ਆਰੀਆਭੱਟ ਕਾਲਜ ’ਚ ਟਾਈਗਰ ਤੇ ਮਨੰਤ ਨੂਰ ਦੀ ਲਾਈਵ ਪਰਫਾਰਮੈਂਸ 14 ਨੂੰ
14 ਮਾਰਚ ਨੂੰ ਆਰੀਆਭੱਟ ਕਾਲਜ ਵਿਖੇ ਪੰਜਾਬੀ ਸਿੰਗਰ ਟਾਈਗਰ ਅਤੇ ਮਨੰਤ ਨੂਰ ਦੀ ਲਾਈਵ ਪਰਫਾਰਮੈਂਸ
Publish Date: Wed, 25 Feb 2026 04:06 PM (IST)
Updated Date: Wed, 25 Feb 2026 04:10 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਮਾਲਵੇ ਦੀ ਮਸ਼ਹੂਰ ਸੰਸਥਾ ਆਰੀਆਭੱਟ ਕਾਲਜ ਵੱਲੋਂ 14 ਮਾਰਚ ਨੂੰ ਕਾਲਜ ਕੈਂਪਸ ’ਚ ਸੱਭਿਆਚਾਰਕ ਸਮਾਗਮ ‘ਪੰਜਾਬੀ ਟਸ਼ਨ’ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦਾ ਮੁੱਖ ਆਕਰਸ਼ਣ ਪ੍ਰਸਿੱਧ ਪੰਜਾਬੀ ਗਾਇਕਾ ਮੰਨਤ ਨੂਰ ਅਤੇ ਪ੍ਰਸਿੱਧ ਪੰਜਾਬੀ ਗਾਇਕ ਟਾਈਗਰ ਦੀ ਲਾਈਵ ਪਰਫਾਰਮੈਂਸ ਹੋਵੇਗੀ, ਜੋ ਆਪਣੀ ਸੁਰੀਲੀ ਆਵਾਜ਼ ਨਾਲ ਦਰਸ਼ਕਾਂ ਨੂੰ ਮੰਤ੍ਰਮੁਗਧ ਕਰਨਗੇ। ਮੰਨਤ ਨੂਰ, ਜੋ ਆਪਣੇ ਹਿੱਟ ਗੀਤ ਲੌਂਗ ਲਾਚੀ ਨਾਲ ਪ੍ਰਸਿੱਧ ਹੋਈ, ਆਪਣੀ ਸੋਹਣੀ ਆਵਾਜ਼ ਅਤੇ ਊਰਜਾਵਾਨ ਪੇਸ਼ਕਾਰੀਆਂ ਨਾਲ ਸਰੋਤਿਆਂ ਨੂੰ ਮੰਤਰਮੁਗਧ ਕਰ ਦੇਵੇਗੀ। ਮੰਨਤ ਨੂਰ ਨੇ ਆਪਣੇ ਸੰਗੀਤਕ ਸਫ਼ਰ ’ਚ ਲੌਂਗ ਲਾਚੀ, ਗੁਲਾਬੀ ਪਾਣੀ, ਤੇ ਚੁੰਨੀਆਂ, ਵਰਗੇ ਹਿੱਟ ਗੀਤ ਦਿੱਤੇ ਹਨ, ਜਿਨ੍ਹਾਂ ਨੇ ਮੰਨਤ ਨੂਰ ਨੂੰ ਬੁਲੰਦੀਆਂ ਉੱਪਰ ਪਹੁੰਚਾ ਦਿੱਤਾ ਹੈ।
ਕਾਲਜ ਦੀ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਇੰਜੀ. ਆਰਕੇ ਗੁਪਤਾ, ਵਾਈਸ ਚੇਅਰਮੈਨ ਰਾਜੀਵ ਮੰਗਲਾ, ਜਨਰਲ ਸਕੱਤਰ ਵਿੱਕੀ ਸਿੰਗਲਾ, ਜੁਆਇੰਟ ਸਕੱਟਰ ਇੰਦਰਪਾਲ ਗੋਇਲ, ਮੈਂਬਰ ਹਰਭਜਨ ਸਿੰਘ, ਐਗਜੀਕਿਊਟਵ ਮੈਂਬਰ ਮੋਹਿਤ ਮੰਗਲਾ ਅਤੇ ਖਜ਼ਾਨਚੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਪਹਿਲਾਂ ਇੱਕਲੀ ਮੰਨਤ ਨੂਰ ਹੀ ਫਾਈਨਲ ਹੋਈ ਸੀ ਪਰ ਵਿਦਿਆਰਥੀਆਂ ਦੀ ਮੰਗ ਕਾਰਣ ਟਾਈਗਰ ਨੂੰ ਵੀ ਫਾਈਨਲ ਕਰ ਲਿਆ ਗਿਆ ਹੈ। ਟਾਈਗਰ ਆਪਣੇ ਰੋਮਾਂਟਿਕ ਅਤੇ ਜੋਸ਼ੀਲੇ ਗੀਤਾਂ ਲਈ ਜਾਣੇ ਜਾਂਦੇ ਹਨ। ਇਸ ਮੌਕੇ ਉਹ ਆਪਣੇ ਮਸ਼ਹੂਰ ਗੀਤ ਨਾਲ ਦਰਸ਼ਕਾਂ ਦਾ ਦਿਲ ਜਿੱਤਣਗੇ। ਇਸ ਤੋਂ ਇਲਾਵਾ ਉਹ ਆਪਣੇ ਹੋਰ ਪ੍ਰਸਿੱਧ ਅਤੇ ਯੂਥ-ਪਸੰਦ ਗੀਤਾਂ ਦੀ ਪੇਸ਼ਕਾਰੀ ਕਰਦੇ ਹੋਏ ਮਾਹੌਲ ਨੂੰ ਪੂਰੀ ਤਰ੍ਹਾਂ ਸੰਗੀਤਮਈ ਬਣਾ ਦੇਣਗੇ। ਇਸ ਮੌਕੇ ਇਸ ਪ੍ਰੋਗਰਾਮ ਦੇ ਕੋਆਰਡੀਨੇਟਰ ਵਿਜੈ ਕੁਮਾਰ, ਵਿਭਾਗ ਮੁਖੀ ਭਾਵੁਕਤਾ ਸ਼ਰਮਾ, ਡਾ. ਜਸ਼ਨਜੋਤ, ਰਜਨੀਸ਼ ਨਰੂਲਾ, ਗਰਾਫਿਕਸ ਡਿਜਾਈਨਰ ਰਜਤ ਕੁਮਾਰ, ਅਕਾਊਂਟਸ ਅਫਸਰ ਜਤਿੰਦਰ ਦਹੀਆ, ਐਡਮੀਸ਼ਨ ਹੈੱਡ ਕਮਲਜੀਤ ਕੌਰ ਨੇ ਦੱਸਿਆ ਕਿ ਕਾਲਜ ਦੇ ਵਿਹੜੇ ’ਚ ਵੱਖ-ਵੱਖ ਪ੍ਰਦਰਸ਼ਨੀ ਸਟਾਲ ਵੀ ਲਾਏ ਜਾਣਗੇ, ਜਿਨ੍ਹਾਂ ’ਚ ਫੂਡ ਸਟਾਲ, ਫੈਸ਼ਨ ਅਤੇ ਹੈਂਡੀਕ੍ਰਾਫਟ ਆਈਟਮਾਂ, ਗੇਮ ਜ਼ੋਨ, ਸੈਲਫੀ ਪੌਇੰਟ ਆਦਿ ਸ਼ਾਮਲ ਹੋਣਗੇ। ਇਹ ਸਟਾਲ ਵਿਦਿਆਰਥੀਆਂ ਨੂੰ ਉਦਮਤਾ ਅਤੇ ਨਵੀਨਤਾ ਦਾ ਮੰਚ ਪ੍ਰਦਾਨ ਕਰਨਗੇ। ਕਾਲਜ ਦੇ ਡਾਇਰੈਕਟਰ ਡਾ, ਅਜੈ ਕੁਮਾਰ ਮਿੱਤਲ ਅਤੇ ਡੀਨ ਅਕੈਡਮਿਕਸ ਡਾ. ਭਾਵੇਤ ਗਰਗ ਨੇ ਦੱਸਿਆ ਕਿ ‘ਪੰਜਾਬੀ ਟਸ਼ਨ’ ਸਿਰਫ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਵਿਦਿਆਰਥੀਆਂ ਦੇ ਸਰਵਾਂਗੀਣ ਵਿਕਾਸ ਲਈ ਇਕ ਮਹੱਤਵਪੂਰਨ ਕਦਮ ਹੈ। ਸਮਾਗਮ ਲਈ ਸੁਰੱਖਿਆ ਅਤੇ ਪ੍ਰਬੰਧਾਂ ਦੀ ਵਿਸ਼ੇਸ਼ ਵਿਵਸਥਾ ਕੀਤੀ ਜਾ ਰਹੀ ਹੈ।