ਮਨਰੇਗਾ ਮੁਲਾਜ਼ਮਾਂ ਨੇ ਡੀਸੀ ਦਫਤਰ ਦੇ ਗੇਟ ਅੱਗੇ ਪੱਤਰ ਦੀਆਂ ਕਾਪੀਆਂ ਸਾੜੀਆਂ
ਮਨਰੇਗਾ ਮੁਲਾਜਮਾਂ ਨੇ ਡੀਸੀ ਦਫਤਰ ਦੇ ਗੇਟ ਅੱਗੇ ਪੱਤਰ ਦੀਆਂ ਕਾਪੀਆਂ ਸਾੜੀਆਂ
Publish Date: Wed, 10 Jun 2026 05:38 PM (IST)
Updated Date: Wed, 10 Jun 2026 05:38 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ’ਚ ਨਰੇਗਾ ਤਹਿਤ ਆਰਜ਼ੀ ਆਸਾਮੀਆਂ ਤੇ ਠੇਕਾ ਆਧਾਰਿਤ ਨੌਕਰੀ ਕਰ ਰਹੇ ਮਨਰੇਗਾ ਮੁਲਾਜ਼ਮਾਂ ਵੱਲੋਂ ਆਪਣੀਆਂ ਸੇਵਾਵਾਂ ਵਿਭਾਗ ’ਚ ਮਰਜ਼ ਕਰਕੇ ਪੱਕੀਆਂ ਕਰਵਾਉਣ ਦੀ ਮੰਗ ਨੂੰ ਲੈ ਕੇ ਚੱਲ ਰਹੇ ਸ਼ੰਘਰਸ਼ਾਂ ਦੀ ਲੜੀ ਤਹਿਤ ਸੂਬੇ ਭਰ ’ਚ ਬਲਾਕ ਪੱਧਰੀ ਧਰਨਾ 9ਵੇਂ ਦਿਨ ’ਚ ਸ਼ਾਮਲ ਹੋ ਗਿਆ। ਮਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਗੁਰਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਫ਼ਤਰ ਸੰਯੁਕਤ ਵਿਕਾਸ ਕਮਿਸ਼ਨਰ-ਕਮ-ਕਮਿਸ਼ਨਰ ਮਗਨਰੇਗਾ, ਵਿਕਾਸ ਭਵਨ, ਸੈਕਟਰ 62, ਮੋਹਾਲੀ ਦੇ ਪੱਤਰ ਨੰਬਰ 3362-84 ਮਿਤੀ 09.06.2026 ਤਹਿਤ ਮਨਰੇਗਾ ਸਕੀਮ ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਲਈ ਪੀਐੱਸਆਰਐੱਲਐੱਮ ਸਕੀਮ ਦੇ ਕਰਮਚਾਰੀਆਂ ਨੂੰ ਮਨਰੇਗਾ ਮੁਲਾਜ਼ਮਾਂ ਦਾ ਕੰਮ ਦਿੱਤਾ ਗਿਆ ਹੈ। ਜਿਨ੍ਹਾਂ ਨੂੰ ਇਸ ਕੰਮ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਕਰਮਚਾਰੀ ਯੂਨੀਅਨ ਪੰਜਾਬ ਤੇ ਜ਼ਿਲ੍ਹਾ ਬਰਨਾਲਾ ਦੇ ਸਮੂਹ ਮੁਲਾਜ਼ਮਾਂ ਵੱਲੋਂ ਇਸ ਪੱਤਰ ਦੀਆਂ ਕਾਪੀਆਂ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫਤਰ ਵਿਖੇ ਸਾੜੀਆਂ ਗਈਆਂ।
