ਟ੍ਰਾਈਡੈਂਟ ਫੈਕਟਰੀ ਨੂੰ 'ਕਲੋਜ਼ਰ ਨੋਟਿਸ' ਮਗਰੋਂ ਪੰਜਾਬ ਦੀ ਸਿਆਸਤ ਗਰਮਾਈ: DC-SSP ਨਾਲ ਡਾ. ਰਜਿੰਦਰ ਗੁਪਤਾ ਦੀ ਬੰਦ ਕਮਰਾ ਮੀਟਿੰਗ, ਭਾਜਪਾ ਆਰ-ਪਾਰ ਦੇ ਮੂਡ 'ਚ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਟ੍ਰਾਈਡੈਂਟ ਗਰੁੱਪ ਦੇ ਧੌਲਾ (ਬਰਨਾਲਾ) ਯੂਨਿਟ ਨੂੰ ਜਾਰੀ ਕੀਤੇ ਗਏ ਕਥਿਤ 'ਕਲੋਜ਼ਰ ਨੋਟਿਸ' ਨੇ ਸੂਬੇ ਦੇ ਸਿਆਸੀ ਗਲਿਆਰਿਆਂ ’ਚ ਅਜਿਹਾ ਭਾਂਬੜ ਮੱਚਿਆ ਹੈ, ਜਿਸ ਦਾ ਸੇਕ ਹੁਣ ਚੰਡੀਗੜ੍ਹ ਤੋਂ ਲੈ ਕੇ ਦਿੱਲੀ ਤੱਕ ਮਹਿਸੂਸ ਹੋਣ ਲੱਗਿਆ ਹੈ। ਇੱਕੋ ਝਟਕੇ ’ਚ ਉਦਯੋਗ ਨੂੰ ਜਿੰਦਾ ਲੱਗਣ ਦੀਆਂ ਖ਼ਬਰਾਂ ਨੇ ਨਾ ਸਿਰਫ਼ ਬਰਨਾਲਾ, ਸਗੋਂ ਪੂਰੇ ਪੰਜਾਬ ਦੀ ਸਿਆਸਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹੁਣ ਇਹ ਮਾਮਲਾ ਮਹਿਜ਼ ਪ੍ਰਦੂਸ਼ਣ ਦਾ ਨਹੀਂ ਰਿਹਾ, ਸਗੋਂ ਆਰ-ਪਾਰ ਦੀ ਸਿਆਸੀ ਜੰਗ ’ਚ ਤਬਦੀਲ ਹੋਣ ਦੀਆਂ ਅਟਕਲਾਂ ਵੀ ਲੱਗ ਰਹੀਆਂ ਹਨ।
Publish Date: Wed, 10 Jun 2026 10:41 AM (IST)
Updated Date: Wed, 10 Jun 2026 10:43 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ - ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਟ੍ਰਾਈਡੈਂਟ ਗਰੁੱਪ ਦੇ ਧੌਲਾ (ਬਰਨਾਲਾ) ਯੂਨਿਟ ਨੂੰ ਜਾਰੀ ਕੀਤੇ ਗਏ ਕਥਿਤ 'ਕਲੋਜ਼ਰ ਨੋਟਿਸ' ਨੇ ਸੂਬੇ ਦੇ ਸਿਆਸੀ ਗਲਿਆਰਿਆਂ ’ਚ ਅਜਿਹਾ ਭਾਂਬੜ ਮੱਚਿਆ ਹੈ, ਜਿਸ ਦਾ ਸੇਕ ਹੁਣ ਚੰਡੀਗੜ੍ਹ ਤੋਂ ਲੈ ਕੇ ਦਿੱਲੀ ਤੱਕ ਮਹਿਸੂਸ ਹੋਣ ਲੱਗਿਆ ਹੈ। ਇੱਕੋ ਝਟਕੇ ’ਚ ਉਦਯੋਗ ਨੂੰ ਜਿੰਦਾ ਲੱਗਣ ਦੀਆਂ ਖ਼ਬਰਾਂ ਨੇ ਨਾ ਸਿਰਫ਼ ਬਰਨਾਲਾ, ਸਗੋਂ ਪੂਰੇ ਪੰਜਾਬ ਦੀ ਸਿਆਸਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹੁਣ ਇਹ ਮਾਮਲਾ ਮਹਿਜ਼ ਪ੍ਰਦੂਸ਼ਣ ਦਾ ਨਹੀਂ ਰਿਹਾ, ਸਗੋਂ ਆਰ-ਪਾਰ ਦੀ ਸਿਆਸੀ ਜੰਗ ’ਚ ਤਬਦੀਲ ਹੋਣ ਦੀਆਂ ਅਟਕਲਾਂ ਵੀ ਲੱਗ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਫੈਕਟਰੀ ਬੰਦ ਹੋਣ ਦਾ ਮਾਮਲਾ ਇੰਨਾ ਗੰਭੀਰ ਰੂਪ ਧਾਰਨ ਕਰ ਚੁੱਕਾ ਹੈ ਕਿ ਭਾਜਪਾ ਦੇ ਰਾਜ ਸਭਾ ਮੈਂਬਰ ਤੇ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਅਚਾਨਕ ਹੀ ਖੁਦ ਡੀਸੀ ਹਰਪ੍ਰੀਤ ਸਿੰਘ ਨੂੰ ਮਿਲਣ ਪਹੁੰਚ ਗਏ। ਇਸ ਮੌਕੇ ਐਸਐਸਪੀ ਮੁਹੰਮਦ ਸਰਫਰਾਜ ਆਲਮ ਸਰਫਰਾਜ ਆਲਮ ਵੀ ਮੌਜੂਦ ਰਹੇ। ਪਤਾ ਲੱਗਿਆ ਹੈ ਕਿ ਰਜਿੰਦਰ ਗੁਪਤਾ ਦੀ ਇਨ੍ਹਾਂ ਅਧਿਕਾਰੀਆਂ ਨਾਲ ਕਰੀਬ ਸਵਾ ਘੰਟਾ ਬੰਦ ਕਮਰੇ ’ਚ ਗੁਪਤ ਮੀਟਿੰਗ ਹੋਈ। ਹਾਲਾਂਕਿ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਇਸ ਮੀਟਿੰਗ 'ਤੇ ਕੁਝ ਵੀ ਬੋਲਣ ਅਤੇ ਦੱਸਣ ਤੋਂ ਬਚ ਰਹੇ ਹਨ । ਪਰੰਤੂ ਟ੍ਰਾਈਡੈਂਟ ਦੇ ਅਧਿਕਾਰੀ ਵੀ ਦੋਵਾਂ ਅਧਿਕਾਰੀਆਂ ਦੀ ਆਰ ਜੀ ਨਾਲ ਹੋਈ ਮੀਟਿੰਗ ਦੀ ਦਬੀ ਜ਼ੁਬਾਨ 'ਚ ਹਾਮੀ ਜਰੂਰ ਭਰ ਰਹੇ ਹਨ। ਪਰ ਆਲ੍ਹਾ ਸੂਤਰਾਂ ਮੁਤਾਬਕ ਅੰਦਰਖਾਤੇ ਸਭ ਕੁਝ ਠੀਕ ਨਹੀਂ ਹੈ! ਖ਼ਤਰੇ ਦੀ ਘੰਟੀ ਵੱਜ ਚੁੱਕੀ ਹੈ ਤੇ ਪਰਦੇ ਦੇ ਪਿੱਛੇ ਕੋਈ ਬਹੁਤ ਵੱਡੀ ਖਿਚੜੀ ਪੱਕ ਰਹੀ ਹੈ। ਦੂਜੇ ਪਾਸੇ, ਸਿਆਸੀ ਜੋੜ-ਤੋੜ ਵੀ ਸਿਖਰਾਂ 'ਤੇ ਹੈ।
ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਤੁਰੰਤ ਰਜਿੰਦਰ ਗੁਪਤਾ ਦੀ ਲੁਧਿਆਣਾ ਸਥਿਤ ਰਿਹਾਇਸ਼ 'ਤੇ ਪਹੁੰਚੇ। ਭਾਵੇਂ ਸੋਸ਼ਲ ਮੀਡੀਆ 'ਤੇ ਇਸ ਮੁਲਾਕਾਤ ਨੂੰ ‘ਪੁਰਾਣੀ ਦੋਸਤੀ’ ਤੇ 'ਸਿਹਤ ਦਾ ਹਾਲ-ਚਾਲ’ ਪੁੱਛਣ ਦਾ ਨਾਂ ਦਿੱਤਾ ਗਿਆ ਹੈ, ਪਰ ਸਿਆਸੀ ਮਾਹਿਰ ਜਾਣਦੇ ਹਨ ਕਿ ਇਹ ਮਹਿਜ਼ ਇੱਕ ਦਿਖਾਵਾ ਹੈ। ਅਸਲ ਗੱਲ ਇਹ ਹੈ ਕਿ ਭਾਜਪਾ ਨੇ ਇਸ ਮੁਸ਼ਕਲ ਘੜੀ ’ਚ ਰਜਿੰਦਰ ਗੁਪਤਾ ਦੀ ਪਿੱਠ 'ਤੇ ਹੱਥ ਰੱਖ ਦਿੱਤਾ ਹੈ ਤੇ ਸਰਕਾਰ ਵਿਰੁੱਧ ਆਰ-ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਹੈ । ਇਸ ਪੂਰੇ ਘਟਨਾਕ੍ਰਮ 'ਤੇ ਹੁਣ ਵਿਰੋਧੀ ਧਿਰਾਂ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਪਹੁੰਚ ਗਿਆ ਹੈ। ਇਹ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵੱਡੇ-ਵੱਡੇ ਦਾਅਵੇ ਕਰਕੇ ਸੱਤਾ ’ਚ ਆਈ ਸੀ, ਪਰ ਅੱਜ ਇਲਾਕੇ ਦੇ ਹਜ਼ਾਰਾਂ ਨੌਜਵਾਨਾਂ ਦੇ ਢਿੱਡ 'ਤੇ ਲੱਤ ਮਾਰ ਕੇ ਉਨ੍ਹਾਂ ਨੂੰ ਇੱਕੋ ਝਟਕੇ ’ਚ ਬੇਰੁਜ਼ਗਾਰ ਕਰਨ ‘ਤੇ ਤੁਲੀ ਹੋਈ ਹੈ।”