ਜਬਰ ਜਨਾਹ ਦੇ ਦੋਸ਼ੀ ਨੂੰ ਉਮਰ ਕੈਦ
ਐਸਸੀ ਐਸਟੀ ਤੇ ਪੋਸਕੋ ਐਕਟ ਦੇ ਤਹਿਤ ਜ਼ਬਰਜਨਾਹ ਦੇ ਦੋਸ਼ੀ ਨੂੰ ਉਮਰਕੈਦ
Publish Date: Wed, 08 Apr 2026 04:56 PM (IST)
Updated Date: Wed, 08 Apr 2026 04:59 PM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹੇ ਸੈਸ਼ਨ ਜੱਜ ਬਰਨਾਲਾ ਅੰਸ਼ੁਲ ਬੇਰੀ ਦੀ ਅਦਾਲਤ ਵੱਲੋਂ ਜਬਰ ਜਨਾਹ ਦੇ ਮਾਮਲੇ ’ਚ ਵੱਡਾ ਫ਼ੈਸਲਾ ਸੁਣਾਉਂਦਿਆਂ ਦੋਸ਼ੀ ਅਮਨ ਤਾਇਲ ਵਾਸੀ ਤਪਾ ਜ਼ਿਲ੍ਹਾ ਬਰਨਾਲਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮਾਮਲੇ ਦੀ ਸੁਣਵਾਈ ਦੇ ਦੌਰਾਨ ਦੋਸ਼ ਸਾਬਤ ਹੋਣ ’ਤੇ ਦੋਸ਼ੀ ਨੌਜਵਾਨ ਨੂੰ ਐੱਸਸੀ ਐੱਸਟੀ ਐਕਟ ਤਹਿਤ ਉਮਰ ਕੈਦ, ਪੋਸਕੋ ਐਕਟ ਤਹਿਤ 20 ਸਾਲ ਦੀ ਕੈਦ ਦੀ ਸਖਤ ਸਜ਼ਾ ਸੁਣਾਈ ਗਈ ਹੈ। ਮਾਮਲੇ ਅਨੁਸਾਰ 16 ਨਵੰਬਰ 2022 ਨੂੰ ਥਾਣਾ ਤਪਾ ਪੁਲਿਸ ਦੀ ਮਹਿਲਾ ਇੰਸਪੈਕਟਰ ਰੇਣੂ ਪਰੋਚਾ ਨੇ ਐੱਫ਼ਆਈਆਰ ਨੰਬਰ 113 ਦਰਜ ਕੀਤੀ ਸੀ। ਇਹ ਮਾਮਲਾ ਨਬਾਲਿਗ ਤੇ ਉਸ ਦੀ ਭੂਆ ਦੇ ਬਿਆਨਾਂ ਦੇ ਆਧਾਰ ’ਤੇ ਦਰਜ ਕੀਤਾ ਗਿਆ ਸੀ। ਪੁਲਿਸ ਨੇ ਦੋਸ਼ੀ ਅਮਨ ਤਾਇਲ ਤੇ ਇੱਕ ਔਰਤ ਅਮਨ ਕੌਰ ਖ਼ਿਲਾਫ਼ ਧਾਰਾ 376, 506, 120 ਬੀ, ਐੱਸਸੀ ਐੱਸਟੀ ਐਕਟ ਤੇ ਪੋਸਕੋ ਐਕਟ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਸੀ। ਜਾਂਚ ਦੇ ਦੌਰਾਨ ਮੁੱਖ ਦੋਸ਼ੀ ਅਮਨ ਤਾਇਲ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਸੀ, ਉਕਤ ਵਿਅਕਤੀ ਉਸ ਸਮੇਂ ਤੋਂ ਨਿਆਇਕ ਹਿਰਾਸਤ ’ਚ ਬੰਦ ਹੈ। ਅਦਾਲਤ ’ਚ ਪੇਸ਼ ਕੀਤੇ ਗਏ ਸਬੂਤਾਂ ਤੇ ਗਵਾਹਾਂ ਦੇ ਬਿਆਨਾਂ ਦੇ ਆਧਾਰ ’ਤੇ ਜ਼ਿਲ੍ਹਾ ਸੈਸ਼ਨ ਜੱਜ ਮਿਸ ਅੰਸ਼ੁਲ ਬੇਰੀ ਨੇ ਦੋਸ਼ੀ ਅਮਨ ਤਾਇਲ ਨੂੰ ਦੋਸ਼ੀ ਕਰਾਰ ਦਿੱਤਾ। ਉੱਥੇ ਮਾਮਲੇ ’ਚ ਨਾਮਜ਼ਦ ਮਹਿਲਾ ਦੋਸ਼ੀ ਅਮਨ ਕੌਰ ਨੂੰ ਮਾਣਯੋਗ ਅਦਾਲਤ ਵੱਲੋਂ ਬਰੀ ਕਰ ਦਿੱਤਾ ਗਿਆ। ਅਦਾਲਤ ਨੇ ਇਸ ਫ਼ੈਸਲੇ ਨੂੰ ਚੰਗਾ ਫੈਸਲਾ ਮੰਨਿਆ ਗਿਆ ਹੈ।