ਈ ਸੇਵਾ : ਅਰਜ਼ੀਆਂ ਦੇ ਸਮਾਂਬੱਧ ਨਿਬੇੜੇ ਨਾਲ ਜ਼ਿਲ੍ਹਾ ਸੂਬੇ ’ਚੋਂ ਮੋਹਰੀ
ਈ ਸੇਵਾ: ਅਰਜ਼ੀਆਂ ਦੇ ਸਮਾਂਬੱਧ ਨਿਬੇੜੇ ਨਾਲ ਜ਼ਿਲ੍ਹਾ ਬਰਨਾਲਾ ਸੂਬੇ 'ਚੋਂ ਮੋਹਰੀ
Publish Date: Wed, 08 Apr 2026 05:07 PM (IST)
Updated Date: Wed, 08 Apr 2026 05:11 PM (IST)

- ਇਕ ਸਾਲ ਦੌਰਾਨ 1,08,287 ਅਰਜ਼ੀਆਂ ਪ੍ਰਾਪਤ, 97,086 ਅਰਜ਼ੀਆਂ ਦਾ ਸਮਾਂਬੱਧ ਨਿਬੇੜਾ ਕੀਤਾ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਜ਼ਿਲ੍ਹਾ ਬਰਨਾਲਾ ਈ-ਸੇਵਾ ਪੋਰਟਲ ਉੱਤੇ ਸਭ ਤੋਂ ਘੱਟ ਬਕਾਇਆ ਅਰਜ਼ੀਆਂ (0.16%) ਨਾਲ ਸੂਬੇ ਵਿੱਚ ਪਹਿਲੇ ਸਥਾਨ ਤੇ ਹੈ। ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਆਈਏਐੱਸ ਨੇ ਦੱਸਿਆ ਕਿ 8 ਅਪ੍ਰੈਲ 2025 ਤੋਂ 7 ਅਪ੍ਰੈਲ 2026 ਤੱਕ ਜ਼ਿਲ੍ਹੇ ਵਿੱਚ ਈ-ਸੇਵਾ ਅਤੇ ਕਨੈਕਟ ਪੋਰਟਲ ਰਾਹੀਂ ਕੁੱਲ 1,08,287 ਅਰਜ਼ੀਆਂ ਪ੍ਰਾਪਤ ਹੋਈਆਂ। ਇਨ੍ਹਾਂ ਵਿੱਚੋਂ 97,086 ਅਰਜ਼ੀਆਂ ਨੂੰ ਨਿਰਧਾਰਤ ਸਮੇਂ ਅੰਦਰ ਨਿਪਟਾਇਆ ਗਿਆ ਹੈ, ਜਦਕਿ 9,613 ਅਰਜ਼ੀਆਂ ਪ੍ਰਕਿਰਿਆ ਅਧੀਨ ਹਨ ਅਤੇ 1,588 ਅਰਜ਼ੀਆਂ ਵੱਖ-ਵੱਖ ਕਾਰਨਾਂ ਕਰ ਕੇ ਵਾਪਸ ਭੇਜੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਕੁੱਲ 14 ਸੇਵਾ ਕੇਂਦਰਾਂ ਰਾਹੀਂ 450 ਤੋਂ ਵੱਧ ਤਰ੍ਹਾਂ ਦੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਵਿਭਾਗਾਂ ਨੂੰ ਅਰਜ਼ੀਆਂ ਦਾ ਸਮਾਂਬੱਧ ਨਿਪਟਾਰਾ ਯਕੀਨੀ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਮਿਊਂਸੀਪਲ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਨਾਲ ਵੀ ਸਬੰਧਤ ਵੱਖ ਵੱਖ ਐੱਨਓਸੀ ਅਤੇ ਹੋਰ ਸੇਵਾਵਾਂ ਦੀਆਂ ਅਰਜ਼ੀਆਂ ਦੇ ਸਮਾਂਬੱਧ ਨਿਬੇੜੇ ਲਈ ਸਬੰਧਿਤ ਅਧਿਕਾਰੀਆਂ, ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਅਤੇ ਉਨ੍ਹਾਂ ਵੱਲੋਂ ਨਾਲੋਂ-ਨਾਲ ਅਰਜ਼ੀਆਂ ਦਾ ਨਿਬੇੜਾ ਕੀਤਾ ਜਾਂਦਾ ਹੈ, ਜਿਸ ਤਹਿਤ ਅੱਜ ਤੱਕ ਉਨ੍ਹਾਂ ਕੋਲ ਈ-ਨਕਸ਼ਾ ਪੋਰਟਲ ਉੱਤੇ ਐੱਨਓਸੀਜ਼ ਦੀ ਪੈਂਡੈਂਸੀ ਜ਼ੀਰੋ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ‘ਸਰਕਾਰ ਤੁਹਾਡੇ ਦੁਆਰ’ ਮੁਹਿੰਮ ਤਹਿਤ ਡੋਰ ਸਟੈਪ ਡਲਿਵਰੀ (ਡੀਐੱਸਡੀ) ਦੀ ਸੇਵਾ ਵੀ ਦਿੱਤੀ ਜਾ ਰਹੀ ਹੈ, ਜਿਸ ਅਧੀਨ ਨਾਗਰਿਕ 1076 ’ਤੇ ਕਾਲ ਕਰ ਕੇ 420 ਤੋਂ ਵੱਧ ਸਰਕਾਰੀ ਸੇਵਾਵਾਂ ਦਾ ਲਾਭ ਘਰ ਬੈਠੇ ਲੈ ਸਕਦੇ ਹਨ। ਇਸ ਨਾਲ ਲਾਜ਼ਮੀ ਦਸਤਾਵੇਜ਼ਾਂ ਅਤੇ ਸਰਟੀਫਿਕੇਟਾਂ ਲਈ ਲਾਈਨਾਂ ਵਿੱਚ ਖੜ੍ਹਾ ਹੋਣ ਦੀ ਲੋੜ ਨਹੀਂ। ਲੋਕ ਆਪਣੀਆਂ ਅਰਜ਼ੀਆਂ ਨੂੰ ਆਨਲਾਈਨ ਟਰੈਕ ਵੀ ਕਰ ਸਕਦੇ ਹਨ। ਇਸ ਮੌਕੇ ਆਸਥਾ ਐਨਕਲੇਵ ਬਰਨਾਲਾ ਵਾਸੀ ਹਰਸ਼ਿਤਾ ਗੁਪਤਾ ਨੇ ਦੱਸਿਆ ਕਿ 5 ਅਪ੍ਰੈਲ 2026 ਨੂੰ ਮੈਰਿਜ ਰਜਿਸਟ੍ਰੇਸ਼ਨ ਸਰਟੀਫਿਕੇਟ ਲਈ ਅਪਲਾਈ ਕੀਤਾ ਸੀ, ਜੋ ਕਿ 20 ਅਪ੍ਰੈਲ ਤਕ ਜਾਰੀ ਹੋਣਾ ਸੀ, ਜਦਕਿ ਓਸ ਨੂੰ 7 ਅਪ੍ਰੈਲ ਨੂੰ 2 ਦੋ ਦਿਨਾਂ ਦੇ ਅੰਦਰ ਸਰਟੀਫਿਕੇਟ ਜਾਰੀ ਹੋ ਗਿਆ।