ਇਲੈਕਟ੍ਰਾਨਿਕ ਦੀ ਦੁਕਾਨ ’ਚ ਹੋਏ ਬਲਾਸਟ ਕਾਰਨ ਲੱਖਾਂ ਦਾ ਨੁਕਸਾਨ
ਇਲੈਕਟ੍ਰਾਨਿਕ ਦੀ ਦੁਕਾਨ ’ਚ ਹੋਏ ਬਲਾਸਟ ਕਾਰਣ ਲੱਖਾਂ ਦਾ ਨੁਕਸਾਨ
Publish Date: Wed, 10 Jun 2026 04:58 PM (IST)
Updated Date: Wed, 10 Jun 2026 04:59 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹੇ ਦੇ ਪਿੰਡ ਫਰਵਾਹੀ ’ਚ ਦੁਪਹਿਰ ਵੇਲੇ ਇਕ ਭਿਆਨਕ ਧਮਾਕੇ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ। ਏਸੀ ਅਤੇ ਇਲੈਕਟ੍ਰਾਨਿਕ ਸਾਮਾਨ ਦੀ ਇਕ ਦੁਕਾਨ ’ਚ ਹੋਏ ਇਸ ਜ਼ੋਰਦਾਰ ਬਲਾਸਟ ਤੋਂ ਬਾਅਦ ਲੱਗੀ ਅੱਗ ਨੇ ਕੁਝ ਹੀ ਮਿੰਟਾਂ ’ਚ ਸਭ ਕੁਝ ਸਾੜ ਕੇ ਸੁਆਹ ਕਰ ਦਿੱਤਾ। ਦੁਕਾਨ ਅੰਦਰ ਪਿਆ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਬਣ ਗਿਆ। ਧਮਾਕਾ ਇੰਨਾ ਭਿਆਨਕ ਸੀ ਕਿ ਆਲੇ-ਦੁਆਲੇ ਦੀਆਂ ਦੁਕਾਨਾਂ ਦੇ ਸ਼ੀਸ਼ੇ ਟੁੱਟ ਗਏ ਅਤੇ ਦੂਰ ਤੱਕ ਇਸ ਦੀ ਗੂੰਜ ਸੁਣੀ ਗਈ। ਮੌਕੇ ’ਤੇ ਹੜਕੰਪ ਮਚ ਗਿਆ ਅਤੇ ਲੋਕ ਘਰਾਂ ਤੇ ਦੁਕਾਨਾਂ ਤੋਂ ਬਾਹਰ ਨਿਕਲ ਆਏ। ਅੱਖੀਂ ਵੇਖਣ ਵਾਲਿਆਂ ਦੇ ਅਨੁਸਾਰ ਧਮਾਕੇ ਤੋਂ ਬਾਅਦ ਅੱਗ ਨੇ ਤੁਰੰਤ ਹੀ ਭਿਆਨਕ ਰੂਪ ਧਾਰ ਲਿਆ। ਕਾਲੇ ਧੂੰਏਂ ਦੇ ਗੁਬਾਰ ਅਤੇ ਉੱਚੀਆਂ ਲਪਟਾਂ ਨੇ ਸਾਰੇ ਇਲਾਕੇ ਨੂੰ ਘੇਰ ਲਿਆ। ਸਥਾਨਕ ਲੋਕਾਂ ਨੇ ਹਿੰਮਤ ਕਰ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਦੀ ਤੀਬਰਤਾ ਅੱਗੇ ਉਹ ਬੇਅਸਰ ਰਹੇ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਪੀੜਤ ਦੁਕਾਨ ਮਾਲਕ ਸੰਦੀਪ ਸਿੰਘ ਸੋਨੀ ਨੇ ਦੱਸਿਆ ਕਿ ਉਹ ਦੁਪਹਿਰ ਸਮੇਂ ਘਰ ਰੋਟੀ ਖਾਣ ਗਿਆ ਹੋਇਆ ਸੀ। ਫੋਨ ਆਇਆ ਕਿ ਦੁਕਾਨ ‘ਚ ਧਮਾਕਾ ਹੋ ਗਿਆ। ਜਦੋਂ ਉਹ ਪਹੁੰਚਿਆ ਤਾਂ ਸਭ ਕੁਝ ਅੱਗ ’ਚ ਸੜ ਰਿਹਾ ਸੀ… ਉਸ ਦੀ ਸਾਰੀ ਮਿਹਨਤ ਖਤਮ ਹੋ ਗਈ, ਉਸ ਨੇ ਕਿਹਾ। ਗਰਮੀਆਂ ਦੇ ਚਲਦੇ ਦੁਕਾਨ ’ਚ ਵੱਡੀ ਮਾਤਰਾ ’ਚ ਨਵਾਂ ਸਾਮਾਨ ਰੱਖਿਆ ਹੋਇਆ ਸੀ। ਏਸੀ, ਫਰਿੱਜ, ਐੱਲਸੀਡੀ, ਸੀਸੀਟੀਵੀ ਕੈਮਰੇ ਅਤੇ ਹੋਰ ਇਲੈਕਟ੍ਰਾਨਿਕ ਆਈਟਮ ਪੂਰੀ ਤਰ੍ਹਾਂ ਸੜ ਗਏ। ਨਾਲ ਹੀ ਰਿਪੇਅਰ ਲਈ ਆਇਆ ਗਾਹਕਾਂ ਦਾ ਸਾਮਾਨ ਵੀ ਨਸ਼ਟ ਹੋ ਗਿਆ। ਅੰਦਾਜ਼ਨ 7 ਤੋਂ 8 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ, ਜਿਸ ਨਾਲ ਪੀੜਤ ਪਰਿਵਾਰ ਆਰਥਿਕ ਤੌਰ ’ਤੇ ਹਿਲ ਗਿਆ ਹੈ। ਘਟਨਾ ਤੋਂ ਬਾਅਦ ਪਿੰਡ ’ਚ ਗਹਿਰਾ ਦੁੱਖ ਅਤੇ ਗੁੱਸਾ ਦਿਖਾਈ ਦੇ ਰਿਹਾ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਤੁਰੰਤ ਮਦਦ ਦੀ ਮੰਗ ਕੀਤੀ ਹੈ। ਧਮਾਕੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ, ਹਾਲਾਂਕਿ ਮੁੱਢਲੇ ਤੌਰ ’ਤੇ ਇਸ ਨੂੰ ਸ਼ਾਰਟ ਸਰਕਟ ਜਾਂ ਗੈਸ/ਕੰਪ੍ਰੈਸਰ ਲੀਕੇਜ ਨਾਲ ਜੋੜਿਆ ਜਾ ਰਿਹਾ ਹੈ।