ਪਾਣੀ ਦੀ ਟੈਂਕੀ ’ਤੇ ਪੈਟਰੋਲ ਦੀ ਬੋਤਲ ਲੈਕੇ ਚੜੀ ਗੁਰਸਿੱਖ ਮਾਂ ਧੀ ਵਲੋਂ 6ਵੇਂ ਦਿਨ ਵੀ ਪ੍ਰਦਰਸ਼ਨ ਜਾਰੀ

- ਪੀੜਤ ਗੁਰਜੀਤ ਕੌਰ ਦੀ ਸਿਹਤ ਵਿਗੜੀ, ਪਾਣੀ ਦੀ ਟੈਂਕੀ ’ਤੇ ਹੀ ਡਾਕਟਰਾਂ ਨੇ ਕੀਤਾ ਇਲਾਜ ਸ਼ੁਰੂ
- ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਫ਼ਤਰਾਂ ਤੇ ਘਰਾਂ ਅੱਗੇ ਘੋੜੇ ਬੰਨ੍ਹਣ ਦੀ ਦਿੱਤੀ ਚਿਤਾਵਨੀ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ਬਰਨਾਲਾ ਮਾਨਸਾ ਰੋਡ ’ਤੇ ਸਥਿੱਤ ਪਿੰਡ ਰੂੜੇਕੇ ਕਲਾਂ ਵਿਖੇ ਪਾਣੀ ਦੀ ਟੈਂਕੀ ’ਤੇ ਚੜੀਆਂ ਗੁਰਸਿੱਖ ਅੰਮ੍ਰਿਤਧਾਰੀ ਮਾਂ ਧੀ ਵੱਲੋਂ ਪਿਛਲੇ 6 ਦਿਨ ਬੀਤ ਜਾਣ ਦੇ ਬਾਵਜੂਦ ਵੀ ਆਪਣੇ ਪਤੀ ਖ਼ਿਲਾਫ਼ ਰੋਸ ਪ੍ਰਦਰਸ਼ਨ ਹਾਲੇ ਵੀ ਜਾਰੀ ਹੈ। ਜੋ ਆਪਣੇ ਦੋਵੋਂ ਬੱਚਿਆਂ ਦੇ ਹੱਕਾਂ ਲਈ ਮੀਂਹ ਹਨ੍ਹੇਰੀ ’ਚ ਪਾਣੀ ਦੀ ਟੈਂਕੀ ਉੱਪਰ ਮਾਂ-ਧੀ ਡਟੀ ਹੋਈ ਹੈ। ਪਿਛਲੇ 6 ਦਿਨਾਂ ਤੋਂ ਇਨਸਾਫ਼ ਦੀ ਮੰਗ ਕਰਦੀ ਗੁਰਸਿੱਖ ਅੰਮ੍ਰਿਤਧਾਰੀ ਗੁਰਜੀਤ ਕੌਰ ਤੇ ਉਹਦੀ ਧੀ ਮਨਵੀਰ ਕੌਰ ਪਾਣੀ ਦੀ ਟੈਂਕੀ ’ਤੇ ਹੀ ਡਟੇ ਹੋਏ ਹਨ ਪਰ ਪਿਛਲੇ ਦਿਨੀ ਭਾਰੀ ਮੀਂਹ ਕਾਰਨ ਗੁਰਜੀਤ ਕੌਰ ਦੀ ਅਚਾਨਕ ਤਬੀਅਤ ਵਿਗੜਨੀ ਸ਼ੁਰੂ ਹੋ ਗਈ ਹੈ। ਗੁਰਜੀਤ ਕੌਰ ਬਿਮਾਰ ਹੋਣ ਦੀ ਬਾਵਜੂਦ ਵੀ ਪਾਣੀ ਦੀ ਟੈਂਕੀ ਤੇ ਆਪਣੀ ਧੀ ਨਾਲ ਪ੍ਰਦਰਸ਼ਨ ਪਹਿਲਾਂ ਵਾਂਗੂ ਜਾਰੀ ਰੱਖਿਆ ਹੋਇਆ ਹੈ। ਜਥੇਬੰਦੀਆਂ ਵੱਲੋਂ ਗੁਰਜੀਤ ਕੌਰ ਦਾ ਪਾਣੀ ਦੀ ਟੈਂਕੀ ਤੇ ਹੀ ਇਲਾਜ ਸ਼ੁਰੂ ਕਰਵਾ ਦਿੱਤਾ ਗਿਆ ਹੈ। ਜਿੱਥੇ ਡਾਕਟਰਾਂ ਵੱਲੋਂ ਉਸ ਦਾ ਇਲਾਜ ਸ਼ੁਰੂ ਕੀਤਾ ਗਿਆ ਹੈ। ਗੁਰਜੀਤ ਕੌਰ ਪਿਛਲੇ ਦਿਨੀਂ ਭਾਰੀ ਬਰਸਾਤ ਕਾਰਨ ਬਿਮਾਰ ਹੋਏ ਹਨ ਉੱਥੇ ਉਸ ਦਾ ਬੀਪੀ ਵੀ ਘਟਨਾ ਸ਼ੁਰੂ ਹੋ ਗਿਆ ਹੈ। ਇਸ ਮੌਕੇ ਦੁਖੀ ਮਨ ਅਤੇ ਹੋਲੀ ਆਵਾਜ਼ ਵਿੱਚ ਗੱਲ ਕਰਦੀ ਹੋਈ ਪੀੜਤ ਗੁਰਜੀਤ ਕੌਰ ਨੇ ਕਿਹਾ ਕਿ ਉਹ ਪਿਛਲੇ 6 ਦਿਨਾਂ ਤੋਂ ਪਾਣੀ ਦੀ ਟੈਂਕੀ ਤੇ ਆਪਣੀ ਧੀ ਦੇ ਨਾਲ ਇਨਸਾਫ਼ ਮੰਗ ਰਹੀ ਹੈ। ਜਿੱਥੇ ਪ੍ਰਸ਼ਾਸਨ ਮਹਿਲਾ ਕਮਿਸ਼ਨ ਅਤੇ ਮੌਜੂਦਾ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਵੀ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਉਸ ਦੇ ਪਤੀ ਦੇ ਪਹਿਲਾਂ ਹੀ ਦੋ ਵਿਆਹ ਹੋ ਚੁੱਕੇ ਸਨ, ਜਿਨ੍ਹਾਂ ਦੀ ਕੋਈ ਵੀ ਔਲਾਦ ਨਹੀਂ ਸੀ, ਉਹਦੀ ਕੁੱਖੋਂ ਦੋ ਬੱਚਿਆਂ ਨੇ ਜਨਮ ਲਿਆ ਪਰ ਪਤੀ ਅੱਜ ਵੀ ਉਨ੍ਹਾਂ ਨੂੰ ਬੇਸਹਾਰਾ ਛੱਡ ਕੇ ਆਪਣੇ ਰਿਸ਼ਤੇਦਾਰਾਂ ਨੂੰ ਬੱਚਿਆਂ ਦਾ ਸਾਰਾ ਹੱਕ ਲੁਟਾ ਰਿਹਾ ਹੈ।
ਉਨ੍ਹਾਂ ਕਿਹਾ ਕਿ 28 ਕਿੱਲੇ ਜ਼ਮੀਨ ਹੋਣ ਦੇ ਬਾਵਜੂਦ ਵੀ ਉਹ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਨੂੰ ਲੈ ਕੇ ਦਿਹਾੜੀਆਂ ਮਜ਼ਦੂਰੀਆਂ ਕਰਨ ਲਈ ਮਜਬੂਰ ਹੈ। ਪਿਛਲੇ ਸਮੇਂ ਤੋਂ ਜਿੱਥੇ ਮਾਣਯੋਗ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ, ਉੱਥੇ ਪਤੀ ਵੱਲੋਂ ਉਸ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅਤੇ ਮੌਕੇ ਦੀ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਉਨ੍ਹਾਂ ਨੂੰ ਕੋਈ ਇਨਸਾਫ਼ ਨਹੀਂ ਮਿਲਿਆ। ਮਹਿਲਾ ਕਮਿਸ਼ਨ ਵੱਲੋਂ ਵੀ ਉਸ ਨੂੰ ਬੁਲਾਇਆ ਗਿਆ ਸੀ। ਪਰ ਉੱਥੇ ਵੀ ਉਸ ਨੂੰ ਕੋਈ ਇਨਸਾਫ਼ ਨਹੀਂ ਮਿਲਿਆ। ਗੁਰਸਿੱਖ ਗੁਰਜੀਤ ਕੌਰ ਨੇ ਕਿਹਾ ਕਿ ਉਹ ਇੱਕ ਗੁਰਸਿੱਖ ਅੰਮ੍ਰਿਤਧਾਰੀ ਹਨ, ਜਿਸ ਲਈ ਐੱਸਜੀਪੀਸੀ ਸਾਡੀ ਗੁਰਸਿੱਖ ਅੰਮ੍ਰਿਤਧਾਰੀ ਮਾਵਾਂ ਧੀਆਂ ਦੀ ਸਾਰ ਲਵੇ ਅਤੇ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬਾਨ ਕੁਲਦੀਪ ਸਿੰਘ ਗੜਗੱਜ ਵੀ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਲਈ ਅੱਗੇ ਆਉਣ। ਇਸ ਮੌਕੇ ਆਪਣੀ ਮਾਂ ਨਾਲ ਪਾਣੀ ਦੀ ਟੈਂਕੀ ’ਤੇ ਰੋਸ ਪ੍ਰਦਰਸ਼ਨ ਕਰਦੇ ਹੋਏ 18 ਸਾਲ ਦੀ ਪੀੜਤ ਮਨਵੀਰ ਕੌਰ ਨੇ ਕਿਹਾ ਕਿ ਪਿਤਾ ਦੀ ਜ਼ਮੀਨ ਪ੍ਰਾਪਰਟੀ ਕਿਸ ਕੰਮ ਦੀ ਹੈ, ਜੋ ਆਪਣੇ ਬੱਚਿਆਂ ਦੇ ਕੰਮ ਹੀ ਨਾ ਆਵੇ. ਉਸ ਦੇ ਪਿਤਾ ਵੱਲੋਂ ਲਗਾਤਾਰ ਉਸ ਦੀ ਮਾਂ ਅਤੇ ਬੱਚਿਆਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਸ ਨੇ ਐੱਸਜੀਪੀਸੀ ਅਤੇ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਤੋਂ ਮੌਕੇ ’ਤੇ ਪਹੁੰਚ ਗਏ ਹਾਲਾਤ ਜਾਣਨ ਦੀ ਅਪੀਲ ਕੀਤੀ ਹੈ। ਉਸ ਦੀ ਮਾਂ ਦੀ ਹਾਲਤ ਵਿਗੜ ਚੁੱਕੀ ਹੈ। ਜਿਸ ਦੇ ਜ਼ਿੰਮੇਦਾਰ ਉਸ ਦਾ ਪਿਤਾ ਅਤੇ ਮੌਜੂਦਾ ਪ੍ਰਸ਼ਾਸਨ ਜ਼ਿੰਮੇਦਾਰ ਹਨ। ਇਸ ਮੌਕੇ ਪਿਛਲੇ 6 ਦਿਨਾਂ ਤੋਂ ਪਾਣੀ ਦੀ ਟੈਂਕੀ ਤੇ ਅੰਮ੍ਰਿਤਧਾਰੀ ਗੁਰਸਿੱਖ ਮਾਂ ਧੀ ਦੇ ਹੱਕ ਵਿੱਚ ਦਸ਼ਮੇਸ਼ ਤਰਨਾ ਦਲ ਦੇ ਜਥੇਦਾਰਾਂ ਵੱਲੋਂ ਵੀ ਸਹਿਯੋਗ ਕੀਤਾ ਜਾ ਰਿਹਾ ਹੈ। ਜੋ ਮੌਕੇ ’ਤੇ ਪਾਣੀ ਦੀ ਟੈਂਕੀ ਦੇ ਹੇਠਾਂ ਹੀ ਬੈਠੇ ਹਨ। ਇਸ ਮੌਕੇ ਪਾਣੀ ਦੀ ਟੈਂਕੀ ’ਤੇ ਚੜ੍ਹੀ ਅੰਮ੍ਰਿਤਧਾਰੀ ਗੁਰਸਿੱਖ ਔਰਤ ਪੀੜਤ ਗੁਰਜੀਤ ਕੌਰ ਉਸ ਦੀ ਧੀ ਗੁਰਸਿੱਖ ਪੀੜਤ ਮਨਵੀਰ ਕੌਰ, ਦਸ਼ਮੇਸ਼ ਤਰਨਾ ਦਲ ਮੋੜ ਦੇ ਜਥੇਦਾਰ ਨਰਦੇਵ ਸਿੰਘ, ਦਸ਼ਮੇਸ਼ ਤਰਨਾ ਦਲ ਦੇ ਜਿਲਾ ਮੁੱਖ ਜਥੇਦਾਰ ਬਾਬਾ ਸਾਹਿਬ ਸਿੰਘ, ਨਹਿੰਗ ਸਿੰਘ ਬੁੱਢਾ ਦਲ 96 ਕਰੋੜੀ ਦੇ ਜਥੇਦਾਰ ਮੁਖਤਿਆਰ ਸਿੰਘ ਖਾਲਸਾ ਰਤੀਆ ਹਰਿਆਣਾ, ਜਥੇਦਾਰ ਸੁਖਦੀਪ ਸਿੰਘ ਦਸ਼ਮੇਸ਼ ਤਰਨਾ ਦਲ ਪਿੰਡ ਕੋਟ ਫੱਤਾ, ਜਥੇਦਾਰ ਪ੍ਰੀਤਮ ਸਿੰਘ ਮੋੜ, ਜਥੇਦਾਰ ਦਰਸ਼ਨ ਸਿੰਘ ਕੋਟ ਫੱਤਾ, ਜਥੇਦਾਰ ਤਾਰੀ ਸਿੰਘ, ਫੂਲ ਕੀ ਮਿਸਲ ਦੇ ਜਥੇਦਾਰ ਬੂਟਾ ਸਿੰਘ ਬੁੱਢਾ ਦਲ, ਜਥੇਦਾਰ ਗੁਰਮੇਲ ਸਿੰਘ ਰੂੜੇਕੇ ਕਲਾ ਤੋਂ ਇਲਾਵਾ ਅਨੇਕ ਸਿੰਘ ਜਥੇਬੰਦੀਆਂ ਦੇ ਜਥੇਦਾਰ ਅਤੇ ਫੌਜਾਂ ਹਾਜ਼ਰ ਸਨ।
- ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਫ਼ਤਰਾਂ ਤੇ ਘਰਾਂ ਦੇ ਬਾਹਰ ਘੋੜੇ ਬੰਨਣ ਦੀ ਦਿੱਤੀ ਚਿਤਾਵਨੀ
ਦਸ਼ਮੇਸ਼ ਤਰਨਾ ਦਲ ਮੋੜ ਤੋਂ ਜਥੇਦਾਰ ਨਰਦੇਵ ਸਿੰਘ ਨੇ ਗੱਲਬਾਤ ਕਰਦੇ ਕਿਹਾ ਕਿ ਗੁਰਸਿੱਖ ਅੰਮ੍ਰਿਤਧਾਰੀ ਮਾਂ ਧੀ ਪੈਟਰੋਲ ਦੀ ਬੋਤਲ ਲੈ ਕੇ ਪਿਛਲੇ ਛੇ ਦਿਨਾਂ ਤੋਂ ਆਪਣੇ ਹੱਕ ਲਈ ਮੋਰਚਾ ਲਾਇਆ ਪਿਆ ਹੈ। ਜਿਨ੍ਹਾਂ ਨੂੰ ਪੁਲਿਸ ਪ੍ਰਸ਼ਾਸਨ ਅਤੇ ਮਹਿਲਾ ਕਮਿਸ਼ਨ ਵੱਲੋਂ ਵੀ ਕੋਈ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਮਾਵਾਂ ਧੀਆਂ ਨੂੰ ਕੋਈ ਵੀ ਇਨਸਾਫ਼ ਨਹੀਂ ਮਿਲਿਆ, ਜਿੱਥੇ ਭਾਰੀ ਬਰਸਾਤ ਕਾਰਨ ਗੁਰਜੀਤ ਕੌਰ ਦੀ ਹਾਲਤ ਖ਼ਰਾਬ ਹੋ ਰਹੀ ਹੈ। ਪਰ ਵਿਸਾਖੀ ਤੋਂ ਬਾਅਦ ਉਹ ਨਹਿੰਗ ਸਿੰਘ ਜਥੇਬੰਦੀਆਂ ਵੱਲੋਂ ਮਾਂ-ਧੀ ਨੂੰ ਇਨਸਾਫ਼ ਦਿਵਾਉਣ ਲਈ ਜਥੇਬੰਦੀਆਂ ਬਰਨਾਲਾ ਸ਼ਹਿਰ ਅੰਦਰ ਘੋੜਿਆਂ ਨਾਲ ਮਹੱਲਾ ਕੱਢਣਗੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਫ਼ਤਰਾਂ ਅਤੇ ਘਰਾਂ ਦੇ ਬਾਹਰ ਘੋੜੇ ਬੰਨ੍ਹ ਕੇ ਮਾਂ ਧੀ ਨੂੰ ਬਣਦਾ ਦਾ ਇਨਸਾਫ਼ ਦਿਵਾਉਣਗੇ। ਉਨ੍ਹਾਂ ਨੇ ਐੱਸਜੀਪੀਸੀ ਤੋਂ ਗੁਰਸਿੱਖ ਮਾਂ-ਧੀ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ। ਇਸ ਮਾਮਲੇ ਨੂੰ ਲੈ ਕੇ ਦਸ਼ਮੇਸ਼ ਤਰਨਾ ਦਲ ਦੇ ਜਥੇਦਾਰਾਂ ਸਮੇਤ ਨਹਿੰਗ ਸਿੰਘ ਜਥੇਬੰਦੀਆਂ ਅਤੇ 96 ਕਰੋੜੀ ਬੁੱਢਾ ਦਲ ਵੱਲੋਂ ਵੀ ਗੁਰਸਿੱਖ ਮਾਂ-ਧੀ ਦੇ ਹੱਕ ਵਿੱਚ ਡਟੇ ਹੋਏ ਹਨ। ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਪਾਣੀ ਦੀ ਟੈਂਕੀ ਤੋਂ ਹੇਠ ਉਤਾਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ। ਪਰ ਕੋਈ ਵੀ ਸਾਰਥਿਕ ਹੱਲ ਹਾਲੇ ਤੱਕ ਕੋਈ ਨਹੀਂ ਨਿਕਲਿਆ।