ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਕਮੇਟੀ ਦਾ ਸਨਮਾਨ
ਸਾਬਕਾ ਸੈਨਿਕ ਵੈਲਫੇਅਰ ਐਸੋਸੀਏਸ਼ਨ ਵੱਲੋਂ ਮਹਿਲ ਖੁਰਦ ਕਮੇਟੀ ਦਾ ਸਨਮਾਨ
Publish Date: Wed, 01 Apr 2026 04:14 PM (IST)
Updated Date: Wed, 01 Apr 2026 04:16 PM (IST)

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ ਮਹਿਲ ਕਲਾਂ : ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਬਰਨਾਲਾ ਬਲਾਕ ਮਹਿਲ ਕਲਾਂ ਦੀ ਸਮੁੱਚੀ ਟੀਮ ਵੱਲੋਂ ਬਲਾਕ ਪ੍ਰਧਾਨ ਸੂਬੇਦਾਰ ਮੇਜਰ ਜਰਨੈਲ ਸਿੰਘ ਸਹਿਜੜਾ ਦੀ ਅਗਵਾਈ ’ਚ ਪਿੰਡ ਮਹਿਲ ਖੁਰਦ ਦੇ ਗੁਰਦੁਆਰਾ ਸਾਹਿਬ ਭਗਤ ਰਵਿਦਾਸ ਜੀ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਸੂਬੇਦਾਰ ਮੇਜਰ ਜਰਨੈਲ ਸਿੰਘ ਸਹਿਜੜਾ ਨੇ ਪਿਛਲੇ ਦਿਨੀ ਕਰਵਾਏ ਗਏ ਸ਼ਹੀਦੀ ਸੈਨਿਕ ਸਰਧਾਂਜਲੀ ਸਮਾਗਮ ਨੂੰ ਨੇਪਰੇ ਚਾੜਨ ’ਚ ਪਿੰਡ ਮਹਿਲ ਖੁਰਦ ਦੇ ਸਾਬਕਾ ਸੈਨਿਕਾਂ ਅਤੇ ਨਗਰ ਵਾਸੀਆਂ ਵੱਲੋਂ ਪਾਏ ਗਏ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਯਾਦਗਾਰੀ ਹੋ ਨਿੱਬੜਿਆ। ਜਿਸ ’ਚ ਜ਼ਿਲ੍ਹਾ ਬਰਨਾਲਾ ਤੋਂ ਇਲਾਵਾ ਦੂਸਰੇ ਜਿਲ੍ਹਿਆਂ ਦੇ ਸਾਬਕਾ ਸੈਨਿਕਾਂ ਨੇ ਵੀ ਹਾਜ਼ਰੀ ਭਰੀ। ਉਨ੍ਹਾਂ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਸਾਡਾ ਸਾਰਿਆਂ ਦਾ ਮੁੱਢਲਾ ਫਰਜ਼ ਬਣਦਾ ਹੈ ਕਿ ਅਸੀਂ ਸ਼ਹੀਦਾਂ ਦੇ ਪਰਿਵਾਰਾਂ ਦੀ ਸਮੇਂ ਸਮੇਂ ਦੇਖਭਾਲ ਕਰੀਏ ਅਤੇ ਸ਼ਹੀਦੀ ਸਮਾਗਮ ਵੱਡੇ ਪੱਧਰ ’ਤੇ ਮਨਾਉਂਦੇ ਰਹੀਏ ਤਾਂ ਕਿ ਆਉਣ ਵਾਲੀ ਪੀੜ੍ਹੀ ਦੇ ਨੌਜਵਾਨ ਇਨ੍ਹਾਂ ਤੋਂ ਸੇਧ ਲੈ ਕੇ ਇੱਕ ਚੰਗੇ ਨਾਗਰਿਕ ਬਣ ਸਕਣ। ਬਲਾਕ ਮਹਿਲ ਕਲਾਂ ਦੀ ਸਮੁੱਚੀ ਕਮੇਟੀ ਵੱਲੋਂ ਪਿੰਡ ਮਹਿਲ ਖੁਰਦ ਦੇ ਸਾਬਕਾ ਸੈਨਿਕਾਂ ਅਤੇ ਨਗਰ ਨਿਵਾਸੀਆਂ ਦਾ ਸਮਾਗਮ ਨੂੰ ਸੁਚੱਜੇ ਤਰੀਕੇ ਨਾਲ ਨੇਪਰੇ ਚਾੜ੍ਹਨ ’ਤੇ ਤਹਿ ਦਿਲ ਤੋਂ ਧੰਨਵਾਦ ਕੀਤਾ ਅਤੇ ਪਿੰਡ ਦੇ ਪ੍ਰਧਾਨ ਸੂਬੇਦਾਰ ਮੇਜਰ ਗੁਰਜੰਟ ਸਿੰਘ ਮੀਤ ਪ੍ਰਧਾਨ, ਕੈਪਟਨ ਗੁਰਜੰਟ ਸਿੰਘ, ਸੂਬੇਦਾਰ ਸਾਧੂ ਸਿੰਘ, ਸੂਬੇਦਾਰ ਰਾਜ ਕੁਮਾਰ ਸਿੰਘ, ਹੌਲਦਾਰ ਸੇਵਕ ਸਿੰਘ, ਹੌਲਦਾਰ ਜਗਤਾਰ ਸਿੰਘ, ਹੌਲਦਾਰ ਮਹਿੰਦਰ ਸਿੰਘ, ਸ਼ਹੀਦ ਗੁਰਪ੍ਰੀਤ ਸਿੰਘ ਦੇ ਭਰਾ ਸੂਬੇਦਾਰ ਸੁਖਵਿੰਦਰ ਸਿੰਘ ਨੂੰ ਸਿਰੋਪਾ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਾਕ ਮੀਤ ਪ੍ਰਧਾਨ ਕੈਪਟਨ ਗੁਰਮੇਲ ਸਿੰਘ ਛਾਪਾ, ਸੂਬੇਦਾਰ ਗੁਰਮੇਲ ਸਿੰਘ ਕੁਤਬਾ, ਹੌਲਦਾਰ ਸਪਿੰਦਰ ਸਿੰਘ ਬਲਾਕ ਜਨਰਲ ਸਕੱਤਰ, ਹੌਲਦਾਰ ਬਿੰਦਰ ਸਿੰਘ ਪੰਡੋਰੀ ਆਦਿ ਹਾਜ਼ਰ ਸਨ।