ਚਾਈਨਾ ਡੋਰ ਦਾ ਕਹਿਰ : ਮਾਸੂਮ ਬੱਚੇ ਦੀ ਲੱਤ ਹੋਈ ਜ਼ਖ਼ਮੀ, ਪ੍ਰਸ਼ਾਸਨ ਦੀ ਅਣਗਹਿਲੀ ਹੋਈ ਸਾਬਤ
ਚਾਈਨਾ ਡੋਰ ਦਾ ਕਹਿਰ: ਮਾਸੂਮ ਬੱਚੇ ਦੀ ਲੱਤ ਕੀਤੀ ਜ਼ਖਮੀ, ਪ੍ਰਸ਼ਾਸਨ ਦੀ ਅਣਗਹਿਲੀ ਹੋਈ ਸਾਬਤ
Publish Date: Wed, 21 Jan 2026 05:41 PM (IST)
Updated Date: Wed, 21 Jan 2026 05:42 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਚਾਈਨਾ ਡੋਰ ਪਾਬੰਦੀ ਦੇ ਬਾਵਜੂਦ ਖੁੱਲ੍ਹੇਆਮ ਦੁਕਾਨਾਂ ਤੇ ਵਿਕ ਰਹੀ ਖੂਨੀ ਚਾਈਨਾ ਡੋਰ ਨੇ ਇੱਕ ਵਾਰ ਫਿਰ ਪ੍ਰਸ਼ਾਸਨ ਦੀ ਨਾਕਾਮੀ ਨੂੰ ਨੰਗਾ ਕਰ ਦਿੱਤਾ ਹੈ। ਬਾਅਦ ਦੁਪਹਿਰ ਨਵਦੀਪ ਸਿੰਘ ਪੁੱਤਰ ਜਤਿੰਦਰ ਸਿੰਘ ਜਦੋਂ ਆਪਣੇ ਦੋਸਤਾਂ ਦੇ ਨਾਲ ਪਤੰਗ ਲੁੱਟ ਰਿਹਾ ਸੀ ਤਾਂ ਚਾਈਨਾ ਡੋਰ ਦੀ ਲਪੇਟ ’ਚ ਆ ਕੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਤੇਜ਼ਧਾਰ ਵਾਲੀ ਚਾਈਨਾ ਡੋਰ ਉਸਦੀ ਲੱਤ ’ਚ ਫਸ ਗਈ, ਜਿਸ ਨਾਲ ਲੱਤ ’ਤੇ ਡੂੰਘਾ ਜ਼ਖ਼ਮ ਹੋ ਗਿਆ ਅਤੇ ਖੂਨ ਵਗਣ ਲੱਗ ਪਿਆ। ਘਟਨਾ ਤੋਂ ਬਾਅਦ ਘਬਰਾਏ ਪਰਿਵਾਰਕ ਮੈਂਬਰ ਬੱਚੇ ਨੂੰ ਤੁਰੰਤ ਸਰਕਾਰੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੂੰ ਟਾਂਕੇ ਲਗਾਉਣੇ ਪਏ। ਡਾਕਟਰਾਂ ਅਨੁਸਾਰ ਜੇ ਕੁਝ ਹੋਰ ਦੇਰ ਹੋ ਜਾਂਦੀ ਤਾਂ ਨੁਕਸਾਨ ਕਾਫ਼ੀ ਗੰਭੀਰ ਹੋ ਸਕਦਾ ਸੀ। ਇਹ ਘਟਨਾ ਸਿਰਫ਼ ਇੱਕ ਪਰਿਵਾਰ ਦੀ ਪੀੜਤ ਨਹੀਂ, ਬਲਕਿ ਸਿਸਟਮ ਦੀ ਸਰਮਨਾਕ ਨਾਕਾਮੀ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਸਰਕਾਰ ਵੱਲੋਂ ਚਾਈਨਾ ਡੋਰ ’ਤੇ ਲਗਾਈ ਪਾਬੰਦੀ ਸਿਰਫ਼ ਕਾਗਜ਼ਾਂ ਤਕ ਹੀ ਸੀਮਿਤ ਨਜ਼ਰ ਆ ਰਹੀ ਹੈ। ਖੁੱਲ੍ਹੇਆਮ ਵਿਕ ਰਹੀ ਇਹ ‘ਮੌਤ ਦੀ ਡੋਰ’ ਮਾਸੂਮ ਬੱਚਿਆਂ, ਰਾਹਗੀਰਾਂ ਅਤੇ ਦੋ ਪਹੀਆ ਵਾਹਨ ਚਾਲਕਾਂ ਦੀਆਂ ਜਾਨਾਂ ਲਈ ਲਗਾਤਾਰ ਖ਼ਤਰਾ ਬਣੀ ਹੋਈ ਹੈ, ਪਰ ਪ੍ਰਸ਼ਾਸਨ ਅੱਖਾਂ ਬੰਦ ਕਰ ਕੇ ਬੈਠਾ ਹੈ। ਇਸ ਘਟਨਾ ਨੂੰ ਲੈ ਕੇ ਇਲਾਕੇ ਦੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਨੇ ਸਵਾਲ ਉਠਾਇਆ ਹੈ ਕਿ ਆਖ਼ਿਰ ਕਦੋਂ ਤਕ ਛੋਟੇ ਬੱਚੇ ਪ੍ਰਸ਼ਾਸਨ ਦੀ ਲਾਪ੍ਰਵਾਹੀ ਦੀ ਕੀਮਤ ਕਦੋਂ ਤਕ ਚੁਕਾਉਂਦੇ ਰਹਿਣਗੇ। ਲੋਕਾਂ ਨੇ ਦੋਸ਼ੀ ਦੁਕਾਨਦਾਰਾਂ ਅਤੇ ਸਪਲਾਇਰਾਂ ਖ਼ਿਲਾਫ਼ ਸਖ਼ਤ ਕਾਰਵਾਈ, ਭਾਰੀ ਜੁਰਮਾਨੇ ਅਤੇ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਹੁਣ ਸਮਾਂ ਆ ਗਿਆ ਹੈ ਕਿ ਪ੍ਰਸ਼ਾਸਨ ਨੀਂਦ ਤੋਂ ਜਾਗੇ। ਜੇ ਚਾਈਨਾ ਡੋਰ ਖ਼ਿਲਾਫ਼ ਤੁਰੰਤ ਅਤੇ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਵਾਲੀਆਂ ਹਰ ਅਜਿਹੀ ਘਟਨਾ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਹ ਸਿਰਫ਼ ਹਾਦਸਾ ਨਹੀਂ, ਬਲਕਿ ਸਿਸਟਮ ਵੱਲੋਂ ਕੀਤੀ ਗਈ ਲਾਪ੍ਰਵਾਹੀ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੇ ਸਾਲ ਦੌਰਾਨ 10 ਤੋਂ 20 ਲੋਕ ਚਾਈਨਾ ਡੋਰ ਕਾਰਨ ਗੰਭੀਰ ਤੌਰ ’ਤੇ ਜ਼ਖ਼ਮੀ ਹੋਏ ਸਨ।