿੰਘ ਭਜਨਾ ਸਮੇਤ ਹੋਰ ਕਿਸਾਨ ਤੇ ਮਜ਼ਦੂਰ ਮੌਜੂਦ ਸਨ।
ਉਧਰ ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰ ਰਾਜਦੀਪ ਸਿੰਘ ਨੇ ਕਿਹਾ ਕਿ ਉਹ ਖਰੀਦ ਕੇਂਦਰ ’ਚ ਜਾ ਰਹੇ ਹਨ ਅਤੇ ਇਸ ਮਾਮਲੇ ਸਬੰਧੀ ਪਤਾ ਕਰਕੇ ਮੰਡੀ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ।