ਕੇਅਰ ਟੇਕਰ ਨੇ ਉਡਾਏ ਗਹਿਣੇ ਤੇ ਨਕਦੀ
ਬਜ਼ੁਰਗ ਮਾਤਾ ਦੀ ਸੇਵਾ ਲਈ ਰੱਖੀ ਕੇਅਰ ਟੇਕਰ ਨੇ ਉਡਾਏ 19 ਤੋਲੇ ਸੋਨੇ ਦੇ ਗਹਿਣੇ ਅਤੇ ਨਕਦੀ
Publish Date: Wed, 18 Mar 2026 04:46 PM (IST)
Updated Date: Wed, 18 Mar 2026 04:49 PM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਸ਼ਹਿਰ ਦੇ ਬੱਸ ਸਟੈਂਡ ਨੇੜੇ ਸਥਿਤ ਭਾਰਤ ਕੰਪਿਊਟਰ ਸੈਂਟਰ ਵਿਖੇ ਇੱਕ ਦਿਲ ਕੰਬਾਊ ਅਤੇ ਵਿਸ਼ਵਾਸਘਾਤ ਦੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਘਰ ’ਚ ਬਜ਼ੁਰਗ ਮਾਤਾ ਦੀ ਦੇਖਭਾਲ ਲਈ ਰੱਖੀ ਗਈ ਕੇਅਰ ਟੇਕਰ ਨੇ ਹੀ ਮੌਕਾ ਪਾ ਕੇ ਘਰ ’ਚੋਂ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਕੇਅਰ ਟੇਕਰ ਵਿਰੁੱਧ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਟੀ-1 ਬਰਨਾਲਾ ਵਿਖੇ ਦਰਜ ਕਰਵਾਏ ਗਏ ਬਿਆਨਾਂ ’ਚ ਪੀੜਤ ਪ੍ਰਵੀਨ ਗਰਗ ਪੁੱਤਰ ਸੁਰਿੰਦਰਪਾਲ ਗਰਗ ਨੇ ਦੱਸਿਆ ਕਿ ਬੀਤੀ 15 ਮਾਰਚ ਨੂੰ ਉਹ ਆਪਣੇ ਪੂਰੇ ਪਰਿਵਾਰ ਸਮੇਤ ਸ਼ਹਿਰ ’ਚ ਇੱਕ ਸਤਿਸੰਗ ਸੁਣਨ ਲਈ ਗਏ ਹੋਏ ਸਨ। ਘਰ ’ਚ ਉਸ ਦੀ ਬਜ਼ੁਰਗ ਮਾਤਾ ਇੱਕ ਕਮਰੇ ’ਚ ਪਏ ਸਨ, ਜਿਨ੍ਹਾਂ ਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਅਤੇ ਸ਼ੂਗਰ ਦੇ ਮਰੀਜ਼ ਹੋਣ ਕਰ ਕੇ ਉਨ੍ਹਾਂ ਦੇ ਪੈਰ ਦੀਆਂ ਉਂਗਲਾਂ ਵੀ ਬਹੁਤ ਖਰਾਬ ਸਨ, ਉਹ ਆਰਾਮ ਕਰ ਰਹੇ ਸਨ। ਜਦੋਂ ਪਰਿਵਾਰ ਸਤਿਸੰਗ ਤੋਂ ਵਾਪਸ ਘਰ ਪਰਤਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਘਰ ਦੇ ਅੰਦਰ ਅਲਮਾਰੀ ਖੁੱਲ੍ਹੀ ਪਈ ਸੀ ਅਤੇ ਸਾਮਾਨ ਖਿੱਲਰਿਆ ਹੋਇਆ ਸੀ। ਜਦੋਂ ਉਨ੍ਹਾਂ ਨੇ ਅਲਮਾਰੀ ਦੀ ਜਾਂਚ ਕੀਤੀ ਤਾਂ ਉਸ ’ਚੋਂ ਸੋਨੇ ਦੇ ਗਹਿਣੇ ਅਤੇ ਨਕਦੀ ਗਾਇਬ ਸੀ। ਸ਼ੱਕ ਹੋਣ ’ਤੇ ਜਦੋਂ ਪ੍ਰਵੀਨ ਗਰਗ ਨੇ ਘਰ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਸਾਰੀ ਸੱਚਾਈ ਸਾਹਮਣੇ ਆ ਗਈ। ਫੁਟੇਜ ’ਚ ਸਾਫ਼ ਦਿਖਾਈ ਦੇ ਰਿਹਾ ਸੀ ਕਿ ਕੇਅਰ ਟੇਕਰ ਸਰਬਜੀਤ ਕੌਰ ਪਤਨੀ ਪ੍ਰੇਮ ਸਿੰਘ ਵਾਸੀ ਜੋਧਪੁਰ ਨੇ ਹੀ ਅਲਮਾਰੀ ’ਚੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪਰਿਵਾਰ ਦੇ ਬਾਹਰ ਜਾਂਦੇ ਹੀ ਉਸ ਨੇ ਮੌਕੇ ਦਾ ਫ਼ਾਇਦਾ ਉਠਾਇਆ ਅਤੇ ਕੀਮਤੀ ਸਾਮਾਨ ਸਮੇਟ ਕੇ ਫਰਾਰ ਹੋ ਗਈ। ਪੀੜਤ ਪਰਿਵਾਰ ਅਨੁਸਾਰ ਚੋਰੀ ਹੋਏ ਗਹਿਣਿਆਂ ਦੀ ਕੁੱਲ ਮਾਤਰਾ ਕਰੀਬ 19 ਤੋਲੇ ਹੈ। ਜਿਨ੍ਹਾਂ ’ਚ 3 ਸੋਨੇ ਦੀਆਂ ਚੂੜੀਆਂ, 2 ਲੇਡੀਜ਼ ਕੜੇ, 3 ਲੇਡੀਜ਼ ਰਿੰਗ (ਮੁੰਦਰੀਆਂ), 2 ਜੈਂਟਸ ਰਿੰਗ, 1 ਸੋਨੇ ਦੀ ਚੇਨ ਅਤੇ 1 ਲੌਕਟ, 1 ਜੈਂਟਸ ਕੜਾ, ਇਸ ਤੋਂ ਇਲਾਵਾ ਅਲਮਾਰੀ ’ਚ ਰੱਖੀ 5000 ਰੁਪਏ ਦੀ ਨਕਦੀ ਵੀ ਚੋਰੀ ਹੋ ਗਈ ਹੈ। ਥਾਣਾ ਸਿਟੀ-1 ਬਰਨਾਲਾ ਦੇ ਮੁਖੀ ਨੇ ਦੱਸਿਆ ਕਿ ਪ੍ਰਵੀਨ ਗਰਗ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਮਹਿਲਾ ਸਰਬਜੀਤ ਕੌਰ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਸ ਘਟਨਾ ਨੇ ਸ਼ਹਿਰ ’ਚ ਨੌਕਰਾਂ ਅਤੇ ਕੇਅਰ ਟੇਕਰਾਂ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਉਣ ਦੀ ਲੋੜ ਨੂੰ ਮੁੜ ਤੋਂ ਉਭਾਰ ਦਿੱਤਾ ਹੈ। ਭਾਵੁਕ ਹੋਈ ਬਜ਼ੁਰਗ ਮਾਤਾ, ਧੀਆਂ ਦੇ ਵਿਆਹ ਲਈ ਜੋੜਿਆ ਸੀ ਸੋਨਾ : ਇਸ ਘਟਨਾ ਨੇ ਬਜ਼ੁਰਗ ਮਾਤਾ ਤੀਰਥਾ ਦੇਵੀ ਨੂੰ ਡੂੰਘਾ ਸਦਮਾ ਪਹੁੰਚਾਇਆ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰਾ ਸੋਨਾ ਉਨ੍ਹਾਂ ਦੇ ਆਪਣੇ ਵਿਆਹ ਦਾ ਸੀ, ਜਿਸ ਨੂੰ ਉਨ੍ਹਾਂ ਨੇ ਪਿਛਲੇ ਕਈ ਦਹਾਕਿਆਂ ਤੋਂ ਆਪਣੀਆਂ ਚਾਰ ਧੀਆਂ ਲਈ ਸੰਭਾਲ ਕੇ ਰੱਖਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਉਹ ਆਪਣੀਆਂ ਧੀਆਂ ਦੇ ਕਾਰਜ (ਵਿਆਹ) ਲਈ ਇਹ ਗਹਿਣੇ ਬਣਾ ਕੇ ਰੱਖੇ ਸਨ ਤਾਂ ਜੋ ਉਨ੍ਹਾਂ ਦੇ ਭਵਿੱਖ ’ਚ ਕੰਮ ਆ ਸਕਣ ਪਰ ਘਰ ਦੀ ਭੇਤੀ ਨੇ ਹੀ ਸਭ ਕੁਝ ਲੁੱਟ ਲਿਆ।