ਅਕਾਲੀ ਸਰਪੰਚ ਮੁਅੱਤਲ ਹੋਣ ਤੋਂ ਬਾਅਦ ਸ਼ੋਸ਼ਲ ਮੀਡੀਆ ’ਤੇ ਹੋਇਆ ਲਾਈਵ
ਅਕਾਲੀ ਸਰਪੰਚ ਮੁਅੱਤਲ ਹੋਣ ਤੋਂ ਬਾਅਦ ਸੋਸਲ ਮੀਡੀਆ ’ਤੇ ਹੋਇਆ ਲਾਇਵ
Publish Date: Wed, 07 Jan 2026 07:00 PM (IST)
Updated Date: Wed, 07 Jan 2026 07:03 PM (IST)

- ‘ਆਪ’ ਵਿਧਾਇਕ ਖ਼ਿਲਾਫ਼ ਕੱਢੀ ਭੜਾਸ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਜ਼ਿਲ੍ਹਾ ਬਰਨਾਲਾ ਅਧੀਨ ਵਿਧਾਨ ਸਭਾ ਹਲਕਾ ਭਦੌੜ ਦੇ ਬਲਾਕ ਸ਼ਹਿਣਾ ਅਧੀਨ ਪੈਂਦੇ ਪਿੰਡ ਨੈਣੇਵਾਲ ਦੇ ਮੌਜੂਦਾ ਸਰਪੰਚ ਗਗਨਦੀਪ ਸਿੰਘ ਗਗਨਾ ਨੂੰ ਮੁਅੱਤਲ ਕਰਨ ’ਤੇ ਉਸ ਨੇ ਆਪਣੀ ਬਲਾਕ ਸੰਮਤੀ ਦੀ ਚੋਣ ਜਿੱਤ ਕੇ ਮੈਂਬਰ ਬਣੀ ਮਾਤਾ ਨਾਲ ਸੋਸਲ ਮੀਡੀਆ ’ਤੇ ਲਾਈਵ ਹੋ ਕੇ ‘ਆਪ’ ਦੇ ਵਿਧਾਇਕ ਲਾਭ ਸਿੰਘ ਉਗੋਕੇ ’ਤੇ ਗੰਭੀਰ ਦੋਸ਼ ਲਗਾਏ ਹਨ। ਆਪਣੇ ਫੇਸਬੁੱਕ ਅਕਾਊਂਟ ’ਤੇ ਲਾਈਵ ਹੋ ਕੇ ਸਰਪੰਚ ਗਗਨਦੀਪ ਸਿੰਘ ਨੇ ਇੱਥੋਂ ਤਕ ਆਖ ਦਿੱਤਾ ਕਿ ਜੇਕਰ ਉਸ ਨੂੰ ਜਾਂ ਉਸ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਕੋਈ 19-21 ਹੁੰਦੀ ਹੈ ਤਾਂ ਇਸਦਾ ਜ਼ਿੰਮੇਵਾਰ ਵਿਧਾਇਕ ਲਾਭ ਸਿੰਘ ਉਗੋਕੇ ਹੋਵੇਗਾ। ਸਰਪੰਚ ਗਗਨਦੀਪ ਸਿੰਘ ਨੇ ਕਿਹਾ ਕਿ ਜਦੋਂ ਤੋਂ ਉਸ ਨੇ ਸਰਪੰਚੀ ਜਿੱਤੀ ਹੈ ਅਤੇ ਉਸ ਤੋਂ ਬਾਅਦ ਉਸ ਦੀ ਮਾਤਾ ਨੇ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣ ਜਿੱਤੀ ਹੈ, ਉਸ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਜਾ ਰਿਹਾ ਹੈ। ਗਗਨਾ ਨੇ ਕਿਹਾ ਕਿ ਉਸ ਨੂੰ ਸਿੱਧੇ ਤੌਰ ’ਤੇ ਸੁਨੇਹੇ ਲਾਏ ਜਾ ਰਹੇ ਹਨ ਕਿ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਸੀਟ ’ਚੋਂ ਕੋਈ ਇੱਕ ਸੀਟ ਛੱਡ ਦੇਵੇ। ਗਗਨਦੀਪ ਸਿੰਘ ਨੇ ਇਹ ਵੀ ਦੋਸ਼ ਲਗਾਏ ਕਿ ਉਸ ’ਤੇ ਝੂਠਾ ਪੁਲਿਸ ਕੇਸ ਬਣਾਉਣ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਗਗਨਦੀਪ ਸਿੰਘ ਨੇ ਇਹ ਵੀ ਖੁਲਾਸਾ ਕੀਤਾ ਕਿ ਉਸ ਨੂੰ ਕਿਸੇ ਮਿੱਤਰ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਉਸ ਦੇ ’ਤੇ ਕੋਈ ਵੀ ਪਰਚਾ ਹੋ ਸਕਦਾ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਸਰਪੰਚ ਗਗਨਦੀਪ ਸਿੰਘ ਨੂੰ ਅਹੁਦੇ ਤੋਂ ਮੁਅੱਤਲ ਕਰ ਕੇ ਪਿੰਡ ਵਿੱਚ ਪ੍ਰਬੰਧਕ ਵੀ ਲਗਾ ਦਿੱਤਾ ਗਿਆ, ਜਿਸ ਦਾ ਜ਼ਿੰਮੇਵਾਰ ਵੀ ਗਗਨਦੀਪ ਸਿੰਘ ਨੇ ਮੌਜੂਦਾ ਵਿਧਾਇਕ ਨੂੰ ਹੀ ਠਹਿਰਾਇਆ ਹੈ। ਗਗਨਦੀਪ ਸਿੰਘ ਨੇ ਕਿਹਾ ਕਿ ਉਸ ਦੇ ਪਰਿਵਾਰ ਦਾ ਪਿਛੋਕੜ ਅਕਾਲੀ ਪੱਖੀ ਹੈ, ਜਿਸ ਕਰ ਕੇ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ।