ਮੁਲਾਜ਼ਮ ਜਥੇਬੰਦੀਆਂ ਵੱਲੋਂ ਜੀਟੀ ਰੋਡ ਜੰਡਿਆਲਾ ਗੁਰੂ ਵਿਖੇ ਧਰਨਾ

ਜਾਮ ’ਚ ਬੁਰੀ ਤਰ੍ਹਾਂ ਫਸੇ ਰਾਹਗੀਰ
ਗੁਰਪ੍ਰੀਤ ਸਿੰਘ ਚੰਦੀ, ਪੰਜਾਬੀ ਜਗਰਣ
ਜੰਡਿਆਲਾ ਗੁਰੂ : ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਵੱਲੋਂ ਪਿਛਲੇ ਸਮੇਂ ਤੋਂ ਦਿੱਤੇ ਸੰਘਰਸ਼ਾਂ ਦੇ ਅਨੁਸਾਰ ਪੰਜਾਬ ਦੇ ਸਮੁੱਚੇ ਮੁਲਾਜ਼ਮ ਸੂਬੇ ਭਰ ਦੇ ਵਿਚ ਸਰਕਾਰ ਦੇ ਖਿਲਾਫ ਲਗਾਤਾਰ ਸੰਘਰਸ਼ ਕਰ ਰਹੇ ਹਨ, ਉਥੇ ਹੀ ਅਧਿਆਪਕ ਯੂਨੀਅਨ ਦੇ ਆਗੂਆਂ ਨੂੰ ਪੁਲਿਸ ਵਲੋਂ ਗ੍ਰਿਫਤਾਰ ਕਰਨ ਦੇ ਰੋਸ ਵਿਚ ਅਧਿਆਪਕ ਤੇ ਪੰਜਾਬ ਰੋਡਵੇਜ਼ ਯੂਨੀਅਨ ਦੇ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਵੱਲੋਂ ਜੀਟੀ ਰੋਡ ਹਾਈਵੇ ਜੰਡਿਆਲਾ ਗੁਰੂ ਵਿਖੇ ਰੋਸ ਧਰਨਾ ਲਗਾ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਜਾਮ ਕਾਰਨ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਜਿੱਥੇ ਭਾਰੀ ਪ੍ਰੇਸ਼ਾਨੀ ਦਾ ਸਾਹਮਨਾ ਕਰਨਾ ਪਿਆ, ਉਥੇ ਗੱਡੀਆਂ ਦੀਆਂ ਦੂਰ-ਦੂਰ ਤੱਕ ਲੰਬੀਆਂ ਕਤਾਰਾਂ ਲੱਗੀਆਂ। ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਵੱਲੋਂ ਪਿਛਲੇ ਸਮੇਂ ਤੋਂ ਚੱਲ ਰਹੇ ਸੰਘਰਸ਼ਾਂ ਦੇ ਤਹਿਤ ਪੰਜਾਬ ਭਰ ਦੇ ਮੁਲਾਜ਼ਮ ਸਰਕਾਰ ਦੇ ਖ਼ਿਲਾਫ਼ ਲਗਾਤਾਰ ਅੰਦੋਲਨ ਕਰ ਰਹੇ ਹਨ। ਇਸ ਦੌਰਾਨ ਵੱਖ-ਵੱਖ ਜ਼ਿਿਲ੍ਹਆਂ ਵਿਚ ਰੈਲੀਆਂ ਕੀਤੀਆਂ ਗਈਆਂ ਅਤੇ ਇਕ ਵੱਡੀ ਰੈਲੀ ਚੰਡੀਗੜ੍ਹ ਦੇ ਵਾਈਪੀਐਸ ਚੌਂਕ ਵਿਖੇ ਕੀਤੀ ਗਈ, ਜਿਸ ਵਿਚ ਪੰਜਾਬ ਦੀਆਂ ਸਮੂਹ ਮੁਲਾਜ਼ਮ ਜਥੇਬੰਦੀਆਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਇਸ ਰੈਲੀ ਤੋਂ ਬਾਅਦ ਜਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਕਿ ਪੰਜਾਬ ਭਰ ਦੇ ਮੁਲਾਜ਼ਮ ਹੜਤਾਲ ਕਰਨਗੇ ਅਤੇ 13 ਤਾਰੀਕ ਨੂੰ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਈਐਸਐਸ ਯੂਨੀਅਨ, ਜਲੰਧਰ ਸੀਪੀਐਫ ਯੂਨੀਅਨ, ਟੀਚਰ ਫਰੰਟ, ਡੀਐਲ ਅਤੇ ਜੂਨੀਅਰ ਪੰਜਾਬ ਰੋਡਵੇਜ਼ ਯੂਨੀਅਨ ਵੱਲੋਂ ਸਾਂਝੇ ਤੌਰ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ’ਤੇ ਪਹੁੰਚ ਕੇ ਇਹ ਮੰਗ ਕੀਤੀ ਗਈ ਕਿ 8 ਤਾਰੀਕ ਨੂੰ ਵਾਈਪੀਐਸ ਚੌਂਕ ’ਤੇ ਹੋਈ ਰੈਲੀ ਦੌਰਾਨ ਮੁਲਾਜ਼ਮਾਂ ‘ਤੇ ਤਗੜਾ ਤਸ਼ੱਦਦ ਕਿਉਂ ਕੀਤਾ ਗਿਆ। ਨਾਲ ਹੀ ਸਰਕਾਰ ਨੂੰ ਆਪਣੇ ਕੀਤੇ ਵਾਅਦਿਆਂ ਅਨੁਸਾਰ ਪੰਜਾਬ ਦੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਅਤੇ 16 ਫ਼ੀਸਦੀ ਡੀਏ ਜਾਰੀ ਕਰਨ ਦੀ ਮੰਗ ਵੀ ਕੀਤੀ ਗਈ। ਉਥੇ ਮੌਜੂਦ ਉੱਚ ਅਧਿਕਾਰੀਆਂ ਨੇ ਮੁਲਾਜ਼ਮਾਂ ਨੂੰ ਇਹ ਭਰੋਸਾ ਦਿਵਾਇਆ ਕਿ ਸਵੇਰੇ ਮੁੱਖ ਮੰਤਰੀ ਨਾਲ ਮੀਟਿੰਗ ਕਰਵਾ ਦਿੱਤੀ ਜਾਵੇਗੀ, ਪਰ ਮੀਟਿੰਗ ਕਰਵਾਉਣ ਦੀ ਬਜਾਏ ਪੁਲਿਸ ਪ੍ਰਸ਼ਾਸਨ ਨੇ ਕੱਲ੍ਹ ਰਾਤ ਡੀਸੀ ਦਫ਼ਤਰ ਯੂਨੀਅਨ ਦੇ ਸਟੇਟ ਆਗੂ ਤਜਿੰਦਰ ਸਿੰਘ ਨੰਗਲ ਅਤੇ ਪੀਐਸਯੂ ਦੇ ਜ਼ਿਲ੍ਹਾ ਪ੍ਰਧਾਨ ਤਜਿੰਦਰ ਸਿੰਘ ਨੰਗਲ ਨੂੰ ਉਨ੍ਹਾਂ ਦੇ ਘਰ ਜੰਡਿਆਲਾ ਗੁਰੂ ਵਿਖੇ ਗ੍ਰਿਫ਼ਤਾਰ ਕਰ ਲਿਆ। ਦੋਸ਼ ਲਗਾਇਆ ਗਿਆ ਕਿ ਪੁਲਿਸ ਵੱਲੋਂ ਘਰ ਵਿਚ ਮੌਜੂਦ ਲੇਡੀ ਸਟਾਫ ਨਾਲ ਭੱਦੀ ਸ਼ਬਦਾਵਲੀ ਵਰਤੀ ਗਈ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਆਗੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਤੋਂ ਇਲਾਵਾ ਜ਼ਿਲ੍ਹਾ ਜਲੰਧਰ ਦੇ ਹੋਰ ਕਈ ਆਗੂਆਂ ਨੂੰ ਵੀ ਘਰਾਂ ਵਿਚ ਨਜ਼ਰਬੰਦ ਕਰ ਦਿੱਤਾ ਗਿਆ, ਜਿਨ੍ਹਾਂ ਵਿਚ ਵਿਨੋਦ ਸਾਗਰ (ਸੂਬਾ ਪ੍ਰਧਾਨ ਪੰਜਾਬ ਰੋਡਵੇਜ਼), ਸੁਖਵਿੰਦਰ ਸਿੰਘ ਨਿਜ਼ਰ, ਜੋਰਦਾਰ ਸਿੰਘ, ਪਵਨ ਕੁਮਾਰ ਆਦਿ ਸ਼ਾਮਲ ਹਨ। ਤਜਿੰਦਰ ਸਿੰਘ ਨੰਗਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਜਦੋਂ ਪੰਜਾਬ ਭਰ ਦੇ ਮੁਲਾਜ਼ਮ ਜੰਡਿਆਲਾ ਗੁਰੂ ਵਿਖੇ ਇਕੱਠੇ ਹੋਏ ਤਾਂ ਉਨ੍ਹਾਂ ਦੀ ਰਿਹਾਈ ਦੀ ਬਜਾਏ ਮੁਲਾਜ਼ਮਾਂ ਨੂੰ ਇਧਰ-ਉਧਰ ਕਰ ਦਿੱਤਾ ਗਿਆ। ਇਸ ਦੇ ਰੋਸ ਵਜੋਂ ਜੰਡਿਆਲਾ ਗੁਰੂ ਵਿਖੇ ਸਮੂਹ ਮੁਲਾਜ਼ਮ ਜਥੇਬੰਦੀਆਂ ਵੱਲੋਂ ਵੱਡਾ ਧਰਨਾ ਲਗਾ ਕੇ ਰੋਡ ਜਾਮ ਕੀਤਾ ਗਿਆ।
ਬਾਕਸ
ਧਰਨੇ ਦੌਰਾਨ ਮੌਕੇ ’ਤੇ ਪਹੁੰਚੇ ਐੱਸਡੀਐੱਮ-1 ਸ਼੍ਰੀਮਤੀ ਅਲਕਾ ਕਾਲੀਆ ਵੱਲੋਂ ਧਰਨਾਕਾਰੀਆਂ ਨੂੰ ਭਰੋਸਾ ਦਿਵਾਇਆ ਗਿਆ ਅਤੇ ਤੇਜਿੰਦਰ ਸਿੰਘ ਨੂੰ ਰਿਹਾਅ ਕਰਨ ਤੋਂ ਬਾਅਦ ਧਰਨਾ ਚੁੱਕਿਆ ਗਿਆ। ਐੱਸਡੀਐੱਮ ਅੰਮ੍ਰਿਤਸਰ ਦਾ ਕਹਿਣਾ ਹੈ ਕਿ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਅਧਾਰ ’ਤੇ ਕਾਰਵਾਈ ਕੀਤੀ ਜਾਵੇਗੀ, ਇਹ ਧਰਨਾ 2.30 ਤੇ ਖ਼ਤਮ ਹੋ ਗਿਆ ਸੀ।
ਕੈਪਸ਼ਨ :
ਧਰਨਾਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਐੱਸਡੀਐੱਮ-1 ਸ਼੍ਰੀਮਤੀ ਅਲਕਾ ਕਾਲੀਆ।