ਹਰੀਓਮ ਭਾਜਪਾ ’ਚ ਹੋਏ ਸ਼ਾਮਲ
ਭਾਜਪਾ ਦੇ ਪੰਜਾਬ ਪ੍ਰਧਾਨ ਨੇ ਆਜਾਦ ਹਰੀਓਮ ਨੂੰ ਫੜਾਇਆ ਫੁੱਲ
Publish Date: Wed, 11 Feb 2026 07:10 PM (IST)
Updated Date: Wed, 11 Feb 2026 07:11 PM (IST)
- ‘ਆਪ’ ਆਗੂ ਭਾਜਪਾ ’ਚ ਸ਼ਾਮਲ ਪੋਸਟ ਹੋਈ ਟ੍ਰੋਲ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ਭਾਜਪਾ ਦੇ ਪੰਜਾਬ ਕਾਰਜਕਾਰੀ ਪ੍ਰਧਾਨ ਤੇ ਮੀਤ ਪ੍ਰਧਾਨ ਪੰਜਾਬ ਨੇ ਬਰਨਾਲਾ ਫੇਰੀ ਦੌਰਾਨ ਇੱਕ ਨਿੱਜੀ ਹੋਟਲ ’ਚ ਰੱਖੇ ਵਰਕਰਾਂ ਨਾਲ ਮੀਡੀਆ ਤੋਂ ਗੁਪਤ ਸਮਾਗਮ ’ਚ ਆਜ਼ਾਦ ਆਗੂ ਹਰੀ ਓਮ ਨੂੰ ਭਾਜਪਾ ’ਚ ਸ਼ਾਮਲ ਕੀਤਾ। ਜਿਉਂ ਹੀ ਭਾਜਪਾ ਆਗੂ ਤੇ ਵਰਕਰਾਂ ਨੇ ਇਹ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਕਰਦਿਆਂ ਲਿਖਿਆ ਕਿ ਆਮ ਆਦਮੀ ਪਾਰਟੀ ਨੂੰ ਝਟਕਾ, ‘ਆਪ’ ਆਗੂ ਹਰੀਓਮ ਨੂੰ ਭਾਜਪਾ ਦੇ ਪੰਜਾਬ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਮੀਤ ਪ੍ਰਧਾਨ ਭਾਜਪਾ ਪੰਜਾਬ ਤੇ ਸਾਬਕਾ ਵਿਧਾਇਕ ਬਰਨਾਲਾ ਕੇਵਲ ਸਿੰਘ ਢਿੱਲੋਂ ਨੇ ਉਨ੍ਹਾਂ ਨੂੰ ਭਾਜਪਾ ’ਚ ਸ਼ਾਮਲ ਕੀਤਾ ਹੈ ਤਾਂ ਸੋਸ਼ਲ ਮੀਡੀਆ ’ਤੇ ਹੀ ਲੋਕ ਭਾਜਪਾ ਦੇ ਕੌਮੀ ਆਗੂ ਤੇ ਜ਼ਿਲ੍ਹੇ ਦੇ ਆਗੂਆਂ ਨੂੰ ਮੁਬਾਰਕਬਾਦ ਦੇ ਰਹੇ ਸਨ ਕਿ ਭਾਜਪਾ ਦੇ ਪੰਜਾਬ ਪ੍ਰਧਾਨ ਦੀ ਬਰਨਾਲਾ ਫੇਰੀ ਨੇ ਭਾਜਪਾ ਦੀ ਬਰਨਾਲਾ ਟੀਮ ਨੂੰ ਬਹੁਤ ਵੱਡਾ ਬਲ ਦਿੱਤਾ ਹੈ ਕਿ ਉਨ੍ਹਾਂ ਨੇ ਇੱਕ ਆਜ਼ਾਦ ਆਗੂ ਨੂੰ ਫੁੱਲ ਫੜਾਉਂਦਿਆਂ ਭਾਜਪਾ ’ਚ ਸ਼ਾਮਲ ਕੀਤਾ ਹੈ।
