ਵਰਿੰਦਾਵਨ ਕਿਸ਼ਤੀ ਹਾਦਸਾ: ਐਡਵੋਕੇਟ ਧਾਮੀ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ; ਪੀੜਤਾਂ ਦੀ ਸਹਾਇਤਾ ਲਈ ਸ਼੍ਰੋਮਣੀ ਕਮੇਟੀ ਨੇ ਵਧਾਇਆ ਹੱਥ
ਉੱਤਰ ਪ੍ਰਦੇਸ਼ ਦੇ ਮਥੁਰਾ (ਵਰਿੰਦਾਵਨ) ਵਿਖੇ ਵਾਪਰੇ ਭਿਆਨਕ ਕਿਸ਼ਤੀ ਹਾਦਸੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਹੈ। ਉਨ੍ਹਾਂ ਇਸ ਹਾਦਸੇ ਵਿੱਚ ਜਾਨਾਂ ਗਵਾਉਣ ਵਾਲੇ ਸ਼ਰਧਾਲੂਆਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਉਂਦਿਆਂ ਪੀੜਤਾਂ ਦੀ ਮਦਦ ਲਈ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
Publish Date: Sat, 11 Apr 2026 03:33 PM (IST)
Updated Date: Sat, 11 Apr 2026 03:35 PM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਉੱਤਰ ਪ੍ਰਦੇਸ਼ ਦੇ ਮਥੁਰਾ (ਵਰਿੰਦਾਵਨ) ਵਿਖੇ ਵਾਪਰੇ ਭਿਆਨਕ ਕਿਸ਼ਤੀ ਹਾਦਸੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਹੈ। ਉਨ੍ਹਾਂ ਇਸ ਹਾਦਸੇ ਵਿੱਚ ਜਾਨਾਂ ਗਵਾਉਣ ਵਾਲੇ ਸ਼ਰਧਾਲੂਆਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਉਂਦਿਆਂ ਪੀੜਤਾਂ ਦੀ ਮਦਦ ਲਈ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਐਡਵੋਕੇਟ ਧਾਮੀ ਨੇ ਕਿਹਾ ਕਿ ਅਚਾਨਕ ਵਾਪਰਿਆ ਇਹ ਹਾਦਸਾ ਬੇਹੱਦ ਦੁਖਦਾਈ ਹੈ। ਉਨ੍ਹਾਂ ਕਰਤਾ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਿੱਛੇ ਰਹਿ ਗਏ ਪਰਿਵਾਰਾਂ ਨੂੰ ਇਸ ਅਸਹਿ ਦੁੱਖ ਨੂੰ ਸਹਿਣ ਦਾ ਬਲ ਪ੍ਰਦਾਨ ਕਰਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਔਖੀ ਘੜੀ ਵਿੱਚ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ।
ਮੌਕੇ 'ਤੇ ਸਹਾਇਤਾ ਲਈ ਟੀਮਾਂ ਤਾਇਨਾਤ
ਹਾਦਸੇ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਨੇ ਪੀੜਤਾਂ ਦੀ ਫੌਰੀ ਮਦਦ ਲਈ ਅਹਿਮ ਕਦਮ ਚੁੱਕੇ ਹਨ:
ਯੂ.ਪੀ. ਸਿੱਖ ਮਿਸ਼ਨ (ਹਾਪੁੜ) ਦੇ ਇੰਚਾਰਜ ਬ੍ਰਿਜਪਾਲ ਸਿੰਘ ਦੀ ਵਿਸ਼ੇਸ਼ ਡਿਊਟੀ ਲਗਾਈ ਗਈ ਹੈ।
ਮਥੁਰਾ ਸਥਿਤ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਲੋੜਵੰਦਾਂ ਅਤੇ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ।
ਸ਼੍ਰੋਮਣੀ ਕਮੇਟੀ ਦੀ ਟੀਮ ਸਥਾਨਕ ਪ੍ਰਸ਼ਾਸਨ ਦੇ ਸੰਪਰਕ ਵਿੱਚ ਰਹਿ ਕੇ ਮਦਦ ਕਾਰਜਾਂ ਵਿੱਚ ਸਹਿਯੋਗ ਦੇਵੇਗੀ।
ਪ੍ਰਧਾਨ ਧਾਮੀ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਸਿੱਖ ਸੰਸਥਾ ਦਾ ਮੁੱਖ ਮਨੋਰਥ ਹੈ ਅਤੇ ਸ਼੍ਰੋਮਣੀ ਕਮੇਟੀ ਹਮੇਸ਼ਾ ਅਜਿਹੀਆਂ ਮੁਸੀਬਤਾਂ ਵੇਲੇ ਆਪਣਾ ਫਰਜ਼ ਨਿਭਾਉਂਦੀ ਰਹੀ ਹੈ।