ਲੋਕ ਕਵੀ ਸੰਤ ਰਾਮ ਉਦਾਸੀ ਗੀਤ ਮੁਕਾਬਲਾ ਹੋਇਆ
ਲੋਕ ਕਵੀ ਸੰਤ ਰਾਮ ਉਦਾਸੀ ਗੀਤ ਮੁਕਾਬਲਾ ਹੋਇਆ
Publish Date: Wed, 18 Mar 2026 03:34 PM (IST)
Updated Date: Wed, 18 Mar 2026 03:37 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸਾਹਿਤ ਸਰਵਰ ਬਰਨਾਲਾ ਵੱਲੋਂ ਲੋਕ ਕਵੀ ਸੰਤ ਰਾਮ ਉਦਾਸੀ ਪੰਜਵਾਂ ਗੀਤ ਮੁਕਾਬਲਾ ਐੱਸਡੀ ਕਾਲਜ ਬਰਨਾਲਾ ਦੇ ਪੰਜਾਬੀ ਵਿਭਾਗ ਵੱਲੋਂ ਕਾਲਜ ਦੇ ਕਮਰਾ ਨੰਬਰ ਇਕ ਵਿਖੇ ਵਿਭਾਗ ਮੁਖੀ ਡਾ. ਤਰਸਪਾਲ ਕੌਰ ਦੀ ਅਗਵਾਈ ’ਚ ਕਰਵਾਇਆ ਗਿਆ। ਸਾਰਿਆਂ ਨੂੰ ਜੀ ਆਇਆਂ ਕਹਿਣ ਉਪਰੰਤ ਉਨ੍ਹਾਂ ਕਿਹਾ ਕਿ ਉਦਾਸੀ ਨੇ ਲੋਕ ਗੀਤਾਂ ਵਰਗੇ ਯੁੱਗਾਂ ਤੱਕ ਜਿਉਂਦੇ ਰਹਿਣ ਵਾਲੇ ਗੀਤ ਲਿਖੇ ਤੇ ਸਮਾਜ ਦੀ ਹਾਰੀ ਹੋਈ ਧਿਰ ਦਾ ਪੱਖ ਪੂਰਿਆ। ਸੰਤ ਰਾਮ ਉਦਾਸੀ ਦੀ ਸਪੁੱਤਰੀ ਇਕਬਾਲ ਕੌਰ ਉਦਾਸੀ ਨੇ ਕਿਹਾ ਕਿ ਉਸਦੇ ਪਿਤਾ ਆਤਮਿਕ ਤੌਰ ’ਤੇ ਲੋਕ ਦੁੱਖ ਮਹਿਸੂਸ ਕਰਦੇ ਸੀ। ਉਹ ਸਮਾਜਿਕ ਨਾ ਬਰਾਬਰੀ ਦੇ ਖ਼ਿਲਾਫ਼ ਅਖੀਰ ਤੱਕ ਜੂਝਦੇ ਰਹੇ। ਉਨ੍ਹਾਂ ਦੀ ਵਿਚਾਰਧਾਰਾ ਵਿਚ ਆਖ਼ਰੀ ਸਾਹਾਂ ਤੱਕ ਕੋਈ ਤਬਦੀਲੀ ਨਹੀਂ ਆਈ। ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਉਦਾਸੀ ਗੀਤ ਲਿਖਦਾ ਹੀ ਨਹੀਂ ਸੀ, ਗੀਤ ਜਿਊਂਦਾ ਵੀ ਸੀ। ਉਹਦੇ ਗੀਤ ਅੱਜ ਵੀ ਪ੍ਰਸੰਗਕ ਹਨ ਤੇ ਜਦੋਂ ਤੱਕ ਕਿਰਤ ਦੀ ਲੁੱਟ ਹੁੰਦੀ ਰਹੇਗੀ, ਉਦੋਂ ਪ੍ਰਸੰਗਕ ਰਹਿਣਗੇ ਵੀ। ਸ਼ਾਇਰ ਤਰਸੇਮ ਨੇ ਕਿਹਾ ਕਿ ਅਜਿਹੇ ਗੀਤ ਮੁਕਾਬਲੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ’ਚ ਸਹਾਈ ਹੁੰਦੇ ਹਨ।
ਮੁਕਾਬਲਿਆਂ ਦੀ ਪਰਖ ਡਾ ਇੰਦਰਜੀਤ ਕੌਰ, ਪ੍ਰੋ. ਅਮਨ ਸ਼ਰਮਾ ਤੇ ਪੰਜਾਬੀ ਕਵੀ ਰਾਮ ਸਰੂਪ ਸ਼ਰਮਾ ਨੇ ਕੀਤੀ। ਮੁਕਾਬਲੇ ’ਚ ਪਹਿਲਾ ਸਥਾਨ ਪਰਮਪ੍ਰੀਤ ਸ਼ਰਮਾ, ਦੁਜਾ ਸਥਾਨ ਸਾਹਿਲ ਤੇ ਤੀਜਾ ਸਥਾਨ ਸੁਖਦੀਪ ਕੌਰ ਨੇ ਪ੍ਰਾਪਤ ਕੀਤਾ। ਜੇਤੂਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕਰਨ ਦੀ ਰਸਮ ਪ੍ਰਿੰਸੀਪਲ ਰਮਾ ਸ਼ਰਮਾ ਨੇ ਅਦਾ ਕੀਤੀ। ਉਨ੍ਹਾਂ ਦਾ ਸਾਥ ਪ੍ਰਧਾਨਗੀ ਮੰਡਲ ਨੇ ਵੀ ਦਿੱਤਾ। ਮੁਕਾਬਲੇ ’ਚ ਚੌਦਾਂ ਲੜਕੇ ਲੜਕੀਆਂ ਨੇ ਹਿੱਸਾ ਲਿਆ। ਪੰਜਾਬੀ ਕਵੀ ਰਘਬੀਰ ਸਿੰਘ ਗਿੱਲ ਕੱਟੂ ਨੇ ਉਦਾਸੀ ਬਾਰੇ ਬੋਲੀਆਂ ਪਾ ਕੇ ਰੰਗ ਬੰਨ੍ਹ ਦਿੱਤਾ। ਡਾ. ਇੰਦਰਜੀਤ ਸਿੰਘ ਨੇ ਵੀ ਵਿਚਾਰ ਪੇਸ਼ ਕੀਤੇ। ਸਟੇਜ ਦਾ ਫ਼ਰਜ਼ ਪ੍ਰੋ. ਹਰਪ੍ਰੀਤ ਕੌਰ ਨੇ ਨਿਭਾਇਆ। ਇਸ ਮੌਕੇ ਡਾ. ਹਰਪ੍ਰੀਤ ਕੌਰ, ਪ੍ਰੋ. ਰਮਨਦੀਪ ਕੌਰ, ਡਾ. ਭੁਪਿੰਦਰ ਸਿੰਘ ਬੇਦੀ, ਪ੍ਰੋ. ਕਿਰਨਦੀਪ ਕੌਰ, ਪ੍ਰੋ. ਕੁਲਦੀਪ ਸਿੰਘ ਤੇ ਪ੍ਰੋ. ਗਗਨਦੀਪ ਭੱਠਲ ਵੀ ਹਾਜ਼ਰ ਸਨ। ਇਸ ਮੌਕੇ ਸਭਨਾਂ ਦਾ ਧੰਨਵਾਦ ਕਰਨ ਉਪਰੰਤ ਸਾਹਿਤ ਸਰਵਰ ਬਰਨਾਲਾ ਦੇ ਪ੍ਰਧਾਨ ਬਲਵਿੰਦਰ ਸਿੰਘ ਠੀਕਰੀਵਾਲਾ ਨੇ ਦੱਸਿਆ ਕਿ ਸੰਤ ਰਾਮ ਉਦਾਸੀ ਦੇ ਜਨਮ ਦਿਨ ਨੂੰ ਸਮਰਪਿਤ ਉਦਾਸੀ ਗੀਤ ਮੁਕਾਬਲੇ ਵੀਹ ਅਪ੍ਰੈਲ ਤੱਕ ਹੋਰਨਾਂ ਕਾਲਜਾਂ ਵਿਚ ਵੀ ਕਰਵਾਏ ਜਾਣਗੇ। ਉਨ੍ਹਾਂ ਦੀ ਯਾਦ ’ਚ 26 ਅਪ੍ਰੈਲ ਨੂੰ ਬਰਨਾਲਾ ਵਿਖੇ ਕਵੀ ਦਰਬਾਰ ਵੀ ਕਰਵਾਇਆ ਜਾਵੇਗਾ।