ਨਗਰ ਕੌਂਸਲ ਦੀ ਲਾਪ੍ਰਵਾਹੀ ਕਾਰਨ ਦੂਸ਼ਿਤ ਪਾਣੀ ਹੋ ਰਿਹਾ ਸਪਲਾਈ
ਨਗਰ ਕੌਂਸਲ ਦੀ ਲਾਪਰਵਾਹੀ ਕਾਰਨ ਦੂਸ਼ਿਤ ਪਾਣੀ ਹੋ ਰਿਹਾ ਸਪਲਾਈ
Publish Date: Wed, 08 Apr 2026 05:45 PM (IST)
Updated Date: Wed, 08 Apr 2026 05:47 PM (IST)

- ਟੂਟੀਆਂ ’ਚ ਆ ਰਿਹਾ ਗੰਧਲਾ ਪਾਣੀ ਦੇ ਰਿਹਾ ਬਿਮਾਰੀਆਂ ਨੂੰ ਸੱਦਾ ਦੀਪਕ ਬਾਂਸਲ, ਪੰਜਾਬੀ ਜਾਗਰਣ ਤਪਾ ਮੰਡੀ : ਤਪਾ ਮੰਡੀ ਦੀ ਬਾਗ ਕਾਲੋਨੀ ਵਿਖੇ ਪਿਛਲੇ ਕਈ ਦਿਨਾਂ ਤੋਂ ਵਾਟਰ ਸਪਲਾਈ ਵਾਲਾ ਪਾਣੀ ਟੂਟੀਆਂ ’ਚੋਂ ਗੰਧਲਾ ਆ ਰਿਹਾ ਹੈ, ਜਿਸ ਨੇ ਕਾਲੋਨੀ ਵਾਸੀਆਂ ’ਚ ਹੜਕੰਪ ਮਚਾ ਕੇ ਰੱਖ ਦਿੱਤਾ ਹੈ, ਕਿਉਂਕਿ ਇਸ ਗੰਧਲੇ ਪਾਣੀ ਕਾਰਨ ਬਿਮਾਰੀਆਂ ਫੈਲਣ ਦਾ ਡਰ ਵੱਧ ਗਿਆ ਹੈ। ਗੰਧਲੇ ਪਾਣੀ ਦੀ ਸਪਲਾਈ ਕਾਰਨ ਲੋਕ ਪਰੇਸ਼ਾਨੀ ਦੇ ਆਲਮ ਵਿਚ ਹਨ ਅਤੇ ਪੀਣ ਵਾਲੇ ਪਾਣੀ ਨੂੰ ਵੀ ਤਰਸ ਰਹੇ ਹਨ। ਕਾਲੋਨੀ ਵਾਸੀਆਂ ਨੇ ਨਗਰ ਕੌਂਸਲ ਤੋਂ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ ਹੈ। ਇਸ ਬਾਰੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਕਰਦੇ ਹੋਏ ਕਾਲੋਨੀ ਵਾਸੀਆਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਟੂਟੀਆਂ ’ਚੋਂ ਦੂਸ਼ਿਤ ਪਾਣੀ ਆ ਰਿਹਾ ਹੈ। ਜਿਸ ’ਚੋਂ ਬਹੁਤ ਭੈੜੀ ਬਦਬੂ ਆਉਂਦੀ ਹੈ ਤੇ ਦੇਖਣ ’ਚ ਗੰਧਲਾ ਜਾਪਦਾ ਹੈ। ਉਨ੍ਹਾਂ ਨੇ ਇਸ ਸਮੱਸਿਆ ਬਾਰੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ, ਪਰ ਉਹ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਪਾਣੀ ਦੀ ਸਮੱਸਿਆ ਕਾਰਨ ਉਨ੍ਹਾਂ ਦੇ ਘਰੇਲੂ ਕੰਮ ਪ੍ਰਭਾਵਿਤ ਹੋ ਰਹੇ ਹਨ। ਜਦੋਂ ਇਸ ਸਬੰਧੀ ਵਾਰਡ ਦੇ ਕੌਂਸਲਰ ਧਰਮਪਾਲ ਸ਼ਰਮਾ ਨੇ ਕਿਹਾ ਕਿ ਜਿੱਥੇ ਨਗਰ ਕੌਂਸਲ ਤਪਾ ਵੱਲੋਂ ਲੋਕਾਂ ਤੋਂ ਟੈਕਸ ਵਸੂਲੇ ਜਾਏ ਜਾਂਦੇ ਹਨ, ਉੱਥੇ ਉਨ੍ਹਾਂ ਨੂੰ ਸਹੂਲਤਾਂ ਦੇਣੀਆਂ ਵੀ ਬਣਦੀਆਂ ਹਨ। ਗੰਦੇ ਪਾਣੀ ਦੀ ਸਮੱਸਿਆ ਨਗਰ ਕੌਂਸਲ ਦੀ ਜ਼ਿੰਮੇਵਾਰੀ ਬਣਦੀ ਹੈ, ਜਿਸ ਨੂੰ ਪਹਿਲ ਦੇ ਆਧਾਰ ’ਤੇ ਠੀਕ ਕਰਵਾਉਣਾ ਚਾਹੀਦਾ ਹੈ। ਜਦਕਿ ਉਹ ਇਸ ਸਮੱਸਿਆ ਸਬੰਧੀ ਆਪ ਵੀ ਕਈ ਵਾਰੀ ਸਬੰਧਿਤ ਅਫਸਰਾਂ ਨੂੰ ਜਾਣੂ ਕਰਵਾ ਚੁੱਕੇ ਹਨ। ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਹਰਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਸਲਾ ਹੁਣੇ ਹੀ ਉਨ੍ਹਾਂ ਦੇ ਧਿਆਨ ’ਚ ਆਇਆ ਹੈ, ਛੇਤੀ ਹੀ ਚੈੱਕ ਕਰਵਾ ਕੇ ਗੰਧਲੇ ਪਾਣੀ ਦੀ ਸਪਲਾਈ ਠੀਕ ਕਰਵਾ ਦਿੱਤੀ ਜਾਵੇਗੀ।