ਵੱਖ-ਵੱਖ ਸਿਹਤ ਕੇਂਦਰਾਂ ’ਚ ਮਨਾਇਆ ਕੈਂਸਰ ਦਿਵਸ
ਸਿਹਤ ਵਿਭਾਗ ਬਲਾਕ ਤਪਾ ਅਧੀਨ ਵੱਖ ਵੱਖ ਸਿਹਤ ਕੇਂਦਰਾਂ ਵਿਖੇ ਮਨਾਇਆ ਕੈਂਸਰ ਦਿਵਸ
Publish Date: Wed, 04 Feb 2026 04:18 PM (IST)
Updated Date: Wed, 04 Feb 2026 04:20 PM (IST)

- ਲੋਕਾਂ ਨੂੰ ਕੈਂਸਰ ਤੋਂ ਬਚਣ ਲਈ ਕੀਤਾ ਜਾਗਰੂਕ : ਡਾ. ਬਾਜਵਾ ਦੀਪਕ ਬਾਂਸਲ, ਪੰਜਾਬੀ ਜਾਗਰਣ ਤਪਾ ਮੰਡੀ : ਸਿਵਲ ਸਰਜਨ ਡਾ. ਹਰੀਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਸ਼ਵ ਕੈਂਸਰ ਦਿਵਸ ਮੌਕੇ ਸਿਹਤ ਬਲਾਕ ਤਪਾ ਅਧੀਨ ਵੱਖ-ਵੱਖ ਸਿਹਤ ਕੇਂਦਰਾਂ ਵਿਖੇ ਕੈਂਸਰ ਸਬੰਧੀ ਜਾਗਰੂਕਤਾ ਪ੍ਰੋਗਰਾਮ ਕੀਤੇ ਗਏ। ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾ. ਕੰਵਲਜੀਤ ਸਿੰਘ ਬਾਜਵਾ ਨੇ ਕਿਹਾ ਕਿ ਸਮੇਂ ਸਿਰ ਜਾਗਰੂਕ ਹੋਣ ਨਾਲ ਕੈਂਸਰ ਕੰਟਰੋਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕੈਂਸਰ ਦੀ ਜਲਦੀ ਪਛਾਣ ਹੋਣ ’ਤੇ ਇਸ ਦਾ ਇਲਾਜ ਸੰਭਵ ਹੈ। ਉਨ੍ਹਾਂ ਕਿਹਾ ਕਿ ਛਾਤੀ ’ਚ ਗਿਲਟੀ, ਨਾ ਠੀਕ ਹੋਣ ਵਾਲੇ ਮੂੰਹ ਦਾ ਛਾਲੇ, ਲਗਾਤਾਰ ਖੰਘ ਅਤੇ ਆਵਾਜ਼ ’ਚ ਭਾਰੀਪਣ, ਮਾਂਹਵਾਰੀ ’ਚ ਖੂਨ ਆਉਣਾ ਅਤੇ ਮਹਾਵਾਰੀ ਤੋਂ ਇਲਾਵਾ ਖੂਨ ਆਉਣਾ ਕੈਂਸਰ ਹੋਣ ਦੇ ਲੱਛਣ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਸ਼ਰਾਬ, ਤੰਬਾਕੂ ਅਤੇ ਬੀੜੀ ਸਿਗਰੇਟ ਦੀ ਵਰਤੋਂ ਕਰਨਾ ਤੇ ਫ਼ਸਲਾਂ ਤੇ ਜ਼ਿਆਦਾ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਨਾ ਕੈਂਸਰ ਕਾਰਨ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਕੈਂਸਰ ਤੋਂ ਬਚਣ ਲਈ ਸੰਤੁਲਿਤ ਖੁਰਾਕ, ਸਰੀਰ ਦੇ ਕਿਸੇ ਹਿੱਸੇ ਵਿੱਚ ਅਣਚਾਹੀ ਰਸੌਲੀ ਜਾਂ ਗਿਲਟੀ ਤੇ ਔਰਤਾਂ ’ਚ ਮਾਂਹਵਾਰੀ ਦੇ ਲੱਛਣ ਬਦਲਣ ਤੇ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 35 ਸਾਲ ਦੀ ਉਮਰ ਤੋਂ ਬਾਅਦ ਹਰੇਕ ਔਰਤ ਨੂੰ ਆਪਣੀ ਮੈਡੀਕਲ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ। ਇਸ ਮੌਕੇ ਬਲਾਕ ਐਜੂਕਟਰ ਜਸਪਾਲ ਸਿੰਘ ਜਟਾਣਾ, ਐੱਲਐੱਚਵੀ ਬੇਅੰਤ ਕੌਰ, ਸੀਐੱਚਓ ਅਨੀਤਾ, ਵਰਿੰਦਰ ਸ਼ਰਮਾ, ਸੰਦੀਪ ਕੌਰ, ਮਨੀਸ਼ਾ, ਏਐੱਨਐੱਮ ਸਤਪਾਲ ਕੌਰ, ਰਾਜਦੀਪ ਕੌਰ, ਹਰਪ੍ਰੀਤ ਕੌਰ, ਰਾਜ ਰਾਣੀ, ਗੁਰਸੇਵਕ ਸਿੰਘ ਆਦਿ ਹਾਜ਼ਰ ਸਨ।