ਬਰਨਾਲਾ ਜਿਮਨੀ ਚੋਣ ਦੌਰਾਨ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਵਾਲੇ ਗੁਰਦੀਪ ਸਿੰਘ ਬਾਠ ਦੇ ਨੇੜਲੇ ਸਾਥੀ ਹਰੀਓਮ ਨਾਲ ਜਦੋਂ ਗੱਲ ਕੀਤੀ ਕਿ ਉਨ੍ਹਾਂ ਕੋਲ ਆਮ ਆਦਮੀ ਪਾਰਟੀ ਦਾ ਕੀ ਅਹੁਦਾ ਹੈ ਜਾਂ ਕੋਈ ਅਹੁਦਾ ਸੀ ਤਾਂ ਉਨ੍ਹਾਂ ਨੇ ਬੜੇ ਠਰੰਮੇ ਨਾਲ ਸਹਿਜਤਾ ’ਚ ਜਵਾਬ ਦਿੱਤਾ ਕਿ ਉਹ ਕਿਸੇ ਸਮੇਂ ਆਮ ਆਦਮੀ ਪਾਰਟੀ ਦੇ ਸਿਰਫ਼ ਵਲੰਟੀਅਰ ਸਨ, ਉਨ੍ਹਾਂ ਕੋਲ ਆਮ ਆਦਮੀ ਪਾਰਟੀ ਦਾ ਕੋਈ ਵੀ ਅਹੁਦਾ ਨਹੀਂ ਰਿਹਾ ਹੈ ਤੇ ਉਹ ਵਿਧਾਨ ਸਭਾ ਬਰਨਾਲਾ ’ਚ ਹੋਈਆਂ ਜਿਮਨੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਵਲੰਟੀਅਰ ਵੀ ਨਹੀਂ ਰਹੇ ਸਨ, ਹੁਣ ਉਹ ਸਿਰਫ਼ ਆਜ਼ਾਦ ਹੋ ਕੇ ਲੋਕਾਂ ਦੀ ਸਮਾਜ ਸੇਵਾ ਨੂੰ ਸਮਰਪਿਤ ਸਨ। ਜਦੋਂ ਇਸ ਸਬੰਧੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਸੰਟੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਖੁਦ ਮੰਨਿਆ ਕਿ ਇਹ ਹਰੀਓਮ ਕਿਸੇ ਸਮੇਂ ਆਮ ਆਦਮੀ ਪਾਰਟੀ ’ਚ ਮੀਤ ਹੇਅਰ ਦੀ ਮਦਦ ਕਰਦਾ ਸੀ, ਹਾਂ ਹੁਣ ਜ਼ਰੂਰ ਉਹ ਗੁਰਦੀਪ ਬਾਠ ਦਾ ਸਾਥੀ ਤੇ ਆਜ਼ਾਦ ਵਰਕਰ ਸੀ ਪਰ ਜਲਦੀ ਹੀ ਉਸ ਨੂੰ ਭਾਜਪਾ ’ਚ ਕੋਈ ਜ਼ਿੰਮੇਵਾਰ ਅਹੁਦਾ ਦੇ ਕੇ ਮਾਣ ਸਨਮਾਨ ਦਿੱਤਾ ਜਾਵੇਗਾ। ਜਦੋਂ ਇਸ ਵਾਇਰਲ ਹੋ ਰਹੀ ਸੋਸ਼ਲ ਮੀਡੀਆ ’ਤੇ ਤਸਵੀਰ ਸਬੰਧੀ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਰੀਓਮ ਕੋਲ ਆਮ ਆਦਮੀ ਪਾਰਟੀ ਦਾ ਕਦੇ ਵੀ ਕੋਈ ਅਹੁਦਾ ਨਹੀਂ ਰਿਹਾ। ਜਿਮਨੀ ਚੋਣ ਸਮੇਂ ਉਹ ਆਜ਼ਾਦ ਉਮੀਦਵਾਰ ਦਾ ਪੱਕਾ ਸਮਰਥਕ ਸੀ।