ਸੇਵਾ ਕੇਂਦਰਾਂ ’ਚ ਮਿਲਣਗੀਆਂ ਪੈਨਸ਼ਨਰ ਸੇਵਾਵਾਂ
ਆਰ.ਟੀ.ਓ ਦਫ਼ਤਰ ਤੇ ਮਾਲ ਵਿਭਾਗ ਦੀਆਂ ਸੇਵਾਵਾਂ ਦੇ ਨਾਲ ਹੁਣ ਪੈਨਸ਼ਨਰ ਸੇਵਾਵਾਂ ਵੀ ਸੇਵਾ ਕੇਂਦਰਾਂ ’ਚ
Publish Date: Wed, 07 Jan 2026 05:32 PM (IST)
Updated Date: Wed, 07 Jan 2026 05:35 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਡਿਪਟੀ ਕਮਿਸ਼ਨਰ ਬਰਨਾਲਾ ਟੀ. ਬੈਨਿਥ ਨੇ ਦੱਸਿਆ ਕਿ ਹੁਣ ਆਰਟੀਓ ਦਫ਼ਤਰ ਤੇ ਮਾਲ ਵਿਭਾਗ ਦੀਆਂ ਸੇਵਾਵਾਂ ਹੁਣ ਸੇਵਾ ਕੇਂਦਰਾਂ ’ਚ ਮਿਲ ਰਹੀਆਂ ਹਨ। ਇਸ ਤਰ੍ਹਾਂ ਵਾਹਨ ਤੇ ਆਰਸੀ ਨਾਲ ਸਬੰਧਿਤ ਇਹ ਸਾਰੀਆਂ ਸੇਵਾਵਾਂ ਸੇਵਾ ਕੇਂਦਰ ਤੇ ਮਿਲ ਰਹੀਆਂ ਹਨ। ਇਸ ਤੋਂ ਇਲਾਵਾ ਪੈਨਸ਼ਨਰ ਦੀਆਂ ਛੇ ਸੇਵਾਵਾਂ ਹੁਣ ਸਾਰੇ ਸੇਵਾ ਕੇਂਦਰਾਂ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਜਿੰਨਾਂ ’ਚ ਈ-ਕੇਵਾਈਸੀ, ਪ੍ਰਮਾਣ ਪੱਤਰ, ਸ਼ਿਕਾਇਤ ਦਰਜ਼ ਕਰਵਾਉਣਾ, ਪ੍ਰੋਫ਼ਾਈਲ ਅੱਪਡੇਟ ਵਰਗੀਆਂ ਇਹ ਸਾਰੀਆਂ ਸੇਵਾਵਾਂ ਹੁਣ ਸੇਵਾ ਕੇਂਦਰ ਚ ਜਾ ਕੇ ਲਈਆਂ ਜਾ ਸਕਦੀਆਂ ਹਨ ਤੇ ਮਾਲ ਵਿਭਾਗ ਨਾਲ ਸਬੰਧਿਤ ਫ਼ਰਦ ਬਦਰ, ਵਿਰਾਸਤੀ ਇੰਤਕਾਲ, ਵਸੀਕੇ ਦੇ ਆਧਾਰ ਤੇ ਇੰਤਕਾਲ, ਮੈਰਿਜ਼ ਸਰਟੀਫ਼ਿਕੇਟ, ਆਮਦਨ ਸਰਟੀਫ਼ਿਕੇਟ ਆਦਿ ਸਾਰੀਆਂ ਸੇਵਾਵਾਂ ਸ਼ਾਮਲ ਹਨ। ਇਸ ਤੋਂ ਇਲਾਵਾ ਘਰ ਬੈਠੇ ਵੀ 1076 ਤੇ ਡਾਇਲ ਕਰ ਕੇ ਇਹ ਸਾਰੀਆਂ ਸੇਵਾਵਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਸੇਵਾ ਕੇਂਦਰ ਦੇ ਮਨਜੀਤ ਸ਼ਰਮਾ ਨੇ ਦੱਸਿਆ ਕਿ ਸਕੂਲੀ ਬੱਚਿਆਂ ਦੇ ਆਧਾਰ ਕਾਰਡਾਂ ਦੀ ਬਾਇਓਮੈਟ੍ਰਿਕ ਜ਼ਰੂਰੀ ਹੋ ਗਈ ਹੈ, ਇਸ ਸਬੰਧੀ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿੱਚ ਕੈਂਪ ਲਗਾਏ ਗਏ ਹਨ ਅਤੇ ਹੁਣ ਸਕੂਲਾਂ ਵਿੱਚ ਸਰਦੀ ਦੀਆਂ ਛੁੱਟੀਆਂ ਹੋਣ ਕਾਰਨ ਸਕੂਲ ਬੰਦ ਹਨ ਤੇ ਬੱਚਿਆਂ ਦੇ ਮਾਪੇ ਨੇੜੇ ਦੇ ਸੇਵਾ ਕੇਂਦਰ ’ਤੇ ਜਾ ਕੇ ਬੱਚਿਆਂ ਦੇ ਆਧਾਰ ਕਾਰਡ ਅੱਪਡੇਟ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਕੁੱਲ 14 ਸੇਵਾ ਕੇਂਦਰ ਹਨ, ਸੋ ਇਹ ਸਾਰੀਆਂ ਸੇਵਾਵਾਂ ਆਪਣੇ ਨਜ਼ਦੀਕੀ ਸੇਵਾ ਕੇਂਦਰ ’ਤੇ ਜਾ ਕੇ ਲਈਆਂ ਜਾ ਸਕਦੀਆਂ ਹਨ। ਡੀਸੀ ਦਫਤਰ ਬਰਨਾਲਾ, ਵੈਟਰਨਰੀ ਹਸਪਤਾਲ ਤਪਾ ਤੇ ਮਹਿਲ ਕਲਾਂ ਸੇਵਾ ਕੇਂਦਰਾਂ ’ਚ ਐਤਵਾਰ ਵਾਲੇ ਦਿਨ ਵੀ ਇੱਕ ਕਾਊਂਟਰ ਨਾਲ ਖੁੱਲ੍ਹੇ ਰਹਿੰਦੇ ਹਨ, ਜਿਨ੍ਹਾਂ ’ਤੇ ਜਾ ਕੇ ਛੁੱਟੀ ਵਾਲੇ ਦਿਨ ਵੀ ਇਨ੍ਹਾਂ ਸੇਵਾਵਾਂ ਦਾ ਲਾਭ ਲਿਆ ਜਾ ਸਕਦਾ ਹੈ।