ਸਹਿਜਦੀਪ ਜੇਠੀ ਨੇ ਕਾਂਸੀ ਦਾ ਤਮਗਾ ਜਿੱਤ ਕੇ ਕੀਤਾ ਪੰਜਾਬ ਦਾ ਨਾਂ ਰੋਸ਼ਨ
ਸਹਿਜਦੀਪ ਜੇਠੀ ਨੇ ਕਾਂਸੀ ਦਾ ਤਗਮਾ ਜਿੱਤ ਕੇ ਕੀਤਾ ਪੰਜਾਬ ਦਾ ਨਾਮ ਰੋਸ਼ਨ
Publish Date: Wed, 15 Apr 2026 04:53 PM (IST)
Updated Date: Wed, 15 Apr 2026 04:57 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਮਹਾਰਾਸ਼ਟਰ ਦੇ ਨਾਗਪੁਰ ’ਚ ਹੋਈ ਨੈਸ਼ਨਲ ਜੂਨੀਅਰ ਬਾਕਸਿੰਗ ਚੈਂਪੀਅਨਸ਼ਿਪ ’ਚ ਨੌਜਵਾਨ ਬਾਕਸਰ ਸਹਿਜਦੀਪ ਜੇਠੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਮਗਾ ਆਪਣੇ ਨਾਂ ਕੀਤਾ। ਇਹ ਚੈਂਪੀਅਨਸ਼ਿਪ ਬੋਕਸਿੰਗ ਫੈਡਰੇਸ਼ਨ ਆਫ ਇੰਡੀਆ ਦੀ ਅਗਵਾਈ ਹੇਠ ਕਰਵਾਈ ਗਈ। ਸਪੋਰਟਸ ਸਕੂਲ ਜਲੰਧਰ ’ਚ 10ਵੀਂ ਜਮਾਤ ਦੇ ਵਿਦਿਆਰਥੀ ਸਹਿਜਦੀਪ ਨੇ ਮਣੀਪੁਰ, ਛੱਤੀਸਗੜ੍ਹ ਤੇ ਝਾਰਖੰਡ ਦੇ ਮਜ਼ਬੂਤ ਖਿਡਾਰੀਆਂ ਨੂੰ ਹਰਾ ਕੇ ਇਹ ਮਕਾਮ ਹਾਸਲ ਕੀਤਾ। ਚੈਂਪੀਅਨਸ਼ਿਪ ਤੋਂ ਪਹਿਲਾਂ ਸਹਿਜਦੀਪ ਦਾ ਭਾਰ ਕਰੀਬ 4 ਕਿਲੋ ਵੱਧ ਗਿਆ ਸੀ, ਪਰ ਉਸਨੇ ਸਿਰਫ ਇੱਕ ਹਫ਼ਤੇ ’ਚ ਸਖ਼ਤ ਡਾਇਟ ਤੇ ਰੋਜ਼ਾਨਾ 5 ਕਿਲੋਮੀਟਰ ਦੌੜ ਦੇ ਜ਼ਰੀਏ ਆਪਣਾ ਵਜ਼ਨ ਘਟਾਇਆ। ਇਸ ਦੇ ਨਾਲ ਹੀ ਉਹ ਸਵੇਰੇ 4:30 ਵਜੇ ਉੱਠ ਕੇ 3 ਘੰਟੇ ਅਤੇ ਸ਼ਾਮ ਨੂੰ 3 ਘੰਟੇ ਕਠਿਨ ਪ੍ਰੈਕਟਿਸ ਕਰਦਾ ਰਿਹਾ। ਉਹ ਇਸ ਸਮੇਂ ਇੰਟਰਨੈਸ਼ਨਲ ਕੋਚ ਹਰੀਅੰਤ ਕੁਮਾਰ ਤੋਂ ਟ੍ਰੇਨਿੰਗ ਲੈ ਰਿਹਾ ਹੈ। ਇਸ ਤੋਂ ਪਹਿਲਾਂ ਵੀ ਸਹਿਜਦੀਪ ਨੇ ਤਰਨਤਾਰਨ ’ਚ ਹੋਈ ਪੰਜਾਬ ਸਟੇਟ ਬਾਕਸਿੰਗ ਚੈਂਪੀਅਨਸ਼ਿਪ ’ਚ ਸੋਨੇ ਦਾ ਤਮਗਾ ਜਿੱਤਿਆ ਸੀ। ਸਹਿਜਦੀਪ ਦਾ ਕਹਿਣਾ ਹੈ ਕਿ ਉਹ ਬਚਪਨ ਤੋਂ ਹੀ ਬਾਕਸਿੰਗ ਦਾ ਸ਼ੌਂਕੀਨ ਸੀ, ਪਰ ਲਾਕਡਾਊਨ ਦੌਰਾਨ ਉਸਨੇ ਇਸ ਖੇਡ ਨੂੰ ਗੰਭੀਰਤਾ ਨਾਲ ਅਪਣਾਇਆ। ਆਪਣੇ ਵੱਡੇ ਭਰਾ ਸਾਹਿਲ ਜੇਠੀ ਨੂੰ ਬਾਕਸਿੰਗ ਕਰਦੇ ਵੇਖ ਕੇ ਉਸਨੇ ਪ੍ਰੇਰਣਾ ਲਈ ਤੇ ਨੈਸ਼ਨਲ ਪੱਧਰ ਤੱਕ ਪਹੁੰਚ ਗਿਆ ਹੈ। ਉਸ ਦੀ ਇਸ ਸਫਲਤਾ ’ਚ ਕੋਚ ਰਣਜੀਤ ਮਾਨ ਕੈਨੇਡਾ, ਇੰਟਰਨੈਸ਼ਨਲ ਬਾਕਸਰ ਹਰਪ੍ਰੀਤ ਸਿੰਘ, ਇੰਟਰਨੈਸ਼ਨਲ ਬਾਕਸਰ ਕੁਲਵਿੰਦਰ ਸਿੰਘ, ਕੋਚ ਜਸਵੀਰ ਜੱਸੀ, ਕੋਚ ਗੁਰਦਿੱਤਪੁਰੀ, ਕੋਚ ਦਵਿੰਦਰ ਗਰੇਵਾਲ, ਕੋਚ ਕੇਵਲ ਰਾਜਪਾਲ ਅਤੇ ਐਡਵੋਕੇਟ ਗੁਰਪ੍ਰੀਤ ਸਿੰਘ ਦਾ ਵੱਡਾ ਯੋਗਦਾਨ ਰਿਹਾ ਹੈ। ਸਹਿਜਦੀਪ ਦੇ ਪਿਤਾ ਸੰਦੀਪ ਜੇਠੀ ਬੈਂਕ ’ਚ ਕਰਮਚਾਰੀ ਹਨ, ਜਦਕਿ ਮਾਤਾ ਮੀਰਾ ਲਕਸ਼ਮੀ ਜੇਠੀ ਗ੍ਰਹਿਣੀ ਹਨ। ਪਰਿਵਾਰ ਦਾ ਖੇਡਾਂ ਨਾਲ ਗਹਿਰਾ ਨਾਤਾ ਹੈ, ਕਿਉਂਕਿ ਉਸਦਾ ਵੱਡਾ ਭਰਾ ਸਾਹਿਲ ਜੇਠੀ ਵੀ 4 ਵਾਰ ਨੈਸ਼ਨਲ ਪੱਧਰ ’ਤੇ ਹਿੱਸਾ ਲੈ ਚੁੱਕਿਆ ਹੈ। ਇਸ ਚੈਂਪੀਅਨਸ਼ਿਪ ’ਚ ਪੰਜਾਬ ਦੇ ਹੋਰ ਖਿਡਾਰੀਆਂ ਨੇ ਵੀ ਵਧੀਆ ਪ੍ਰਦਰਸ਼ਨ ਕੀਤਾ। ਜਨਰਲ ਸਕੱਤਰ ਸੰਤੋਸ਼ ਦੱਤਾ ਨੇ ਸਾਰੇ ਜੇਤੂ ਖਿਡਾਰੀਆਂ ਨੂੰ ਉਨ੍ਹਾਂ ਦੇ ਚੰਗੇ ਭਵਿੱਖ ਲਈ ਵਧਾਈਆਂ ਦਿੱਤੀਆਂ।