- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਜੀ ਰਾਮ ਜੀ’ ’ਚ ਆਪ ਸਰਕਾਰ 40 ਫੀਸਦ ਦੇਵੇ:ਭਾਜਪਾ ਆਗੂ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ‘ਜੀ ਰਾਮ ਜੀ’ ਸਕੀਮ ’ਚ ਲੋਕਾਂ ਨੂੰ 100 ਦਿਨ ਤੋਂ ਵਧਾਕੇ 125 ਦਿਨ ਦਾ ਕੰਮ ਦਿੱਤਾ ਜਾ ਰਿਹਾ ਹੈ। ਜਿਸ ’ਚ 60 ਫੀਸਦੀ ਕੇਂਦਰ ਸਰਕਾਰ ਨੇ ਦੇਣਾ ਹੈ ਤੇ 40 ਫੀਸਦੀ ਸੂਬਾ ਸਰਕਾਰ ਨੇ ਦੇਣਾ ਹੈ। ਇਹ ਸ਼ਬਦ ਪਿੰਡ ਠੀਕਰੀਵਾਲ ਵਿਖੇ ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲ ਦੇ ਸਾਲਾਨਾ ਸ਼ਹੀਦੀ ਸਮਾਗਮ ’ਚ ਸ਼ਿਰਕਤ ਕਰਦਿਆਂ ਭਾਜਪਾ ਆਗੂ ਮਨਜੀਤ ਸਿੰਘ ਰਾਏ ਨੇ ਪੰਜਾਬੀ ਜਾਗਰਣ ਨਾਲ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਆਪਦੇ ਕੌਮੀ ਕਨਵੀਨਰ ਨੂੰ ਪੰਜਾਬ ਦੇ ਉਡਣ ਖਟੋਲੇ ਭਾਵ ਜਹਾਜ਼ਾਂ ਦੇ ਝੂਟਿਆਂ ’ਤੇ ਖਰਚਾ ਕਰ ਸਕਦੀ ਹੈ, ਆਪਣੀ ਪਾਰਟੀ ਦੇ ਪ੍ਰਚਾਰ ਲਈ ਹੋਰ ਸੂਬਿਆਂ ’ਚ ਇਸ਼ਤਿਹਾਰਬਾਜੀ ਕਰਦੀ ਹੈ, ਜਿਵੇਂ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਝਾਰਖੰਡ, ਹਿਮਾਚਲ ਆਦਿ ’ਚ ਪੰਜਾਬ ਦੇ ਪੈਸਿਆਂ ਨਾਲ ਪ੍ਰਚਾਰ ਕਰਦੇ ਹਨ ਤਾਂ ਉਹ ਖੁਦ ਆਪਣੇ ਪੰਜਾਬੀਆਂ ਨੂੰ ਮਿਲ ਰਹੇ ਰੁਜ਼ਗਾਰ ’ਚ 40 ਫੀਸਦੀ ਹਿੱਸਾ ਕਿਉਂ ਨਹੀਂ ਪਾ ਸਕਦੀ। ਮਨਜੀਤ ਰਾਏ ਕਿਹਾ ਕਿ ‘ਜੀ ਰਾਮ ਜੀ’ ਇਕ ਅਪ੍ਰੈਲ ਤੋਂ ਲਾਗੂ ਹੋ ਜਾਵੇਗੀ। ਜਿਸ ਤਹਿਤ ਮਜਦੂਰਾਂ ਨੂੰ ਵੱਡਾ ਰੁਜ਼ਗਾਰ ਤੇ ਵੱਧ ਆਮਦਨ ਦੇ ਸਰੋਤ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਜਿੱਥੇ ਇਸ ਮਨਰੇਗਾ ਤਹਿਤ ਮਜ਼ਦੂਰਾਂ ਨੂੰ 100 ਦਿਨ ਦਾ ਕੰਮ ਦਿੱਤਾ ਜਾਂਦਾ ਸੀ। ਉੱਥੇ ਹੀ ਇਸ ਸਕੀਮ ਰਾਹੀਂ ਵੱਡੇ ਘਪਲੇ ਹੁੰਦੇ ਸਨ, ਜਿਵੇਂ ਕਿ ਖਾਤਿਆਂ ’ਚ ਕਿਸੇ ਹੋਰ ਮਜ਼ਦੂਰ ਦਾ ਨਾਮ ਹੁੰਦਾ ਸੀ, ਤੇ ਕੰਮ ਕੋਈ ਹੋਰ ਮਜ਼ਦੂਰ ਕਰਦਾ ਸੀ। ਭਾਵ ਕੰਮ ਕਰਨ ਵਾਲੇ ਨੂੰ ਪੈਸਾ ਨਹੀਂ ਮਿਲਦਾ ਸੀ, ਬਲਕਿ ਕਾਂਗਰਸ ਪਾਰਟੀ ਆਪਣੇ ਚਹੇਤਿਆਂ ਦੇ ਖਾਤਿਆਂ ’ਚ ਰਕਮ ਪਾਉਂਦੀ ਸੀ।
