ਡਿਪਟੀ ਮੈਡੀਕਲ ਕਮਿਸ਼ਨਰ ਵੱਲੋਂ ਸੀਐੱਚਸੀ ਦਾ ਦੌਰਾ
ਡਿਪਟੀ ਮੈਡੀਕਲ ਕਮਿਸ਼ਨਰ ਵੱਲੋਂ ਸੀ ਐਚ ਸੀ ਮਹਿਲ ਕਲਾਂ ਦਾ ਦੌਰਾ
Publish Date: Wed, 11 Mar 2026 05:37 PM (IST)
Updated Date: Wed, 11 Mar 2026 05:39 PM (IST)

ਸਟਾਫ਼ ਰਿਪੋਰਟਰ, ਪੰਜਾਬ ਜਾਗਰਣ, ਬਰਨਾਲਾ : ਡਿਪਟੀ ਮੈਡੀਕਲ ਕਮਿਸ਼ਨਰ ਡਾ. ਗੁਰਮਿੰਦਰ ਕੌਰ ਔਜਲਾ ਵੱਲੋਂ ਸੀਐੱਚਸੀ ਮਹਿਲ ਕਲਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਮੁੱਖ ਮੰਤਰੀ ਸਿਹਤ ਯੋਜਨਾ ਦੇ ਕੰਮਕਾਜ ਦੀ ਗੰਭੀਰਤਾ ਨਾਲ ਚੈਕਿੰਗ ਕੀਤੀ ਗਈ। ਉਨ੍ਹਾਂ ਵੱਲੋਂ ਆਸ਼ਾ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਆਪਣੇ ਏਰੀਏ ਦੇ ਲੋਕਾਂ ਦੇ ਸਿਹਤ ਕਾਰਡ ਬਣਾਉਣ ਸਬੰਧੀ ਦਿਸ਼ਾ-ਨਿਰਦੇਸ਼ ਦਿੱਤੇ ਗਏ। ਇਸ ਮੌਕੇ ਉਨ੍ਹਾਂ ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਰਤੇਜਿੰਦਰ ਕੌਰ ਅਤੇ ਹੋਰ ਸਟਾਫ਼ ਨਾਲ ਮੀਟਿੰਗ ਕਰਦਿਆਂ ਵਿਸ਼ੇਸ਼ ਤੌਰ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਹਰੇਕ ਲੋੜਵੰਦ ਮਰੀਜ਼ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਇਲਾਜ ਦੀ ਸਹੂਲਤ ਮਿਲਣੀ ਯਕੀਨੀ ਬਣਾਈ ਜਾਵੇ। ਇਸ ਦੌਰਾਨ ਉਨ੍ਹਾਂ ਵੱਲੋਂ ਓਟ ਕਲੀਨਿਕ, 108 ਐਂਬੂਲੈਂਸ, ਬਾਇਓ ਮੈਡੀਕਲ ਵੇਸਟ, ਰੋਗੀ ਕਲਿਆਣ ਸਮਿਤੀ, ਸਿਹਤ ਸੁਵਿਧਾਵਾਂ ਅਤੇ ਹਸਪਤਾਲ ਦੇ ਸਫ਼ਾਈ ਪ੍ਰਬੰਧਾਂ ਦੀ ਚੈਕਿੰਗ ਕੀਤੀ ਗਈ ਅਤੇ ਜ਼ਰੂਰੀ ਹਦਾਇਤਾਂ ਦਿੱਤੀਆਂ ਗਈਆਂ। ਇਸ ਦੌਰਾਨ ਡਾ. ਔਜਲਾ ਨੇ ਇਹ ਵੀ ਕਿਹਾ ਕਿ ਲੋੜਵੰਦ ਤੇ ਯੋਗ ਵਰਗ ਨੂੰ ਮਿਲਣ ਵਾਲੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਵੱਧ ਤੋਂ ਵੱਧ ਕਾਰਡ ਬਣਵਾਉਣ ਤੇ ਹੋਰ ਵੱਖ-ਵੱਖ ਯੋਜਨਾਵਾਂ ਬਾਰੇ ਵੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਾਰੇ ਅਧਿਕਾਰੀ ਤੇ ਕਰਮਚਾਰੀ ਆਪਣਾ ਕੰਮ ਸਮੇਂ ਸਿਰ ਤੇ ਇਮਾਨਦਾਰੀ ਨਾਲ ਕਰਨ ਤਾਂ ਜੋ ਲੋਕਾਂ ਨੂੰ ਹੋਰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਰਤੇਜਿੰਦਰ ਕੌਰ ਨੇ ਉਨ੍ਹਾਂ ਨੂੰ ਲੋਕ ਹਿੱਤ ਵਿੱਚ ਲਗਾਤਾਰ ਤੇ ਹੋਰ ਬਿਹਤਰ ਕੰਮ ਕਰਨ ਦਾ ਭਰੋਸਾ ਦਿੱਤਾ।