ਬਿਮਾਰੀਆਂ ਤੋਂ ਬਚਣ ਲਈ ਜ਼ਿੰਦਗੀ ’ਚ ਬਦਲਾਅ ਦੀ ਲੋੜ
ਬਿਮਾਰੀਆਂ ਤੋਂ ਬਚਣ ਲਈ ਰੋਜ਼ਾਨਾ ਦੀ ਜ਼ਿੰਦਗੀ ’ਚ ਬਦਲਾਅ ਦੀ ਲੋੜ
Publish Date: Wed, 08 Apr 2026 04:58 PM (IST)
Updated Date: Wed, 08 Apr 2026 04:59 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਲ ਕਲਾਂ : ਸਿਵਲ ਸਰਜਨ ਡਾ. ਹਰੀਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਰਤੇਜਿੰਦਰ ਕੌਰ ਅਗਵਗਾਈ ਹੇਠ ਬਲਾਕ ਮਹਿਲ ਕਲਾਂ ’ਚ ਵਿਸ਼ਵ ਸਿਹਤ ਦਿਵਸ ਮੌਕੇ ਤੇ ਜਾਗਰੂਕਤਾ ਕੈਂਪ ਲeਏ ਗਏ। ਸੀ ਐਚ ਸੀ ਮਹਿਲ ਕਲਾਂ ’ਚ ਲਗਾਏ ਗਏ ਜਾਗਰੂਕਤਾ ਕੈਂਪ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਡਾ. ਗੁਰਤੇਜਿੰਦਰ ਕੌਰ ਨੇ ਦੱਸਿਆ ਕਿ ਅੱਜ ਦੇ ਮਸ਼ੀਨੀ ਯੁੱਗ ਵਿੱਚ ਲੋਕਾਂ ਦੀ ਜੀਵਨ ਸ਼ੈਲੀ ’ਚ ਬਹੁਤ ਤਬਦੀਲੀ ਆ ਚੁੱਕੀ ਹੈ। ਹੁਣ ਲੋਕਾਂ ਕੋਲ ਸਹੂਲਤਾਂ ਹੋਣ ਕਾਰਨ ਹੱਥੀ ਕਿਰਤ ਕਰਨ ਦਾ ਰੁਝਾਨ ਬਹੁਤ ਘੱਟ ਗਿਆ ਹੈ। ਜਿਸਦਾ ਨੁਕਸਾਨ ਇਹ ਹੋਇਆ ਕਿ ਸਰੀਰਿਕ ਕਸਰਤ ਜਾਂ ਕੰਮ ਨਾ ਹੋਣ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗਣ ਲੱਗ ਗਈਆਂ ਹਨ ਜਿਵੇਂ ਕਿ ਬੀ ਪੀ, ਸ਼ੂਗਰ, ਦਿਲ ਦੀਆਂ ਬਿਮਾਰੀਆਂ ਤੇ ਹੋਰ ਅਜਿਹੇ ਬਹੁਤ ਸਾਰੇ ਰੋਗ ਹਨ। ਉਨ੍ਹਾਂ ਕਿਹਾ ਇਨਾਂ ਬਿਮਾਰੀਆਂ ਤੋਂ ਬਚਣ ਲਈ ਸਾਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ’ਚ ਬਦਲਾਅ ਕਰਨ ਜਿਵੇਂ ਕਿ ਸਰੀਰਿਕ ਕਸਰਤ, ਯੋਗਾ ਅਤੇ ਨਸ਼ਿਆਂ ਨੂੰ ਤਿਆਗਣਾ ਆਦਿ ਉਪਰਾਲੇ ਕਰਨ ਦੀ ਲੋੜ ਹੈ। ਇਸ ਮੌਕੇ ਡਾ. ਲਵਦੀਪ ਨੇ ਦੱਸਿਆ ਕਿ ਅੱਜ ਦੇ ਸਿਹਤ ਦਿਵਸ ਦਾ ਵਿਸ਼ਾ ਸਿਹਤ ਲਈ ਇੱਕਜੁੱਟ ਹੋਵੋ, ਵਿਗਿਆਨ ਨਾਲ ਖੜੋ ਹੈ। ਉਨਾਂ ਕਿਹਾ ਕਿ ਇਸ ਥੀਮ ਸਾਨੂੰ ਦੱਸਦਾ ਹੈ ਕਿ ਜਦੋਂ ਦੁਨੀਆ ਭਿਆਨਕ ਬਿਮਾਰੀਆਂ ਅਤੇ ਸਿਹਤ ਸੰਕਟਾਂ ਨਾਲ ਘਿਰੀ ਹੋਵੇ ਤਾਂ ਵਿਗਿਆਨਕ ਤੱਥ ਅਤੇ ਆਪਸੀ ਏਕਤਾ ਹੀ ਸਾਨੂੰ ਬਚਾ ਸਕਦੀ ਹੈ। ਇਸ ਮੌਕੇ ਡਾ. ਅਮਿ੍ਤਪਾਲ ਕੌਰ ਨੇ ਇਸ ਥੀਮ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਲੇਗ, ਚੇਚਕ ਅਤੇ ਪੋਲੀਓ ਵਰਗੀਆਂ ਬਿਮਾਰੀਆਂ ਜਿਨ੍ਹਾਂ ਨੇ ਭੂਤਕਾਲ ’ਚ ਲੱਖਾਂ ਲੋਕਾਂ ਦੀ ਜਾਨ ਲਈ ਸੀ, ਅੱਜ ਵਿਗਿਆਨਕ ਖੋਜਾਂ ਅਤੇ ਵੈਕਸੀਨਾਂ ਕਾਰਨ ਲਗਭਗ ਖ਼ਤਮ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਜੈਨੇਟਿਕ ਇੰਜੀਨੀਅਰਿੰਗ ਰਾਹੀਂ ਹੁਣ ਕੈਂਸਰ ਵਰਗੀਆਂ ਬਿਮਾਰੀਆਂ ਦਾ ਇਲਾਜ ਵੀ ਸੰਭਵ ਹੁੰਦਾ ਜਾ ਰਿਹਾ ਹੈ। ਇਸ ਲਈ ਅਸੀਂ ਵਿਗਿਆਨਕ ਸੋਚ ਅਤੇ ਆਪਸੀ ਸਹਿਯੋਗ ਨੂੰ ਢਾਲ ਬਣਾ ਕੇ ਇੱਕ ਸਿਹਤਮੰਦ ਸਮਾਜ ਸਿਰਜ ਸਕਦੇ ਹਾਂ। ਇਸ ਮੌਕੇ ਬੀਈਈ ਸ਼ਿਵਾਨੀ ਅਰੋੜਾ, ਐੱਮਪੀਐੱਸ ਬਲਵਿੰਦਰ ਕੌਰ ਅਤੇ ਜਸਵੀਰ ਸਿੰਘ, ਐੱਮਪੀਐੱਚਡਬਲਯੂ ਜਗਰੂਪ ਸਿੰਘ ਅਤੇ ਰਮਨਦੀਪ, ਸਟਾਫ਼ ਨਰਸ ਜਸਵਿੰਦਰ ਕੌਰ, ਨਰਸਿੰਗ ਟੀਚਰ ਅਤੇ ਵਿਦਿਆਰਥੀ ਹਾਜ਼ਰ ਸਨ।