- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਨਾਲਾ ਵਿਖੇ ਸਾਈਕਲ ਰੈਲੀ ਅਤੇ ਅਸ਼ਮਿਤਾ ਖੇਲੋ ਇੰਡੀਆ ਮਹਿਲਾ ਸਾਈਕਲਿੰਗ ਲੀਗ

:- ਅਲੀਟ ਵਰਗ ’ਚ ਪੂਜਾ ਗਰਗ ਨੇ ਪਹਿਲਾ, ਰਚਨਾ ਨੇ ਦੂਜਾ ਅਤੇ ਗੁਰਦੀਪ ਕੌਰ ਨੇ ਤੀਜਾ ਸਥਾਨ ਕੀਤਾ ਹਾਸਲ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ (ਸੀਏਪੀ) ਵੱਲੋਂ ਵਿਸ਼ਵ ਸਾਈਕਲ ਦਿਵਸ ਦੇ ਸਬੰਧ ’ਚ ਬਰਨਾਲਾ ਦੇ ਆਈਟੀਆਈ ਰੋਡ ਵਿਖੇ ਸਾਈਕਲ ਰੈਲੀ ਅਤੇ ਅਸ਼ਮਿਤਾ ਖੇਲੋ ਇੰਡੀਆ ਮਹਿਲਾ ਸਾਈਕਲਿੰਗ ਲੀਗ ਕਰਵਾਈ ਗਈ, ਜਿਸ ’ਚ ਸੋਨੀ ਸਾਈਕਲਿੰਗ ਕਲੱਬ ਅਤੇ ਬਰਨਾਲਾ ਸਾਈਕਲਿੰਗ ਕਲੱਬ ਨੇ ਸਮਾਗਮ ਨੂੰ ਸਫਲ ਬਣਾਉਣ ’ਚ ਅਹਿਮ ਯੋਗਦਾਨ ਪਾਇਆ। ਸਮਾਗਮ ਦੌਰਾਨ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ (ਡੀਪੀਆਰਓ) ਜਗਬੀਰ ਕੌਰ ਨੇ ਸਾਈਕਲ ਰੈਲੀ ਅਤੇ ਸਾਈਕਲਿੰਗ ਮੁਕਾਬਲਿਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਨੇ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਅਤੇ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਵੱਲੋਂ ਸਾਈਕਲਿੰਗ ਦੇ ਪ੍ਰਚਾਰ-ਪ੍ਰਸਾਰ ਅਤੇ ਮਹਿਲਾ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਨਾ ਸਿਰਫ਼ ਖੇਡ ਸੱਭਿਆਚਾਰ ਨੂੰ ਮਜ਼ਬੂਤ ਕਰਦੇ ਹਨ, ਸਗੋਂ ਸਿਹਤਮੰਦ ਜੀਵਨਸ਼ੈਲੀ ਅਤੇ ਵਾਤਾਵਰਨ ਸੁਰੱਖਿਆ ਦਾ ਸੰਦੇਸ਼ ਵੀ ਦਿੰਦੇ ਹਨ। ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਸੀਨੀਅਰ ਅਹੁਦੇਦਾਰ, ਬੀਐੱਸ ਸੂਦਨ ਨੇ ਦੱਸਿਆ ਕਿ ਸਮਾਗਮ ਦਾ ਉਦੇਸ਼ ਸਾਈਕਲਿੰਗ ਨੂੰ ਇੱਕ ਸਿਹਤਮੰਦ, ਵਾਤਾਵਰਨ ਪੱਖੀ ਅਤੇ ਟਿਕਾਊ ਆਵਾਜਾਈ ਦੇ ਸਾਧਨ ਵਜੋਂ ਉਤਸ਼ਾਹਿਤ ਕਰਨਾ ਅਤੇ ਖੇਡਾਂ ’ਚ ਮਹਿਲਾਵਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਨੂੰ ਪ੍ਰੋਤਸਾਹਨ ਦੇਣਾ ਸੀ। ਉਨ੍ਹਾਂ ਦੱਸਿਆ ਕਿ ਅਸ਼ਮਿਤਾ ਖੇਲੋ ਇੰਡੀਆ ਮਹਿਲਾ ਸਾਈਕਲਿੰਗ ਲੀਗ, ਖੇਲੋ ਇੰਡੀਆ ਪਹਿਲਕਦਮੀ ਤਹਿਤ ਕਰਵਾਈ ਗਈ, ਜਿਸ ਦਾ ਮੁੱਖ ਮੰਤਵ ਮਹਿਲਾ ਸਾਈਕਲ ਸਵਾਰਾਂ ਨੂੰ ਮੁਕਾਬਲੇਬਾਜ਼ੀ ਦਾ ਮੰਚ ਪ੍ਰਦਾਨ ਕਰਨਾ ਅਤੇ ਸਾਈਕਲਿੰਗ ਰਾਹੀਂ ਤੰਦਰੁਸਤੀ, ਵਾਤਾਵਰਨ ਸੰਭਾਲ ਅਤੇ ਸੜਕ ਸੁਰੱਖਿਆ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ।