ਭਾਜਪਾ ਸਰਕਾਰ ਨੇ ਜਿਸ ਤਰ੍ਹਾਂ ਕਿਸਾਨਾਂ ਦੇ ਖਾਤਿਆਂ ’ਚ ਉਨ੍ਹਾਂ ਦੀ ਫਸਲ ਦੀ ਅਦਾਇਗੀ ਦੇ ਪੈਸੇ ਸਿੱਧੇ ਦੇਣੇ ਸ਼ੁਰੂ ਕੀਤੇ ਹਨ, ਉਸੇ ਤਰ੍ਹਾਂ ਹੀ ‘ਜੀ ਰਾਮ ਜੀ’ ਸਕੀਮ ਲਾਗੂ ਹੋਣ ’ਤੇ ਮਜਦੂਰਾਂ ਨੂੰ 125 ਦਿਨਾਂ ਦੀ ਮਜ਼ਦੂਰੀ ਸਿੱਧੀ ਖਾਤਿਆਂ ’ਚ ਭਾਜਪਾ ਸਰਕਾਰ ਵੱਲੋਂ ਪਾਈ ਜਾਵੇਗੀ। ਉਨ੍ਹਾਂ ਭਾਜਪਾ ਦੀ ਮੋਗਾ ’ਚ ਹੋਣ ਵਾਲੀ ਵਿਸ਼ਾਲ ਰੈਲੀ ਦਾ ਵੀ ਜਿਕਰ ਕੀਤਾ। ਜਿਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦੀ ਅਗਵਾਈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਕਰਨਗੇ। ਉਸ ’ਚ ਸਵਾ ਲੱਖ ਤੋਂ ਵੱਧ ਪੰਜਾਬੀਆਂ ਦਾ ਇਕੱਠ ਹੋਵੇਗਾ। ਉਨ੍ਹਾਂ ਦੱਸਿਆ ਕਿ ਹਰਿਆਣਾ ’ਚ 24 ਫਸਲਾਂ ’ਤੇ ਐੱਮਐੱਸਪੀ ਮਿਲ ਰਹੀ ਹੈ, ਉਨ੍ਹਾਂ ਨੂੰ ਹੜ੍ਹਾ ਦਾ ਵੀ ਮੁਕੰਮਲ ਮੁਆਵਜ਼ਾ ਮਿਲ ਚੁੱਕਿਆ ਹੈ, ਜਦਕਿ ਪੰਜਾਬ ਦੇ ਲੋਕ ਹਜੇ ਵੀ ਹੜ੍ਹਾਂ ਦੇ ਮੁਆਵਜ਼ੇ ਲਈ ਤਰਸ ਰਹੇ ਹਨ। ਪੰਜਾਬ ’ਚ ਵੀ ਉਹ ਲੋਕਾਂ ਦੀ ਸੋਚ ’ਤੇ ਖਰੇ ਉਤਰਨਗੇ। ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ’ਤੇ ਵਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ’ਚ ਕਿਤੇ ਵੀ ਲਾਅ ਐਂਡ ਆਰਡਰ ਹੈ ਨਹੀਂ। ਰੰਗਲਾ ਪੰਜਾਬ ਨਹੀਂ ਆਪ ਵਾਲਿਆਂ ਨੇ ਕੰਗਲਾ ਪੰਜਾਬ ਬਣਾ ਦਿੱਤਾ ਹੈ। ਜਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੀਆਂ ਲੰਘੀਆਂ ਚੋਣਾਂ ’ਤੇ ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਨੇ ਪਹਿਲੀ ਵਾਰ ਪੰਜਾਬ ’ਚ ਇਕੱਲਿਆਂ ਚੋਣਾਂ ਲੜੀਆਂ ਹਨ। ਫਿਰ ਵੀ ਸਾਡੇ ਆਗੂ ਤੇ ਵਰਕਰ ਵਧਾਈ ਦੇ ਪਾਤਰ ਹਨ, ਜਿਨ੍ਹਾਂ ਪਿੰਡ ਪਿੰਡ ਜਾ ਕੇ ਭਾਜਪਾ ਦੇ ਬੂਥ ਲਗਾ ਦਿੱਤੇ। ਇਸ ਮੌਕੇ ਉਨ੍ਹਾਂ ਨਾਲ ਯਾਦਵਿੰਦਰ ਸਿੰਘ ਸ਼ੰਟੀ ਸਣੇ ਭਾਜਪਾ ਆਗੂ ਤੇ ਵਰਕਰ ਆਦਿ ਹਾਜ਼ਰ ਸਨ।