- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਹੁਲ ਗਾਂਧੀ ਦੀ ਬਰਨਾਲਾ ਰੈਲੀ ਪੰਜਾਬ 'ਚ ਸੱਤਾ ਤਬਦੀਲੀ ਦਾ ਮੁੱਢ ਬੰਨ੍ਹੇਗੀ, ਲੋਕਾਂ ’ਚ ਭਾਰੀ ਉਤਸ਼ਾਹ- ਕੰਬੋਜ, ਢਿੱਲੋਂ

- ਰੈਲੀ ਦੀਆਂ ਤਿਆਰੀਆਂ ਲਗਭਗ ਮੁਕੰਮਲ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ਪੰਜਾਬ ਦੇ ਲੋਕ ਕਾਂਗਰਸ ਵੱਲੋਂ ਬਰਨਾਲਾ ਵਿਖੇ 28 ਫਰਵਰੀ ਨੂੰ ਕੀਤੀ ਜਾ ਰਹੀ ਰੈਲੀ ’ਚ ਰਾਹੁਲ ਗਾਂਧੀ ਦੇ ਸਵਾਗਤ ਲਈ ਪੱਬਾਂ ਭਾਰ ਹਨ ਅਤੇ ਲੋਕਾਂ ਦਾ ਉਤਸ਼ਾਹ ਦੱਸ ਰਿਹਾ ਹੈ ਕਿ ਬਰਨਾਲਾ ਰੈਲੀ ਪੰਜਾਬ ਦੀ ਰਾਜਨੀਤੀ ’ਚ ਇੱਕ ਇਤਿਹਾਸਕ ਮੋੜ ਸਾਬਿਤ ਹੋਵੇਗੀ। ਕਾਂਗਰਸ ਦੇ ਸੀਨੀਅਰ ਆਗੂ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੀ ਬਰਨਾਲਾ ਰੈਲੀ ਪੰਜਾਬ 'ਚ ਸੱਤਾ ਤਬਦੀਲੀ ਦਾ ਮੁੱਢ ਬੰਨ੍ਹੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਵੱਲੋਂ ਰੈਲੀ ਲਈ ਕੋਆਰਡੀਨੇਟਰ ਨਿਯੁਕਤ ਕੀਤੇ ਸੀਨੀਅਰ ਕਾਂਗਰਸ ਆਗੂ ਹਰਦਿਆਲ ਸਿੰਘ ਕੰਬੋਜ ਸਾਬਕਾ ਵਿਧਾਇਕ ਅਤੇ ਬਰਨਾਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕੀਤਾ। ਉਨ੍ਹਾਂ ਕਿਹਾ ਕਿ ਬਰਨਾਲਾ ਦੀ ਅਨਾਜ ਮੰਡੀ 'ਚ 28 ਫਰਵਰੀ ਨੂੰ ਹੋ ਰਹੀ ਕਾਂਗਰਸ ਪਾਰਟੀ ਦੀ ਇਹ ਰੈਲੀ ਪੰਜਾਬ 'ਚੋਂ ਸੱਤਾਧਾਰੀ ਆਮ ਆਦਮੀ ਪਾਰਟੀ ਦਾ ਬੋਰੀਆ ਬਿਸਤਰਾ ਗੋਲ ਕਰਨ ਲਈ ਰਣਨੀਤਿਕ ਅਤੇ ਰਾਜਨੀਤਿਕ ਪ੍ਰਕਿਰਿਆ ਦਾ ਆਗਾਜ਼ ਕਰੇਗੀ।
ਇਸ ਮੌਕੇ ਉਕਤ ਆਗੂਆਂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਆਪਣੇ ਆਪ ਨੂੰ ਥੋੜ੍ਹੇ ਸਮੇਂ 'ਚ ਮੁਲਕ ਦੇ ਭਵਿੱਖ ਦੇ ਆਗੂ ਦੇ ਰੂਪ ’ਚ ਸਥਾਪਿਤ ਕੀਤਾ ਹੈ ਅਤੇ ਬਰਨਾਲਾ ਰੈਲੀ ਜਿੱਥੇ ਰਾਹੁਲ ਗਾਂਧੀ ਦੇ ਇਸ ਵਕਾਰ ਨੂੰ ਹੋਰ ਵੱਡਾ ਕਰੇਗੀ, ਉੱਥੇ ਪੰਜਾਬ 'ਚ ਖਾਸ ਕਰ ਕੇ ਮਾਲਵਾ ਖੇਤਰ 'ਚ ਕਾਂਗਰਸ ਪਾਰਟੀ ਨੂੰ ਇੱਕ ਅਜਿਹਾ ਸਿਆਸੀ ਉਤਸ਼ਾਹ ਮਿਲੇਗਾ, ਜੋ ਕਾਂਗਰਸ ਨੂੰ ਪੰਜਾਬ ਦੀ ਸੱਤਾ ਤਕ ਲੈ ਕੇ ਜਾਵੇਗਾ। ਕੰਬੋਜ ਅਤੇ ਢਿੱਲੋਂ ਨੇ ਕਿਹਾ ਕਿ ਰਾਹੁਲ ਗਾਂਧੀ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਇੱਕ ਸਾਜਿਸ਼ ਤਹਿਤ ਮਗਨਰੇਗਾ ਸਕੀਮ ਨੂੰ ਖਤਮ ਕਰਨ ਖ਼ਿਲਾਫ਼ ਇੱਕ ਸੁਨੇਹਾ ਲੈ ਕੇ ਭਾਰਤ ’ਚ ਨਿਕਲੇ ਹਨ ਅਤੇ ਇਹੀ ਸੁਨੇਹਾ ਲੈ ਕੇ ਉਹ ਪੰਜਾਬ ਆ ਰਹੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਹੀ ਇੱਕੋ ਇੱਕ ਅਜਿਹੇ ਆਗੂ ਹਨ ਜਿਹੜੇ ਭਾਜਪਾ ਦੀਆਂ ਫਿਰਕੂ ਨੀਤੀਆਂ ਅਤੇ ਮੁਲਕ ਵਿਰੋਧੀ ਸਾਜ਼ਿਸਾਂ ਨੂੰ ਰੋਕ ਸਕਦੇ ਹਨ ਅਤੇ ਭਾਰਤ ਦੇ ਲੋਕ ਇਸ ਸੱਚਾਈ ਨੂੰ ਸਮਝ ਚੁੱਕੇ ਹਨ, ਜਿਸ ਤੋਂ ਭਾਜਪਾ ਨਿਰਾਸ਼ਤਾ ਦੇ ਆਲਮ ’ਚ ਹੈ। ਉਕਤ ਆਗੂਆਂ ਨੇ ਦੱਸਿਆ ਕਿ 28 ਫਰਵਰੀ ਦੀ ਬਰਨਾਲਾ ਰੈਲੀ ਲਈ ਤਿਆਰੀਆਂ ਲਗਭਗ ਮੁਕੰਮਲ ਹਨ ਅਤੇ ਰੈਲੀ ’ਚ ਹੋਣ ਵਾਲਾ ਵਿਸ਼ਾਲ ਇਕੱਠ ਜਿੱਥੇ ਪੰਜਾਬ 'ਚ ਆਮ ਆਦਮੀ ਪਾਰਟੀ, ਭਾਜਪਾ ਤੇ ਅਕਾਲੀ ਦਲ ਦੀਆਂ ਸਿਆਸੀ ਚੂਲਾਂ ਢਿੱਲੀਆਂ ਕਰੇਗਾ, ਉੱਥੇ ਪੰਜਾਬ ਦੀ ਰਾਜਨੀਤੀ 'ਚ ਕਾਂਗਰਸ ਦੀਆਂ ਜੜਾਂ ਮਜਬੂਤ ਕਰੇਗਾ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 28 ਫਰਵਰੀ ਦੀ ਬਰਨਾਲਾ ਰੈਲੀ 'ਚ ਵੱਡੀ ਪੱਧਰ 'ਤੇ ਸ਼ਮੂਲੀਅਤ ਕਰਨ ਤਾਂ ਜੋ ਪੰਜਾਬ ਦੀ ਸਿਆਸੀ ਫਿਜ਼ਾ 'ਚ ਫਿਰਕਾਪ੍ਰਸਤੀ ਅਤੇ ਨਿੱਜਪ੍ਰਸਤੀ ਦਾ ਰੰਗ ਘੋਲਣ ਵਾਲੀਆਂ ਪਾਰਟੀਆਂ ਨੂੰ ਪੰਜਾਬ ਦੇ ਰਾਜਨੀਤਿਕ ਨਕਸ਼ੇ ਤੋਂ ਲਾਂਭੇ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਰਾਹੁਲ ਗਾਂਧੀ ਦੇ ਨਾਲ ਆਲ ਇੰਡੀਆ ਕਾਂਗਰਸ ਕਮੇਟੀ ਦੇ ਕਈ ਹੋਰ ਸੀਨੀਅਰ ਅਹੁਦੇਦਾਰ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਸਾਰੇ ਸੀਨੀਅਰ ਆਗੂ ਵੀ ਸ਼ਮੂਲੀਅਤ ਕਰਨਗੇ।