ਜੀਜੀਐੱਸ ਵਰਲਡ ਸਕੂਲ ’ਚ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
ਜੀ. ਜੀ.ਐੱਸ ਵਰਲਡ ਸਕੂਲ ’ਚ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
Publish Date: Wed, 15 Apr 2026 04:26 PM (IST)
Updated Date: Wed, 15 Apr 2026 04:30 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਵਿਸਾਖੀ, ਪੰਜਾਬੀਆਂ ਦਾ ਮਹੱਤਵਪੂਰਨ ਤਿਉਹਾਰ ਹੈ ਅਤੇ ਇਹ ਖਾਲਸਾ ਪੰਥ ਦੇ ਸਥਾਪਨਾ ਦਿਹਾੜੇ ਵਜੋਂ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਜੀਜੀਐੱਸ ਵਰਲਡ ਸਕੂਲ ’ਚ ਇਸ ਮੌਕੇ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ, ਜਿਸਦੀ ਅਗਵਾਈ ਸਕੂਲ ਦੇ ਮੁੱਖ ਅਧਿਆਪਕਾ ਅਨੁਰਾਧਾ ਸ਼ਰਮਾ ਨੇ ਕੀਤੀ। ਸਵੇਰ ਤੋਂ ਹੀ ਸਕੂਲ ਦਾ ਮਾਹੌਲ ਰੰਗੀਨ ਸੀ। ਕਿੰਡਰਗਾਰਟਨ ਦੇ ਨਿੱਕੇ-ਨਿੱਕੇ ਬੱਚੇ ਪੰਜਾਬੀ ਪਹਿਰਾਵੇ, ਪੱਗਾਂ, ਫੁੱਲਕਾਰੀਆਂ, ਚੂੜੀਆਂ ’ਚ ਸਜ-ਧਜ ਕੇ ਆਏ। ਉਨ੍ਹਾਂ ਦੇ ਚਿਹਰਿਆਂ ’ਤੇ ਖੁਸ਼ੀ ਸਾਫ਼ ਝਲਕ ਰਹੀ ਸੀ। ਨੰਨ੍ਹੇ-ਮੁੰਨੇ ਬੱਚੇ ਬਹੁਤ ਸੋਹਣੇ ਲੱਗ ਰਹੇ ਸਨ, ਜਿਵੇਂ ਪੰਜਾਬੀ ਸੱਭਿਆਚਾਰ ਦੇ ਛੋਟੇ-ਛੋਟੇ ਦੂਤ ਹੋਣ। ਵਿਸਾਖੀ ਮਨਾਉਣ ਲਈ ਸਭ ਤੋਂ ਪਹਿਲਾਂ ਇੱਕ ਸਪੈਸ਼ਲ ਅਸੈਂਬਲੀ ਕਰਵਾਈ ਗਈ। ਅਸੈਂਬਲੀ ਦੀ ਸ਼ੁਰੂਆਤ ਪ੍ਰਾਰਥਨਾ ਅਤੇ ਸਾਂਝੇ ਤੌਰ ’ਤੇ ਗਾਏ ਗਏ ਦੇਸ਼ ਭਗਤੀ ਗੀਤ ਨਾਲ ਹੋਈ। ਇਸ ਤੋਂ ਬਾਅਦ ਬੱਚਿਆਂ ਨੂੰ ਵਿਸਾਖੀ ਦੇ ਇਤਿਹਾਸ ਅਤੇ ਮਹੱਤਤਾ ਬਾਰੇ ਦੱਸਿਆ ਗਿਆ। ਇਹ ਤਿਉਹਾਰ ਰੱਬ ਦੀ ਰਹਿਮਤ ਨਾਲ ਪੱਕੀ ਫ਼ਸਲ ਦੀ ਖੁਸ਼ੀ ’ਚ ਮਨਾਇਆ ਜਾਂਦਾ ਹੈ ਅਤੇ 1699 ਈਸਵੀ ’ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਨੰਨ੍ਹੇ-ਮੁੰਨੇ ਬੱਚਿਆਂ ਵੱਲੋਂ ਵੱਖ-ਵੱਖ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ। ਸੀਨੀਅਰ ਕਲਾਸਾਂ ਦੇ ਵਿਦਿਆਰਥੀਆਂ ਲਈ ਵਿਸਾਖੀ ਦੇ ਸੰਬੰਧ ’ਚ ਇੱਕ ਇੰਟਰੈਕਟਿਵ ਕੁਇਜ਼ ਕਰਵਾਈ ਗਈ। ਇਸ ’ਚ ਪੰਜਾਬ ਦੇ ਇਤਿਹਾਸ, ਖਾਲਸਾ ਪੰਥ, ਵਿਸਾਖੀ ਦੀਆਂ ਰਸਮਾਂ ਅਤੇ ਫ਼ਸਲ ਚਦੀ ਮਹੱਤਤਾ ਬਾਰੇ ਸਵਾਲ ਪੁੱਛੇ ਗਏ। ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੀ ਜਾਣਕਾਰੀ ਦਾ ਲੋਹਾ ਮਨਵਾਇਆ। ਇਸ ਮੌਕੇ ਸਕੂਲ ਦੇ ਚੇਅਰਮੈਨ ਸੁਦਾਗਰ ਸਿੰਘ ਚਹਿਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਸੰਬੋਧਨ ਕਰਦਿਆਂ ਬੱਚਿਆਂ ਨੂੰ ਵਿਸਾਖੀ ਦੀ ਡੂੰਘੀ ਮਹੱਤਤਾ ਬਾਰੇ ਸਮਝਾਇਆ। ਉਨ੍ਹਾਂ ਕਿਹਾ ਕਿ ਵਿਸਾਖੀ ਸਿਰਫ਼ ਫ਼ਸਲੀ ਤਿਉਹਾਰ ਹੀ ਨਹੀਂ, ਸਗੋਂ ਇਹ ਸਾਨੂੰ ਭਾਈਚਾਰੇ, ਸਾਂਝ ਅਤੇ ਸ਼ਹੀਦੀ ਦੀ ਗਾਥਾ ਸਿਖਾਉਂਦੀ ਹੈ। ਉਨ੍ਹਾਂ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਅਤੇ ਇਤਿਹਾਸ ਨਾਲ ਜੁੜੇ ਰਹਿਣ ਦਾ ਸੰਦੇਸ਼ ਦਿੱਤਾ। ਇਸ ਪ੍ਰੋਗਰਾਮ ’ਚ ਸਮੂਹ ਸਟਾਫ਼, ਅਧਿਆਪਕ ਅਤੇ ਹੋਰ ਵਰਕਰ ਵੀ ਮੌਜੂਦ ਸਨ। ਸਭ ਨੇ ਮਿਲ ਕੇ ਵਿਸਾਖੀ ਦੀਆਂ ਮੁਬਾਰਕਾਂ ਦਿੱਤੀਆਂ।