ਉਨ੍ਹਾਂ ਕਿਹਾ ਕਿ 18 ਸਾਲ ਤੋਂ ਕੰਟਰੈਕਟਰਵੇਸ ਤੇ ਕੰਮ ਕਰ ਰਹੇ ਹਨ। ਹਰ ਸਮੇਂ ਨੌਕਰੀ ਤੋਂ ਕੱਢ ਦੇਣ, ਤਨਖ਼ਾਹ ਰੋਕ ਲੈਣ, ਦੂਰ-ਦੁਰਾਡੇ ਬਦਲੀ ਕਰਨ ਦਾ ਡਰ ਉਨ੍ਹਾਂ ਦੇ ਮਨਾਂ ਅੰਦਰ ਬਣਿਆ ਰਹਿੰਦਾ ਹੈ। ਅਫ਼ਸਰਸ਼ਾਹੀ ਵੱਲੋਂ ਮਨਰੇਗਾ ਤੋਂ ਇਲਾਵਾ ਹਰ ਤਰ੍ਹਾਂ ਦੇ ਪੇਂਡੂ ਵਿਕਾਸ ਨਾਲ ਸਬੰਧਿਤ ਕੰਮ ਮਨਰੇਗਾ ਮੁਲਾਜ਼ਮਾਂ ਤੋਂ ਲਏ ਜਾਂਦੇ ਹਨ। ਜੇਕਰ ਉਹ ਵਾਧੂ ਕੰਮਾਂ ਨੂੰ ਕਰਨ ਤੋਂ ਮਨ੍ਹਾਂ ਕਰਦੇ ਹਨ ਤਾਂ ਉਨ੍ਹਾਂ ਦਾ ਕੰਟਰੈਕਟ ਰੋਕ ਲੈਣ, ਬਦਲੀ ਕਰਨ ਵਰਗੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਮੂਹ ਮਨਰੇਗਾ ਮੁਲਾਜ਼ਮਾਂ ਦੀ ਭਰਤੀ ਪੂਰੇ ਪਾਰਦਰਸ਼ੀ ਢੰਗ ਨਾਲ ਰੈਗੂਲਰ ਭਰਤੀ ਲਈ ਅਪਣਾਏ ਜਾਂਦੇ ਤੈਅ ਮਾਪਦੰਡਾਂ ਅਨੁਸਾਰ ਬਿਲਕੁਲ ਨਿਗੂਣੀਆਂ ਤਨਖ਼ਾਹਾਂ ਤੇ ਕੀਤੀ ਗਈ ਸੀ। ਅੱਜ 18 ਸਾਲ ਬਾਅਦ ਵੀ ਪਿਛਲੇ ਛੇ ਮਹੀਨਿਆਂ ਤੋਂ ਤਨਖ਼ਾਹਾਂ ਬਕਾਇਆ ਹਨ। ਆਊਟਸੋਰਸ ਸਕੀਮ ਤਹਿਤ ਕੰਮ ਕਰਦੇ ਮੁਲਾਜ਼ਮਾਂ ਦੀ ਤਨਖਾਹ 6 ਮਹੀਨਿਆਂ ਤੋਂ ਬਕਾਇਆ ਪਈ ਹੈ ਜਦੋਂ ਠੇਕੇਦਾਰ ਦੀ ਸਬੰਧਿਤ ਕੰਪਨੀ ਪਾਸ ਤਨਖਾਹ ਆ ਵੀ ਜਾਂਦੀ ਹੈ ਤਾਂ ਉਹ 10-15 ਦਿਨ ਆਪਣੇ ਪਾਸ ਰੱਖ ਕੇ ਦੇਰੀ ਕਰਦੇ ਹਨ। ਇਸ ਮੌਕੇ ਬਲਾਕ ਬਰਨਾਲਾ ਦੇ ਪ੍ਰਧਾਨ ਗਗਨਦੀਪ ਸਿੰਘ ਸਿੱਧੂ, ਬਲਾਕ ਮਹਿਲ ਕਲਾਂ ਦੇ ਪ੍ਰਧਾਨ ਬੂਟਾ ਸਿੰਘ, ਬਲਾਕ ਸ਼ਹਿਣਾ ਦੇ ਪ੍ਰਧਾਨ ਹਰਦੇਵ ਸਿੰਘ ਸਿੱਧੂ ਅਤੇ ਸਮੂਹ ਮਨਰੇਗਾ ਕਰਮਚਾਰੀ ਯੂਨੀਅਨ ਦੇ ਸਮੂਹ ਮੁਲਾਜ਼ਮ ਹਾਜ਼ਰ ਸਨ।