ਕਿਸਾਨਾਂ ਨੂੰ ਬਿਜਲੀ ਸਪਲਾਈ ਦਾ ਸਮਾਂ ਸਵੇਰੇ 4 ਤੋਂ 8 ਵਜੇ ਤੱਕ ਕੀਤਾ ਜਾਵੇ
ਕਣਕ ਦੇ ਸੀਜਨ ਦੌਰਾਨ ਕਿਸਾਨਾਂ ਨੂੰ ਬਿਜਲੀ ਸਪਲਾਈ ਦਾ ਸਮਾਂ ਸਵੇਰੇ 4 ਵਜੇ ਤੋਂ 8 ਵਜੇ ਤੱਕ ਕੀਤਾ ਜਾਵੇ
Publish Date: Wed, 08 Apr 2026 04:14 PM (IST)
Updated Date: Wed, 08 Apr 2026 04:17 PM (IST)

ਨਵਦੀਪ ਸੇਖਾ, ਪੰਜਾਬੀ ਜਾਗਰਣ ਬਰਨਾਲਾ : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਵਿਸ਼ੇਸ਼ ਮੀਟਿੰਗ ਬਰਨਾਲਾ ਵਿਖੇ ਜ਼ਿਲ੍ਹਾ ਸਕੱਤਰ ਜਨਰਲ ਜਸਮੇਲ ਸਿੰਘ ਕਾਲੇਕੇ ਦੀ ਅਗਵਾਈ ’ਚ ਹੋਈ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਕਣਕ ਦੇ ਸੀਜਨ ਦੌਰਾਨ ਜੋ ਬਿਜਲੀ ਮਹਿਕਮੇ ਵੱਲੋਂ ਕਿਸਾਨਾਂ ਖੇਤਾਂ ਲਈ ਬਿਜਲੀ ਦੇਣ ਦਾ ਸਮਾਂ ਰਾਤ ਨੂੰ 1:30 ਵਜੇ ਤੋਂ ਲੈ ਕੇ 5:30 ਵਜੇ ਤੱਕ ਕੀਤਾ ਗਿਆ ਹੈ। ਇਸ ’ਤੇ ਕਿਸਾਨ ਆਗੂਆਂ ਦਾ ਤਰਕ ਹੈ ਕਿ ਜੋ ਵੀ ਇਸ ਸੀਜਨ ਦੌਰਾਨ ਸਬਜ਼ੀਆਂ ਜਾਂ ਕੋਈ ਹੋਰ ਫਸਲਾਂ ਜਿਵੇਂ ਮੱਕੀ ਮੂੰਗੀ ਆਦਿ ਬੀਜੀਆਂ ਹੋਈਆਂ ਹਨ। ਉਨ੍ਹਾਂ ਨੂੰ ਰਾਤ ਦੇ ਸਮੇਂ ਪਾਣੀ ਲਾਉਣਾ ਬਹੁਤ ਮੁਸ਼ਕਿਲ ਹੈ ਅਤੇ ਜਿਸ ਤਰ੍ਹਾਂ ਲੁੱਟਾਂ ਖੋਹਾਂ ਦਾ ਮਾਹੌਲ ਚੱਲ ਰਿਹਾ ਹੈ। ਇਨ੍ਹਾਂ ਹਾਲਾਤਾਂ ’ਚ ਇੰਨੀ ਰਾਤ ਨੂੰ ਕਿਸਾਨਾਂ ਨੂੰ ਖੇਤ ਜਾਣਾ ਵੀ ਬਹੁਤ ਮੁਸ਼ਕਿਲ ਹੈ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਇਹ ਮੰਗ ਕਰਦੀ ਹੈ ਕਿ ਜੋ ਕਿਸਾਨਾਂ ਨੂੰ ਖੇਤਾਂ ਲਈ ਬਿਜਲੀ ਦੇਣ ਦਾ ਸਮਾਂ ਹੈ ਉਹ ਪਿਛਲੇ ਸਾਲ ਦੀ ਤਰ੍ਹਾਂ ਸਵੇਰੇ 4 ਵਜੇ ਤੋਂ 8 ਵਜੇ ਤੱਕ ਕੀਤਾ ਜਾਵੇ। ਇਸ ਨਾਲ ਕਿਸਾਨਾਂ ਨੂੰ ਵੀ ਆਪਣੀਆਂ ਫਸਲਾਂ ਨੂੰ ਪਾਣੀ ਵਗੈਰਾ ਲਾਉਣਾ ਸੌਖਾ ਹੋ ਜਾਵੇਗਾ ਅਤੇ ਸਵੇਰੇ ਮੌਸਮ ਠੰਢਾ ਹੋਣ ਕਾਰਨ ਕਣਕ ਦੀ ਫਸਲ ਨੂੰ ਅੱਗ ਦਾ ਖਤਰਾ ਵੀ ਘੱਟ ਰਹਿੰਦਾ ਹੈ। ਕਿਸਾਨ ਆਗੂਆਂ ਨੇ ਬਿਜਲੀ ਮਹਿਕਮੇ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਜਿੱਥੇ ਵੀ ਕਿਤੇ ਕੋਈ ਤਾਰ ਜਾਂ ਸਵਿੱਚ ਸਪਾਰਕ ਕਰਦੀ ਹੈ ਤਾਂ ਉਸ ਨੂੰ ਠੀਕ ਕੀਤਾ ਜਾਵੇ ਅਤੇ ਕਿਸਾਨਾਂ ਨੂੰ ਵੀ ਬੇਨਤੀ ਹੈ ਕਿ ਉਨ੍ਹਾਂ ਦੇ ਧਿਆਨ ’ਚ ਜੇਕਰ ਕਿਤੇ ਕੋਈ ਦਰੱਖਤ ਵਗੈਰਾ ਬਿਜਲੀ ਦੀ ਲਾਈਨ ਨੂੰ ਟੱਚ ਕਰਦਾ ਹੈ, ਉਸ ਨੂੰ ਵੀ ਹਟਾਇਆ ਜਾਵੇ ਅਤੇ ਜੇਕਰ ਕਿਤੇ ਤਾਰਾਂ ਵਗੈਰਾ ਢਿੱਲੀਆਂ ਹਨ ਤਾਂ ਉਹ ਵੀ ਬਿਜਲੀ ਮਹਿਕਮੇ ਦੇ ਧਿਆਨ ’ਚ ਲਿਆਂਦੀਆਂ ਜਾਣ। ਇਸ ਮੌਕੇ ਸੂਬਾ ਮੀਤ ਪ੍ਰਧਾਨ ਗੁਰਨਾਮ ਸਿੰਘ ਠੀਕਰੀਵਾਲ, ਜਿਲਾ ਆਗੂ ਬੁਗਰ ਸਿੰਘ ਫਰਵਾਹੀ, ਬਲਾਕ ਪ੍ਰਧਾਨ ਜਸਵੀਰ ਸਿੰਘ ਕਾਲੇਕੇ, ਇੰਦਰਜੀਤ ਸਿੰਘ ਧਨੌਲਾ, ਗੁਰਜੰਟ ਸਿੰਘ ਫਰਵਾਹੀ, ਗੁਰਵਿੰਦਰ ਸਿੰਘ ਧਨੌਲਾ, ਗੁਰਤੇਜ ਸਿੰਘ ਨੰਬਰਦਾਰ ਕਾਲੇਕੇ ਆਦਿ ਕਿਸਾਨ ਹਾਜ਼ਰ ਸਨ।