ਇਨਸਾਫ ਟੀਮ ਨੇ ਜਨਸਭਾ ਤੇ ਜਾਗਰੂਕਤਾ ਮਾਰਚ ਕੱਢਿਆ
ਖਸਖਸ ਦੀ ਖੇਤੀ ਦੀ ਮੰਗ ਨੂੰ ਲੈ ਕੇ ਇਨਸਾਫ ਟੀਮ ਪੰਜਾਬ ਵੱਲੋਂ ਮਹਿਲ ਕਲਾਂ ’ਚ ਵਿਸ਼ਾਲ ਜਨਸਭਾ ਤੇ ਜਾਗਰੂਕਤਾ ਮਾਰਚ
Publish Date: Wed, 11 Mar 2026 03:27 PM (IST)
Updated Date: Wed, 11 Mar 2026 03:30 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ’ਚ ਵਧ ਰਹੇ ਸਿੰਥੇਟਿਕ ਨਸ਼ਿਆਂ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਦਿਆਂ ਇਨਸਾਫ ਟੀਮ ਪੰਜਾਬ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਪਾਰਕ ਮਹਿਲ ਕਲਾਂ ਵਿਖੇ ਇੱਕ ਵਿਸ਼ਾਲ ਜਨਸਭਾ ਕਰਵਾਈ ਗਈ। ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਜਗਮੀਤ ਸਿੰਘ ਜੱਗਾ (ਮੁਕਤਸਰ) ਦੀ ਅਗਵਾਈ ਹੇਠ ਮੀਟਿੰਗ ਕਰਨ ਉਪਰੰਤ ਲੋਕਾਂ ਨੂੰ ਨਸ਼ਿਆਂ ਦੇ ਖ਼ਿਲਾਫ਼ ਜਾਗਰੂਕ ਕਰਨ ਲਈ ਸ਼ਹਿਰ ’ਚ ਮਾਰਚ ਵੀ ਕੱਢਿਆ ਗਿਆ। ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ’ਚ ਚਿੱਟਾ, ਸਮੈਕ ਅਤੇ ਹੋਰ ਸਿੰਥੇਟਿਕ ਨਸ਼ਿਆਂ ਨੇ ਜਵਾਨੀ ਨੂੰ ਬਰਬਾਦ ਕਰ ਦਿੱਤਾ ਹੈ ਅਤੇ ਹਰ ਰੋਜ਼ ਮਾਵਾਂ ਦੇ ਪੁੱਤਰ ਨਸ਼ਿਆਂ ਦੀ ਭੇਟ ਚੜ੍ਹ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸੱਚਮੁੱਚ ਨਸ਼ਿਆਂ ਨੂੰ ਰੋਕਣਾ ਚਾਹੁੰਦੀ ਹੈ ਤਾਂ ਕਿਸਾਨਾਂ ਨੂੰ ਖਸਖਸ ਦੀ ਖੇਤੀ ਦੀ ਕਾਨੂੰਨੀ ਇਜਾਜ਼ਤ ਦੇਣੀ ਚਾਹੀਦੀ ਹੈ ਤਾਂ ਜੋ ਗੈਰਕਾਨੂੰਨੀ ਨਸ਼ਿਆਂ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਇਸ ਮੌਕੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਿੰਥੇਟਿਕ ਨਸ਼ਿਆਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਢੁੱਕਵੇਂ ਕਦਮ ਚੁੱਕੇ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਸਮਾਜ ਦੇ ਹਰ ਵਰਗ ਨੂੰ ਅੱਗੇ ਆਉਣ ਦੀ ਲੋੜ ਹੈ। ਇਸ ਮੌਕੇ ਨਿਰਮਲ ਹੈਰੀ, ਜਿੰਦਰ ਖਿਆਲੀ, ਭਰਭੂਰ ਸਿੰਘ ਅਤੇ ਉਵਯੁਤ ਮਿੱਠ ਸਮੇਤ ਇਨਸਾਫ ਟੀਮ ਪੰਜਾਬ ਦੇ ਹੋਰ ਆਗੂ ਅਤੇ ਵੱਡੀ ਗਿਣਤੀ ’ਚ ਵਰਕਰ ਮੌਜੂਦ ਸਨ।