ਬੀਹਲਾ ਦੀ ਸਰਕਾਰੀ ਡਿਸਪੈਂਸਰੀ ਸਟਾਫ਼ ਤੋਂ ਸੱਖਣੀ, ਲੋਕ ਪਰੇਸ਼ਾਨ
ਪਿੰਡ ਬੀਹਲਾ ਦੀ ਸਰਕਾਰੀ ਡਿਸਪੈਂਸਰੀ ਸਟਾਫ਼ ਤੋਂ ਸੱਖਣੀ, ਲੋਕ ਪ੍ਰੇਸ਼ਾਨ
Publish Date: Wed, 11 Feb 2026 04:10 PM (IST)
Updated Date: Wed, 11 Feb 2026 04:11 PM (IST)

- 6 ਸਾਲ ਤੋਂ ਡਾਕਟਰ ਨਹੀਂ, 5 ਹਜ਼ਾਰ ਆਬਾਦੀ ਇਲਾਜ ਤੋਂ ਵਾਂਝੀ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਜ਼ਿਲ੍ਹੇ ਦੇ ਪਿੰਡ ਬੀਹਲਾ ’ਚ ਸਰਕਾਰੀ ਸਿਹਤ ਡਿਸਪੈਂਸਰੀ ਪਿਛਲੇ ਕਈ ਸਾਲਾਂ ਤੋਂ ਸਟਾਫ਼ ਦੀ ਘਾਟ ਕਾਰਨ ਲਗਭਗ ਬੰਦ ਹਾਲਤ ’ਚ ਹੈ। ਮਰੀਜ਼ਾਂ ਲਈ ‘ਚਿੱਟਾ ਹਾਥੀ’ ਬਣ ਚੁੱਕੀ ਹੈ। ਸਰਕਾਰ ਵੱਲੋਂ ਪੇਂਡੂ ਖੇਤਰਾਂ ’ਚ ਜੋ ਸਿਹਤ ਸਹੂਲਤਾਂ ਦੇ ਦਾਅਵੇ ਕੀਤੇ ਜਾ ਰਹੇ ਹਨ, ਉਹ ਜ਼ਮੀਨੀ ਪੱਧਰ ’ਤੇ ਝੂਠੇ ਜਾਪ ਰਹੇ ਹਨ। ਕਰੀਬ 5 ਹਜ਼ਾਰ ਦੀ ਆਬਾਦੀ ਨੂੰ ਆਮ ਬਿਮਾਰੀਆਂ ਦੇ ਇਲਾਜ ਲਈ ਵੀ ਨਿੱਜੀ ਕਲੀਨਿਕਾਂ ਜਾਂ ਹਸਪਤਾਲਾਂ ’ਤੇ ਨਿਰਭਰ ਹੋਣਾ ਪੈ ਰਿਹਾ ਹੈ। ਡਿਸਪੈਂਸਰੀ ’ਚ ਦਵਾਈ ਵੰਡਣ ਵਾਲੇ ਕਰਮਚਾਰੀ ਤੇ ਚੌਥੇ ਦਰਜੇ ਦੇ ਕਰਮਚਾਰੀ ਦੀਆਂ ਅਸਾਮੀਆਂ ਮਨਜ਼ੂਰ ਹੋਣ ਦੇ ਬਾਵਜੂਦ ਦਵਾਈ ਵੰਡਣ ਵਾਲਾ ਕਰਮਚਾਰੀ ਲੰਮੇ ਸਮੇਂ ਤੋਂ ਸਰਕਾਰੀ ਹਸਪਤਾਲ ਬਰਨਾਲਾ ਨਾਲ ਅਟੈਚ ਹੈ, ਜਦਕਿ ਚੌਥੇ ਦਰਜੇ ਦਾ ਕਰਮਚਾਰੀ ਚੰਨਣਵਾਲ ਹਸਪਤਾਲ ’ਚ ਤਾਇਨਾਤ ਹੈ। ਕੇਂਦਰੀ ਯੋਜਨਾ ਹੇਠ ਨਿਯੁਕਤ ਕਮਿਊਨਿਟੀ ਸਿਹਤ ਅਫਸਰ ਵੀ ਇੱਕ ਮਹੀਨਾ ਪਹਿਲਾਂ ਭੇਜਿਆ ਗਿਆ ਸੀ ਪਰ ਉਹ ਸਿਰਫ ਇਕ-ਅੱਧ ਵਾਰ ਹੀ ਹਾਜ਼ਰ ਹੋਇਆ, ਜਿਸ ਕਾਰਨ ਇਸ ਵੇਲੇ ਸਾਰਾ ਸਿਹਤ ਕੇਂਦਰ ਸਿਰਫ਼ ਇੱਕ ਏਐੱਨਐੱਮ ਦੇ ਸਹਾਰੇ ਚੱਲ ਰਿਹਾ ਹੈ, ਜੋ ਜੱਚਾ-ਬੱਚਾ ਟੀਕਾਕਰਨ ਤੇ ਰੁਟੀਨ ਜਾਂਚ ਤਕ ਹੀ ਸੇਵਾਵਾਂ ਦੇ ਰਹੀ ਹੈ। ਇਸ ਮੌਕੇ ਏਐੱਨਐੱਮ ਕਰਮਜੀਤ ਕੌਰ ਨੇ ਦੱਸਿਆ ਕਿ ਕਰੀਬ ਛੇ ਸਾਲ ਪਹਿਲਾਂ ਡਾਕਟਰ ਦੀ ਬਦਲੀ ਤੋਂ ਬਾਅਦ ਹਾਲੇ ਤਕ ਕੋਈ ਡਾਕਟਰ ਤਾਇਨਾਤ ਨਹੀਂ ਕੀਤਾ ਗਿਆ ਤੇ ਮਰੀਜ਼ਾਂ ਦੇ ਲੈਬ ਟੈਸਟਾਂ ਦੀ ਕੋਈ ਸਹੂਲਤ ਨਾ ਹੋਣ ਕਾਰਨ ਲੋਕਾਂ ਨੂੰ ਮਹਿਲ ਕਲਾਂ, ਚੰਨਣਵਾਲ ਜਾਂ ਬਰਨਾਲਾ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਮਾਰਤ ਦੀ ਹਾਲਤ ਵੀ ਬਹੁਤ ਖਰਾਬ ਹੋ ਚੁੱਕੀ ਹੈ, ਕੰਧਾਂ ਟੁੱਟ ਰਹੀਆਂ ਹਨ, ਪੀਣ ਵਾਲੇ ਪਾਣੀ ਦੀ ਸਹੂਲਤ ਨਹੀਂ ਅਤੇ ਗਰਮੀਆਂ ’ਚ ਕੂਲਰ ਜਾਂ ਏਸੀ ਨਾ ਹੋਣ ਕਾਰਨ ਮਰੀਜ਼ਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਦੇ ਸਰਪੰਚ ਸਰਬਜੀਤ ਕੌਰ ਦੇ ਪਤੀ ਕਿਰਨਜੀਤ ਸਿੰਘ ਮਿੰਟੂ ਨੇ ਦੱਸਿਆ ਕਿ ਪੰਚਾਇਤ ਵੱਲੋਂ ਕਈ ਵਾਰ ਸਿਹਤ ਵਿਭਾਗ ਅਤੇ ਸਰਕਾਰ ਕੋਲ ਸਟਾਫ਼ ਪੂਰਾ ਕਰਨ ਲਈ ਮੰਗ ਕੀਤੀ ਗਈ ਪਰ ਹਾਲੇ ਤਕ ਕੋਈ ਢੁੱਕਵਾਂ ਕਦਮ ਨਹੀਂ ਚੁੱਕਿਆ ਗਿਆ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਧਨੇਰ ਦੇ ਇਕਾਈ ਪ੍ਰਧਾਨ ਅਵੀਦੀਪ ਸਿੰਘ, ਖਜ਼ਾਨਚੀ ਗੁਰਲਾਲ ਸਿੰਘ, ਖੁਸ਼ ਗਿੱਲ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਭਰਤੀਆਂ ਦੇ ਦਾਅਵੇ ਕਰਦੀ ਹੈ ਪਰ ਜ਼ਮੀਨੀ ਹਕੀਕਤ ’ਚ ਹਸਪਤਾਲ ਸਟਾਫ਼ ਤੋਂ ਖਾਲੀ ਹਨ ਅਤੇ ਲੋਕਾਂ ਨੂੰ ਬਾਹਰਲੇ ਹਸਪਤਾਲਾਂ ’ਚ ਇਲਾਜ ਕਰਵਾਉਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ਨਾਲ ਮਿਲ ਕੇ ਡਿਪਟੀ ਕਮਿਸ਼ਨਰ ਤੇ ਸਿਵਲ ਸਰਜਨ ਬਰਨਾਲਾ ਨੂੰ ਮਿਲ ਕੇ ਮਸਲਾ ਹੱਲ ਕਰਵਾਇਆ ਜਾਵੇਗਾ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਕੋਲੋਂ ਮੰਗ ਕੀਤੀ ਕਿ ਬੀਹਲਾ ਦੇ ਸਬ ਸਟੇਸ਼ਨ ਨੂੰ ਮਹੱਲਾ ਕਲੀਨਿਕ ਦਾ ਦਰਜਾ ਦੇ ਕੇ ਡਾਕਟਰਾਂ, ਸਟਾਫ਼ ਤੇ ਟੈਸਟ ਮਸ਼ੀਨਾਂ ਦੀ ਤੁਰੰਤ ਵਿਵਸਥਾ ਕੀਤੀ ਜਾਵੇ। ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇ ਜਲਦੀ ਹੱਲ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਕਿਉਂਕਿ ਬੁਨਿਆਦੀ ਸਿਹਤ ਸਹੂਲਤ ਹਰ ਨਾਗਰਿਕ ਦਾ ਅਧਿਕਾਰ ਹੈ।