ਮਹਿਲ ਕਲਾਂ ’ਚ ਤਹਿਸੀਲਦਾਰ ਅੰਮ੍ਰਿਤਪਾਲ ਕੌਰ ਨੇ ਸੰਭਾਲਿਆ ਚਾਰਜ
ਮਹਿਲ ਕਲਾਂ ਤਹਿਸੀਲ ’ਚ ਨਵੀਂ ਪ੍ਰਸ਼ਾਸਕੀ ਸ਼ੁਰੂਆਤ, ਤਹਿਸੀਲਦਾਰ ਅੰਮ੍ਰਿਤਪਾਲ ਕੌਰ ਨੇ ਸੰਭਾਲਿਆ ਚਾਰਜ
Publish Date: Wed, 18 Mar 2026 03:44 PM (IST)
Updated Date: Wed, 18 Mar 2026 03:46 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਤਹਿਸੀਲ ਪੱਟੀ ਤੋਂ ਤਬਾਦਲੇ ਉਪਰੰਤ ਮਹਿਲ ਕਲਾਂ ਤਹਿਸੀਲ ਨੂੰ ਨਵੀਂ ਪ੍ਰਸ਼ਾਸਕੀ ਅਗਵਾਈ ਮਿਲੀ ਹੈ, ਜਿੱਥੇ ਮੈਡਮ ਅੰਮ੍ਰਿਤਪਾਲ ਕੌਰ ਨੇ ਸਮੂਹ ਸਟਾਫ ਦੀ ਹਾਜ਼ਰੀ ’ਚ ਤਹਿਸੀਲਦਾਰ ਵਜੋਂ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ। ਚਾਰਜ ਸੰਭਾਲਣ ਮੌਕੇ ਦਫ਼ਤਰ ’ਚ ਗੰਭੀਰਤਾ ਦੇ ਨਾਲ-ਨਾਲ ਉਤਸ਼ਾਹ ਭਰਿਆ ਮਾਹੌਲ ਵੀ ਵੇਖਣ ਨੂੰ ਮਿਲਿਆ, ਜੋ ਨਵੇਂ ਪ੍ਰਸ਼ਾਸਕੀ ਦੌਰ ਦੀ ਸ਼ੁਰੂਆਤ ਦਾ ਸੰਕੇਤ ਦੇ ਰਿਹਾ ਸੀ। ਚਾਰਜ ਸੰਭਾਲਣ ਉਪਰੰਤ ਤਹਿਸੀਲਦਾਰ ਅੰਮ੍ਰਿਤਪਾਲ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੌਂਪੀ ਗਈ ਇਸ ਮਹੱਤਵਪੂਰਨ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ, ਤਨਦੇਹੀ ਅਤੇ ਲਗਨ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਤਹਿਸੀਲ ਮਹਿਲ ਕਲਾਂ ਦੇ ਅਧੀਨ ਆਉਂਦੇ ਸਾਰੇ ਪਿੰਡਾਂ ਦੇ ਲੋਕਾਂ ਨੂੰ ਦਫ਼ਤਰ ’ਚ ਆਪਣੇ ਕੰਮ ਕਰਵਾਉਣ ਦੌਰਾਨ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਹਰ ਅਰਜ਼ੀ ਦਾ ਨਿਪਟਾਰਾ ਸਮੇਂ-ਸਿਰ ਅਤੇ ਨਿਯਮਾਂ ਅਨੁਸਾਰ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਦਫ਼ਤਰ ਦੇ ਸਾਰੇ ਕੰਮ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਕੀਤੇ ਜਾਣਗੇ ਅਤੇ ਕਿਸੇ ਵੀ ਤਰ੍ਹਾਂ ਦੀ ਦੇਰੀ ਜਾਂ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਸਟਾਫ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਕਿ ਆਮ ਜਨਤਾ ਦੇ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਨਿਪਟਾਇਆ ਜਾਵੇ ਅਤੇ ਦਫ਼ਤਰ ’ਚ ਆਉਣ ਵਾਲੇ ਹਰ ਵਿਅਕਤੀ ਨਾਲ ਸਨਮਾਨਪੂਰਵਕ ਅਤੇ ਨਰਮ ਰਵੱਈਏ ਨਾਲ ਪੇਸ਼ ਆਇਆ ਜਾਵੇ। ਰੀਡਰ ਮਨਦੀਪ ਸਿੰਘ, ਸਬ ਰਜਿਸਟਰਾਰ ਗੁਰਸੇਵਕ ਸਿੰਘ, ਕਲਰਕ ਸਰਬਜੀਤ ਕੌਰ, ਰਮਨਪ੍ਰੀਤ ਸ਼ਰਮਾ, ਪਟਵਾਰੀ ਗੁਰਬਖਸ਼ ਸਿੰਘ, ਫਰਦ ਕੇਂਦਰ ਦੇ ਇੰਚਾਰਜ ਗੌਰਵ ਅਤੇ ਕਲਰਕ ਗੌਰਵ ਪਟਿਆਲਾ ਵੱਲੋਂ ਸਾਂਝੇ ਤੌਰ ’ਤੇ ਗੁਲਦਸਤਾ ਭੇਟ ਕਰ ਕੇ ਅੰਮ੍ਰਿਤਪਾਲ ਕੌਰ ਦਾ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਜੀ ਆਇਆਂ ਆਖਿਆ ਗਿਆ। ਇਸ ਤੋਂ ਇਲਾਵਾ ਨੰਬਰਦਾਰ ਗੁਰਮੁੱਖ ਸਿੰਘ ਹਮੀਦੀ, ਸੇਵਾਦਾਰ ਕੌਰ ਸਿੰਘ ਪੰਡੋਰੀ ਅਤੇ ਹੋਰ ਕਰਮਚਾਰੀ ਵੀ ਇਸ ਮੌਕੇ ਹਾਜ਼ਰ ਰਹੇ। ਸਮੂਹ ਸਟਾਫ ਵੱਲੋਂ ਨਵੀਂ ਤਹਿਸੀਲਦਾਰ ਨਾਲ ਮਿਲ ਕੇ ਕੰਮ ਕਰਨ ਦਾ ਭਰੋਸਾ ਦਿੱਤਾ ਗਿਆ ਅਤੇ ਉਮੀਦ ਜਤਾਈ ਗਈ ਕਿ ਉਨ੍ਹਾਂ ਦੀ ਅਗਵਾਈ ਹੇਠ ਤਹਿਸੀਲ ਦੀ ਕਾਰਗੁਜ਼ਾਰੀ ਹੋਰ ਸੁਚੱਜੀ ਅਤੇ ਤੇਜ਼ ਹੋਵੇਗੀ। ਨਵੀਂ ਤਾਇਨਾਤੀ ਨਾਲ ਮਹਿਲ ਕਲਾਂ ਤਹਿਸੀਲ ’ਚ ਪ੍ਰਸ਼ਾਸਕੀ ਤੰਤਰ ਨੂੰ ਨਵੀਂ ਰਫ਼ਤਾਰ ਮਿਲਣ ਦੀ ਸੰਭਾਵਨਾ ਹੈ ਅਤੇ ਆਮ ਲੋਕਾਂ ਨੂੰ ਸਰਕਾਰੀ ਸੇਵਾਵਾਂ ਹੋਰ ਸੁਗਮ ਅਤੇ ਸਮੇਂ-ਸਿਰ ਪ੍ਰਾਪਤ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।