ਉਨ੍ਹਾਂ ਦੱਸਿਆ ਕਿ ਸਮਾਗਮ ’ਚ ਸ਼ਾਮਲ ਸਾਰੇ ਭਾਗੀਦਾਰਾਂ ਨੂੰ ਰਿਫਰੈਸ਼ਮੈਂਟ ਅਤੇ ਟੀ-ਸ਼ਰਟਾਂ ਦਿੱਤੀਆਂ ਗਈਆਂ, ਜਦਕਿ ਅਸ਼ਮਿਤਾ ਖੇਲੋ ਇੰਡੀਆ ਮਹਿਲਾ ਸਾਈਕਲਿੰਗ ਲੀਗ ਦੇ ਮੁਕਾਬਲਿਆਂ ’ਚ ਭਾਗ ਲੈਣ ਵਾਲੀਆਂ ਮਹਿਲਾ ਸਾਈਕਲ ਸਵਾਰਾਂ ਨੂੰ ਮੈਡਲ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਅਸ਼ਮਿਤਾ ਖੇਲੋ ਇੰਡੀਆ ਮਹਿਲਾ ਸਾਈਕਲਿੰਗ ਲੀਗ ਤਹਿਤ ਹੋਏ ਮੁਕਾਬਲਿਆਂ ’ਚ ਅਲੀਟ ਵਰਗ ’ਚ ਪੂਜਾ ਗਰਗ ਨੇ ਪਹਿਲਾ, ਰਚਨਾ ਨੇ ਦੂਜਾ ਅਤੇ ਗੁਰਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਜੂਨੀਅਰ ਗਰਲਜ਼ ’ਚ ਸੁਮਨ ਕੁਮਾਰੀ ਨੇ ਪਹਿਲਾ, ਬੇਅੰਤ ਕੌਰ ਨੇ ਦੂਜਾ ਅਤੇ ਲਵਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ਅਤੇ ਸਬ ਜੂਨੀਅਰ ਵਰਗ ’ਚ ਖੁਸ਼ੀ ਯਾਦਵ ਨੇ ਪਹਿਲਾ, ਕਨਿਸ਼ਕਾ ਨੇ ਦੂਜਾ ਅਤੇ ਫਰਿਆਯਾ ਸਿੰਗਲਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਵਿਸ਼ਵ ਸਾਈਕਲ ਦਿਵਸ ਸਬੰਧੀ ਸਾਈਕਲ ਰੈਲੀ ਵੀ ਕੱਢੀ ਗਈ, ਜਿਸ ਰਾਹੀਂ ਲੋਕਾਂ ਨੂੰ ਸਾਈਕਲ ਨੂੰ ਆਪਣੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਾਉਣ ਅਤੇ ਵਾਤਾਵਰਨ ਪੱਖੀ ਆਵਾਜਾਈ ਦੇ ਸਾਧਨਾਂ ਨੂੰ ਅਪਣਾਉਣ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਬਰਨਾਲਾ ਸਾਈਕਲਿੰਗ ਕਲੱਬ ਦੇ ਚੇਅਰਮੈਨ ਡਾ. ਪੁਨੀਤ ਬਾਂਸਲ, ਪ੍ਰਧਾਨ ਰਾਹੁਲ ਮੈਨਨ, ਸਕੱਤਰ ਪ੍ਰਦੀਪ ਮਿੱਤਲ, ਉਪ ਪ੍ਰਧਾਨ ਰਾਹੁਲ ਖੁਰਮੀ, ਡਾ. ਕਰਮਜੀਤ ਸਿੰਘ ਅਤੇ ਖਜ਼ਾਨਚੀ ਮਨਮੀਤ ਸਿੰਘ ਭੰਗੂ, ਸੋਨੀ ਸਾਈਕਲਿੰਗ ਕਲੱਬ ਦੇ ਪਰਵੀਨ ਬਾਂਸਲ, ਸਹਿਯੋਗੀ ਇੰਜੀਨੀਅਰ ਰਾਕੇਸ਼ ਗੁਪਤਾ ਚੇਅਰਮੈਨ ਆਰਿਆਭੱਟ ਗਰੁੱਪ ਆਫ ਕਾਲਜਿਜ਼, ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਮੀਤ ਪ੍ਰਧਾਨ ਐੱਸ.ਪੀ. ਸਿੰਘ, ਕਾਰਜਕਾਰੀ ਮੈਂਬਰ ਰਾਜੇਸ਼ ਬਿੱਟੂ, ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਦੇ ਅਹੁਦੇਦਾਰ ਕਮਲਪ੍ਰੀਤ ਸਿੰਘ, ਪੀ.ਸੀ.ਪੀ. (ਸੀ.ਐੱਫ.ਆਈ.) ਨੀਰਜ ਸਾਹਨੀ, ਖੇਡ ਵਿਭਾਗ ਤੋਂ ਕੋਚ ਗੁਰਵਿੰਦਰ ਕੌਰ, ਰੁਪਿੰਦਰ ਸਿੰਘ, ਜਸਪ੍ਰੀਤ ਸਿੰਘ, ਗੁਰਦਿੱਤ ਪੁਰੀ, ਇੰਦਰਜੀਤ ਸਿੰਘ, ਬਰਿੰਦਰਜੀਤ ਕੌਰ, ਸਵਿਤਾ ਰਾਣੀ, ਅਜੈ ਟੇਬਲ ਟੈਨਿਸ, ਅਜੈ ਐਥਲੈਟਿਕ ਕੋਚ, ਐੱਸ.ਆਈ. ਰਮਦੀਪ ਸਿੰਘ ਸਮੇਤ ਵੱਡੀ ਗਿਣਤੀ ’ਚ ਕੋਚ, ਖਿਡਾਰੀ ਅਤੇ ਦਰਸ਼ਕ ਆਦਿ ਹਾਜ਼ਰ ਸਨ।