ਖਾਲਸਾ ਪੰਥ ਦੇ ਸਾਜਨਾ ਦਿਹਾੜੇ ਵਿਸਾਖੀ ਨੂੰ ਧੂਮਧਾਮ ਨਾਲ ਮਨਾਇਆ
ਖਾਲਸਾ ਪੰਥ ਦੇ ਸਾਜਨਾ ਦਿਹਾੜੇ ਵਿਸਾਖੀ ਨੂੰ ਧੂਮਧਾਮ ਨਾਲ ਮਨਾਇਆ
Publish Date: Wed, 15 Apr 2026 03:27 PM (IST)
Updated Date: Wed, 15 Apr 2026 03:30 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਜੀ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਹਾੜੇ ਵਿਸਾਖੀ ਨੂੰ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਪਵਿੱਤਰ ਮੌਕੇ ’ਤੇ ਦੂਰ-ਦੂਰ ਤੋਂ ਆਈਆਂ ਸੰਗਤਾਂ ਨੇ ਗੁਰੂ ਘਰ ’ਚ ਹਾਜ਼ਰੀ ਭਰ ਕੇ ਗੁਰੂ ਸਾਹਿਬ ਦੀ ਬਾਣੀ ਨਾਲ ਆਪਣੇ ਜੀਵਨ ਨੂੰ ਰੌਸ਼ਨ ਕੀਤਾ। ਸਮਾਗਮ ਦੀ ਸ਼ੁਰੂਆਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਨਾਲ ਹੋਈ, ਜਿਸ ਤੋਂ ਬਾਅਦ ਸੁੰਦਰ ਦੀਵਾਨ ਸਜਾਇਆ ਗਿਆ। ਇਸ ਦੌਰਾਨ ਪੰਥ ਦੇ ਪ੍ਰਸਿੱਧ ਭਾਈ ਜਸਕੀਰਤ ਸਿੰਘ ਹਜ਼ੂਰੀ ਰਾਗੀ ਸਿੰਘ ਦੇ ਜੱਥੇ ਨੇ ਰਸਭਰੇ ਕੀਰਤਨ ਦੁਆਰਾ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਇਸ ਦੇ ਨਾਲ ਹੀ ਭਾਈ ਮਲਕੀਤ ਸਿੰਘ ਲੋਂਗੋਵਾਲ ਦੇ ਢਾਡੀ ਜਥੇ ਨੇ ਵੀਰ ਰਸ ਭਰਪੂਰ ਵਾਰਾਂ ਰਾਹੀਂ ਸਿੱਖ ਇਤਿਹਾਸ ਦੀਆਂ ਸ਼ੂਰਵੀਰ ਕਥਾਵਾਂ ਨੂੰ ਜੀਵੰਤ ਕੀਤਾ ਅਤੇ ਭਾਈ ਰਾਜਵਿੰਦਰ ਸਿੰਘ ਦੇ ਕਵੀਸ਼ਰੀ ਜਥੇ ਨੇ ਆਪਣੇ ਅੰਦਾਜ਼ ’ਚ ਗੁਰੂ ਮਹਿਮਾ ਦਾ ਗੁਣਗਾਨ ਕਰਦੇ ਹੋਏ ਹਾਜ਼ਰ ਸੰਗਤਾਂ ਨੂੰ ਮੰਤਰਮੁਗਧ ਕੀਤਾ। ਇਸ ਮੌਕੇ ਜਥੇਦਾਰ ਪਰਮਜੀਤ ਸਿੰਘ ਖਾਲਸਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੁਰਜੀਤ ਸਿੰਘ ਠੀਕਰੀਵਾਲਾ ਮੈਨੇਜਰ ਗੁਰਦੁਆਰਾ ਬਾਬਾ ਗਾਂਧਾ ਸਿੰਘ ਵੱਲੋਂ ਸਮਾਗਮ ’ਚ ਪਹੁੰਚੇ ਹੋਏ ਵਿਸ਼ੇਸ਼ ਮਹਿਮਾਨਾਂ, ਰਾਗੀ ਸਿੰਘਾਂ, ਢਾਡੀ ਅਤੇ ਕਵੀਸ਼ਰੀ ਜਥਿਆਂ ਦਾ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਸੇਵਾਦਾਰਾਂ ਨੇ ਵੀ ਬੜੀ ਨਿਮਰਤਾ ਨਾਲ ਆਪਣੀਆਂ ਸੇਵਾਵਾਂ ਨਿਭਾਈਆਂ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ, ਪੂਰਾ ਮਾਹੌਲ ਗੁਰੂ ਪ੍ਰੇਮ, ਭਾਈਚਾਰੇ ਅਤੇ ਸੇਵਾ ਭਾਵਨਾ ਨਾਲ ਰੰਗਿਆ ਹੋਇਆ ਸੀ।