ਭੂੰਗ ਦੀ ਓਵਰਲੋਡ ਟਰਾਲੀ ਤੇ ਕੈਂਟਰ ’ਚ ਭਿਆਨਕ ਟੱਕਰ, ਕੈਂਟਰ ਚਾਲਕ ਗੰਭੀਰ ਜ਼ਖ਼ਮੀ
ਭੂੰਗ ਦੀ ਓਵਰਲੋਡ ਟਰਾਲੀ ਅਤੇ ਕੈਂਟਰ 'ਚ ਭਿਆਨਕ ਟੱਕਰ, ਕੈਂਟਰ ਚਾਲਕ ਗੰਭੀਰ ਜਖਮੀ
Publish Date: Fri, 20 Mar 2026 04:13 PM (IST)
Updated Date: Sat, 21 Mar 2026 04:02 AM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਬੀਤੀ ਰਾਤ ਤਪਾ ਢਿੱਲਵਾਂ ਲਿੰਕ ਰੋਡ ਤੇ ਸ਼ਿਵਾਲਿਕ ਪਬਲਿਕ ਸਕੂਲ ਨਜ਼ਦੀਕ ਭੂੰਗ ਦੀ ਓਵਰਲੋਡ ਟਰਾਲੀ ਤੇ ਕੈਂਟਰ ਵਿਚਕਾਰ ਹੋਈ ਭਿਆਨਕ ਟੱਕਰ ’ਚ ਕੈਂਟਰ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ। ਜਦ ਕਿ ਇਸ ਹਾਦਸੇ ’ਚ ਟਰੈਕਟਰ ਚਾਲਕ ਬਾਲ-ਬਾਲ ਬਚ ਗਿਆ। ਜਾਣਕਾਰੀ ਅਨੁਸਾਰ ਕੈਂਟਰ ਚਾਲਕ ਬਲਵਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਬਾਸੀ ਰਾਜਪੁਰਾ ਜੋ ਪੱਖੋ ਕੈਂਚੀਆਂ ਸਾਈਡ ਤੋਂ ਤਪਾ ਸਾਈਡ ਵੱਲ ਆ ਰਿਹਾ ਸੀ ਜਦੋਂ ਉਹ ਤਪਾ ਢਿੱਲਵਾਂ ਲਿੰਕ ਰੋਡ ’ਤੇ ਸਥਿਤ ਸ਼ਿਵਾਲਿਕ ਪਬਲਿਕ ਸਕੂਲ ਨਜਦੀਕ ਪੁੱਜਾ ਤਾਂ ਸਾਹਮਣੇ ਤੋਂ ਆ ਰਹੀ ਇਕ ਭੂੰਗ ਦੀ ਭਰੀ ਟਰਾਲੀ ਨਾਲ ਟਕਰਾ ਗਿਆ, ਜਿਸ ਕਾਰਨ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰੰਤ ਇਸਦੀ ਸੂਚਨਾ ਮਿੰਨੀ ਸਹਾਰਾ ਕਲੱਬ ਨੂੰ ਦਿੱਤੀ। ਸੂਚਨਾ ਮਿਲਦੇ ਹੀ ਕਲੱਬ ਦੇ ਮੈਂਬਰ ਐਂਬੂਲੈਂਸ ਲੈ ਕੇ ਮੌਕੇ ਤੇ ਪੁੱਜੇ ਤੇ ਰਾਹਗੀਰਾਂ ਦੀ ਸਹਾਇਤਾ ਨਾਲ ਬੜੀ ਮੁਸ਼ੱਕਤ ਬਾਅਦ ਜਖਮੀ ਹੋਏ ਕੈਂਟਰ ਚਾਲਕ ਨੂੰ ਬਾਹਰ ਕੱਢਿਆ ਤੇ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਤਪਾ ਵਿਖੇ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਨੇ ਉਸਨੂੰ ਮੁਢਲੀ ਸਹਾਇਤਾ ਦੇ ਕੇ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ। ਇਸ ਹਾਦਸੇ ’ਚ ਕੈਂਟਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਟਰਾਲੀ ’ਚ ਲੱਦਿਆ ਹੋਇਆ ਭੂੰਗ ਵੀ ਫਟ ਗਿਆ ਤੇ ਫੂਸਾ ਸੜਕ ਉੱਪਰ ਖਿਲਰ ਗਿਆ। ਇਸ ਮੌਕੇ ਹਾਦਸੇ ਵਾਲੀ ਜਗ੍ਹਾ ’ਤੇ ਬਹੁਤੇ ਲੋਕਾਂ ਨੇ ਕਿਹਾ ਕਿ ਇਹ ਭੂੰਗ ਦੀਆਂ ਟਰਾਲੀਆਂ ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ ਜੋ ਰਾਤ ਸਮੇਂ ਚੱਲਦੀਆਂ ਹਨ। ਇਨ੍ਹਾਂ ਟਰਾਲੀਆਂ ਉੱਪਰ ਰਿਫਲੈਕਟਰ ਨਹੀਂ ਲੱਗੇ ਹੁੰਦੇ ਇਨ੍ਹਾਂ ਕਰ ਕੇ ਰੋਜ਼ਾਨਾ ਹੀ ਐਕਸੀਡੈਂਟ ਹੋ ਰਹੇ ਹਨ, ਜਿਸ ਕਾਰਨ ਹਾਦਸੇ ਵਾਪਰ ਰਹੇ ਹਨ। ਲੋਕਾਂ ਨੇ ਮੰਗ ਕੀਤੀ ਕਿ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਇਨ੍ਹਾਂ ਵੱਲ ਖਾਸ ਧਿਆਨ ਦੀ ਲੋੜ ਹੈ। ਉਧਰ ਹਾਦਸੇ ਦਾ ਪਤਾ ਲੱਗਦਾ ਹੀ ਪੁਲਿਸ ਪਾਰਟੀ ਪਹੁੰਚ ਗਈ।