- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਦੇ ਕਾਲਕਟ ਭਵਨ ਨੂੰ ਖੇਤੀਬਾੜੀ ਵਿਭਾਗ ਤੋਂ ਖੋਹਣ ਦੇ ਯਤਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ-ਵਿਧਾਇਕ ਢਿੱਲੋਂ

- ਭਗਵੰਤ ਮਾਨ ਸਰਕਾਰ ’ਤੇ ਸੂਬੇ ਦੇ ਖੇਤੀ ਸੈਕਟਰ ਨੂੰ ਖ਼ਤਮ ਕਰਨ ਦੇ ਲਾਏ ਦੋਸ਼
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ
ਇੱਕ ਪਾਸੇ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਦੀ ਹਿਤੈਸ਼ੀ ਹੋਣ ਦਾ ਢਿੰਡੋਰਾ ਪਿੱਟ ਰਹੀ ਹੈ ਪਰ ਦੂਜੇ ਪਾਸੇ ਸੂਬੇ ਦੇ ਖੇਤੀਬਾੜੀ ਸੈਕਟਰ ਤੇ ਕਿਸਾਨਾਂ ਮਜ਼ਦੂਰਾਂ ਦੀ ਭਲਾਈ ਖਾਤਰ ਬਣੀਆਂ ਸੰਸਥਾਵਾਂ ਦੀ ਬਲੀ ਦਿੱਤੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਵਿਖੇ ਬਣੇ ਪੰਜਾਬ ਦੇ ਕਾਲਕਟ ਭਵਨ ਨੂੰ ਉਦਯੋਗ ਭਵਨ ਦੇ ਸਪੁਰਦ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਦੀ ਨਿਖੇਧੀ ਕਰਦੇ ਹੋਏ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਆਪਣੇ ਗਠਨ ਤੋਂ ਲੈ ਕੇ ਹੁਣ ਤੱਕ ਸੂਬੇ 'ਚ ਕਿਧਰੇ ਵੀ ਸਟੇਟ ਹੈੱਡ ਕੁਆਰਟਰ ਜਾਂ ਜ਼ਿਲ੍ਹਾ ਹੈੱਡ ਕੁਆਰਟਰ 'ਤੇ ਕੋਈ ਇੱਕ ਵੱਡੀ ਇਮਾਰਤ ਨਹੀਂ ਬਣਾਈ, ਬਲਕਿ ਪਿਛਲੀਆਂ ਸਰਕਾਰਾਂ ਵੱਲੋਂ ਬਣਾਈਆਂ ਇਮਾਰਤਾਂ ਦੀ ਰੈਨੋਵੇਸ਼ਨ ਕਰ ਕੇ, ਰੰਗ ਰੋਗਨ ਕਰ ਕੇ ਆਪਣੇ ਪੱਥਰ ਲਗਾ ਦਿੱਤੇ ਹਨ, ਉਨ੍ਹਾਂ ਕਿਹਾ ਕਿ ਆਪਣੀ ਇਸ ਲੜੀ ਤਹਿਤ ਪੰਜਾਬ ਸਰਕਾਰ ਖੇਤੀਬਾੜੀ ਵਿਭਾਗ ਦੀ ਧਰੋਹਰ 'ਕਾਲਕਟ ਭਵਨ' ਨੂੰ ਉਦਯੋਗ ਵਿਭਾਗ ਦੇ ਸਪੁਰਦ ਕਰਨਾ ਚਾਹੁੰਦੀ ਹੈ ਜੋ ਸਰਕਾਰ ਦੀ ਨਿੰਦਣਯੋਗ ਕਾਰਵਾਈ ਹੈ।
ਇਸ ਮੌਕੇ ਵਿਧਾਇਕ ਢਿੱਲੋਂ ਨੇ ਕਿਹਾ ਕਿ ਕਾਲਕਟ ਭਵਨ 'ਚ ਖੇਤੀਬਾੜੀ ਵਿਭਾਗ ਦੇ ਨਾਲ ਸਬੰਧਿਤ ਹੋਰ ਅਨੇਕਾਂ ਵਿਭਾਗ ਕੰਮ ਕਰ ਰਹੇ ਹਨ ਜਿਹੜੇ ਅਜੋਕੇ ਦੌਰ 'ਚ ਘਾਟੇ 'ਚ ਜਾ ਰਹੇ ਖੇਤੀਬਾੜੀ ਦੇ ਧੰਦੇ ਨੂੰ ਬਚਾਉਣ ਲਈ ਯਤਨਸ਼ੀਲ ਹਨ ਪਰ ਸਰਕਾਰ ਇਨ੍ਹਾਂ ਕੋਸ਼ਿਸ਼ਾਂ ਨੂੰ ਵੀ ਖਤਮ ਕਰਨ ਦੇ ਰਾਹ ਤੁਰੀ ਹੋਈ ਹੈ। ਵਿਧਾਇਕ ਢਿੱਲੋਂ ਨੇ ਕਿਹਾ ਕਿ ਭਾਵੇਂ ਉਦਯੋਗਿਕ ਵਿਕਾਸ ਸਮੇਂ ਦੀ ਲੋੜ ਹੈ ਪਰ ਇਸ ਵਿਕਾਸ ਲਈ ਸੂਬੇ ਦੀ ਖੇਤੀ ਅਤੇ ਕਿਸਾਨਾਂ ਨੂੰ ਸਮਰਪਿਤ ਕਿਸੇ ਸੰਸਥਾ ਦੀ ਬਲੀ ਨਹੀਂ ਦਿੱਤੀ ਜਾਣੀ ਚਾਹੀਦੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਉਦਯੋਗ ਵਿਭਾਗ ਦੇ ਮੰਤਰੀ ਸੰਜੀਵ ਅਰੋੜਾ ਆਪਣੇ ਦਿੱਲੀ ਵਾਲੇ ਆਕਾ ਦੇ ਇਸ਼ਾਰਿਆਂ ਤੇ ਪੰਜਾਬ 'ਚ ਖੇਤੀ ਸੈਕਟਰ ਨੂੰ ਖਤਮ ਕਰਨ ਲਈ ਕੰਮ ਕਰ ਰਹੇ ਹਨ ਜਿਨ੍ਹਾਂ ਦੀ ਅੱਖ ਪਹਿਲਾਂ ਪੰਜਾਬ ਦੀਆਂ ਬੇਸ਼ਕੀਮਤੀ ਜ਼ਮੀਨਾਂ 'ਤੇ ਟਿਕੀ ਹੋਈ ਸੀ ਪਰ ਕਾਂਗਰਸ ਅਤੇ ਕਿਸਾਨ ਜਥੇਬੰਦੀਆਂ ਦੇ ਵਿਰੋਧ ਸਦਕਾ ਮੰਤਰੀ ਨੂੰ ਆਪਣੇ ਕਦਮ ਪਿੱਛੇ ਹਟਾਉਣੇ ਪਏ ਅਤੇ ਹੁਣ ਸੰਜੀਵ ਅਰੋੜਾ ਨੇ ਪੰਜਾਬ ਦੀ ਖੇਤੀ ਅਤੇ ਕਿਸਾਨਾਂ ਦੀ ਭਲਾਈ ਲਈ ਕੰਮ ਕਰ ਰਹੀ ਸੰਸਥਾ ਕਾਲਕਟ ਭਵਨ 'ਤੇ ਅੱਖ ਰੱਖ ਲਈ ਹੈ, ਜਿਸ ਤਹਿਤ ਕਾਲਕਟ ਭਵਨ ਨੂੰ ਖੇਤੀਬਾੜੀ ਵਿਭਾਗ ਤੋਂ ਟਰਾਂਸਫਰ ਕਰ ਕੇ ਉਦਯੋਗ ਵਿਭਾਗ ਦੇ ਸਪੁਰਦ ਕੀਤਾ ਜਾ ਰਿਹਾ ਹੈ। ਵਿਧਾਇਕ ਢਿੱਲੋਂ ਨੇ ਕਿਹਾ ਕਿ ਕਾਂਗਰਸ ਭਗਵੰਤ ਮਾਨ ਸਰਕਾਰ ਦੇ ਇਨ੍ਹਾਂ ਕੋਸ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ। ਵਿਧਾਇਕ ਢਿੱਲੋਂ ਨੇ ਕਿਹਾ ਕਿ ਕਾਲਕਟ ਭਵਨ ਪੰਜਾਬ ਦੀ ਖੇਤੀ ਨੂੰ ਸਮਰਪਿਤ ਹੋ ਕੇ ਕੰਮ ਕਰਨ ਵਾਲੇ ਗੁਰਚਰਨ ਸਿੰਘ ਕਾਲਕਟ ਦੇ ਨਾਮ 'ਤੇ ਬਣਿਆ ਹੋਇਆ ਹੈ ਜਿਨਾਂ ਨੂੰ ਪਦਮਸ੍ਰੀ ਐਵਾਰਡ ਵੀ ਦਿੱਤਾ ਗਿਆ, ਪਰ ਦੁੱਖ ਦੀ ਗੱਲ ਹੈ ਕਿ ਪੰਜਾਬ ਸਰਕਾਰ ਇੱਕ ਖੇਤੀ ਵਿਗਿਆਨੀ ਦੇ ਨਾਮ ਨੂੰ ਛੋਟਾ ਕਰਨਾ ਚਾਹੁੰਦੀ ਹੈ। ਵਿਧਾਇਕ ਢਿੱਲੋਂ ਨੇ ਕਿਹਾ ਕਿ 'ਆਪ' ਸਰਕਾਰ ਨੇ ਪੰਜਾਬ ਦੀਆਂ ਬੇਸ਼ਕੀਮਤੀ ਜਾਇਦਾਦਾਂ ਨੂੰ ਵੇਚ ਦਿੱਤਾ ਹੈ ਜਾਂ ਗਿਰਵੀ ਰੱਖ ਦਿੱਤਾ ਹੈ ਪਰ ਹੁਣ ਭਗਵੰਤ ਮਾਨ ਸਰਕਾਰ ਦੀਆਂ ਅਜਿਹੀਆਂ ਕੋਸ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਇਨ੍ਹਾਂ ਕੋਸ਼ਿਸ਼ਾਂ ਦਾ ਹਰ ਮੁਹਾਜ਼ 'ਤੇ ਕਾਂਗਰਸ ਵੱਲੋਂ ਡੱਟ ਕੇ ਵਿਰੋਧ ਕੀਤਾ ਜਾਵੇਗਾ।