ਮਾਤਾ ਗੁਜਰੀ ਸਕੂਲ ’ਚ ਖਾਲਸਾ ਸਾਜਨਾ ਦਿਵਸ ਮਨਾਇਆ
ਮਾਤਾ ਗੁਜਰੀ ਸਕੂਲ ਭਦੌੜ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ
Publish Date: Wed, 15 Apr 2026 03:42 PM (IST)
Updated Date: Wed, 15 Apr 2026 03:45 PM (IST)
ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ
ਭਦੌੜ : ਵਿਸਾਖੀ ਦਾ ਤਿਉਹਾਰ ਪੰਜਾਬ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਸਬੰਧੀ ਮਾਤਾ ਗੁਜਰੀ ਪਬਲਿਕ ਹਾਈ ਸਕੂਲ ਭਦੌੜ ਵਿਖੇ ਪ੍ਰਿੰਸੀਪਲ ਸੁਖਵੀਰ ਕੌਰ ਧਾਲੀਵਾਲ ਦੀ ਅਗਵਾਈ ਹੇਠ ਪੂਰੇ ਉਤਸ਼ਾਹ ਅਤੇ ਜੋਸ਼ ਨਾਲ ਖਾਲਸਾ ਸਾਜਨਾ ਦਿਵਸ ਦੀ ਮਹੱਤਤਾ ਨੂੰ ਦਰਸਾਉਂਦਾ ਇੱਕ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆ ਗਿਆ। ਜਿਸ ’ਚ ਸਤਿਨਾਮ ਸਰਬ ਕਲਿਆਣ ਟਰੱਸਟ (ਰਜਿ.) ਚੰਡੀਗੜ੍ਹ ਵੱਲੋਂ ਗੁਰਬਾਣੀ ਦੇ ਪੇਪਰਾਂ ’ਚੋਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਇਨਾਮ ਦਿੱਤੇ ਗਏ। ਇਸ ਮੌਕੇ ਗੁਰਬਾਣੀ ਅਧਿਆਪਕਾ ਗੁਰਚਰਨ ਕੌਰ ਨੇ ਬੱਚਿਆਂ ਨੂੰ ਵਿਸਾਖੀ ਦੇ ਇਤਿਹਾਸ ਬਾਰੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਇਸ ਦਿਨ ਸਿੱਖਾਂ ਦੇ ਦਸਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਸਾਜਨਾ ਕੀਤੀ। ਉਨ੍ਹਾਂ ਬੱਚਿਆਂ ਨੂੰ 1919 ਈਸਵੀ ਦੀ ਵਿਸਾਖੀ ਮਨਾ ਰਹੇ ਲੋਕਾਂ ਦੀ ਜਿਲ੍ਹਿਆਂ ਵਾਲੇ ਬਾਗ ਦੇ ਖੂਨੀ ਸਾਕੇ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਇਸ ਮੌਕੇ ਵੱਖ-ਵੱਖ ਕਲਾਸਾਂ ਦੇ ਬੱਚਿਆਂ ਵੱਲੋਂ ਕਵੀਸ਼ਰੀ, ਗੀਤ, ਭਾਸ਼ਣ ਆਦਿ ਪੇਸ਼ ਕਰ ਕੇ ਵਿਸਾਖੀ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਇਸ ਮੌਕੇ ਸਮੁੱਚੀ ਮੈਨੇਜਮੈਂਟ ਕਮੇਟੀ ਅਤੇ ਪ੍ਰਿੰਸੀਪਲ ਵੱਲੋਂ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਸਮੂਹ ਵਿਦਿਆਰਥੀਆਂ ਅਤੇ ਸਮੁੱਚੇ ਸਟਾਫ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ ਗਈਆਂ।