ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਸਬੰਧੀ ਦੋ ਰੋਜ਼ਾ ਵਰਕਸ਼ਾਪ ਕਰਵਾਈ
ਅਸੀਸ ਭੰਡਾਰੀ, ਪੰਜਾਬੀ ਜਾਗਰਣ ਚਵਿੰਡਾ ਦੇਵੀ : ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਅਧੀਨ ਚੱਲ ਰਹੀ ਸੰਸਥਾ ਖਾਲਸਾ ਕਾਲਜ ਚਵਿੰਡਾ
Publish Date: Thu, 26 Feb 2026 04:17 PM (IST)
Updated Date: Thu, 26 Feb 2026 04:22 PM (IST)

ਅਸੀਸ ਭੰਡਾਰੀ, ਪੰਜਾਬੀ ਜਾਗਰਣ ਚਵਿੰਡਾ ਦੇਵੀ : ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਅਧੀਨ ਚੱਲ ਰਹੀ ਸੰਸਥਾ ਖਾਲਸਾ ਕਾਲਜ ਚਵਿੰਡਾ ਦੇਵੀ ਦੇ ਭਾਸ਼ਾ ਵਿਭਾਗ ਵੱਲੋਂ ਕਾਲਜ ਪ੍ਰਿੰਸੀਪਲ ਪ੍ਰੋ ਗੁਰਦੇਵ ਸਿੰਘ ਦੀ ਯੋਗ ਅਗਵਾਈ ਹੇਠ 23 ਤੇ 24 ਫਰਵਰੀ ਨੂੰ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੇ ਸਬੰਧ ਵਿੱਚ ਦੋ-ਰੋਜ਼ਾ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਦੇ ਪਹਿਲੇ ਦਿਨ ਵਿਦਿਆਰਥੀਆਂ ਦੇ ਮਾਂ ਬੋਲੀ ਨਾਲ ਸਬੰਧਿਤ ਸਾਹਿਤਕ ਤੇ ਕਲਾਤਮਕ ਮੁਕਾਬਲੇ ਪੋਸਟਰ ਮੇਕਿੰਗ, ਸੁੰਦਰ ਲਿਖਾਈ, ਕਵਿਤਾ ਉਚਾਰਨ ਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਵਰਕਸ਼ਾਪ ਦੇ ਦੂਜੇ ਦਿਨ ਢਾਹਾਂ ਪੁਰਸਕਾਰ ਨਾਲ ਸਨਮਾਨਿਤ (ਆਪਣੇ ਆਪਣੇ ਮਰਸੀਏ ਪੁਸਤਕ ਲਈ) ਪੰਜਾਬੀ ਦੀ ਨਾਮਵਰ ਕਹਾਣੀਕਾਰਾ ਡਾ. ਸਰਘੀ ਨਾਲ ਸਾਹਿਤਕ ਮਿਲਣੀ ਕਰਵਾਈ ਗਈ ਤੇ ਕਾਲਜ ਪ੍ਰਿੰਸੀਪਲ ਗੁਰਦੇਵ ਸਿੰਘ ਤੇ ਡਾ. ਸਰਘੀ ਦੁਆਰਾ ਕਾਲਜ ਵਿੱਚ ਕੰਧ ਪੱਤ੍ਰਿਕਾ ਦਾ ਉਦਘਾਟਨ ਵੀ ਕੀਤਾ ਗਿਆ ਤਾਂ ਜੋ ਵਿਦਿਆਰਥੀਆਂ ਵਿੱਚ ਸਾਹਿਤਕ ਰਚਨਾਵਾਂ ਲਿਖਣ ਦੀ ਚੇਟਕ ਪੈਦਾ ਕੀਤੀ ਜਾ ਸਕੇ ਤੇ ਉਨ੍ਹਾਂ ਨੂੰ ਆਪਣੀ ਰਚਨਾਤਮਕ ਪ੍ਰਤਿਭਾ ਨੂੰ ਹੋਰ ਨਿਖਾਰਨ ਦਾ ਮੌਕਾ ਮਿਲ ਸਕੇ। ਸਮਾਗਮ ਦੇ ਸ਼ੁਰੂ ਵਿੱਚ ਭਾਸ਼ਾ ਵਿਭਾਗ ਦੇ ਮੁਖੀ ਡਾ. ਪ੍ਰਭਜੀਤ ਕੌਰ ਨੇ ਡਾ. ਸਰਘੀ ਦੀ ਜਾਣ ਪਹਿਛਾਣ ਕਰਵਾਉਂਦਿਆਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਾਹਿਤਕ ਕਾਰਜਾਂ ਤੋਂ ਜਾਣੂ ਕਰਵਾਇਆ। ਕਾਲਜ ਪ੍ਰਿੰਸੀਪਲ ਪ੍ਰੋ. ਗੁਰਦੇਵ ਸਿੰਘ ਨੇ ਡਾ. ਸਰਘੀ ਨੂੰ ਜੀ ਆਇਆ ਕਹਿੰਦਿਆਂ ਉਨ੍ਹਾਂ ਦੀ ਕਹਾਣੀ ਲਿਖਣ ਦੀ ਕਲਾ ਤੇ ਚਰਚਾ ਕਰਦਿਆਂ ਮਾਂ ਬੋਲੀ ਦੀ ਜੀਵਨ ਵਿੱਚ ਮਹੱਤਤਾ ਬਾਰੇ ਦੱਸਿਆ। ਡਾ. ਸਰਘੀ ਨੇ ਵਿਦਿਆਰਥੀਆਂ ਨਾਲ ਰੂਬਰੂ ਹੁੰਦਿਆਂ ਉਨ੍ਹਾਂ ਨੂੰ ਮਾਂ ਬੋਲੀ ਨਾਲ ਪਿਆਰ ਤੇ ਸਾਂਝ ਪਾਈ ਰੱਖਣ ਦੀ ਹਦਾਇਤ ਕਰਦਿਆਂ ਪੰਜਾਬੀ ਮਾਂ ਬੋਲੀ ਦੀ ਮਹੱਤਤਾ ਤੇ ਸਾਹਿਤਕ ਅਮੀਰੀ ਬਾਰੇ ਚਰਚਾ ਕੀਤੀ ਤੇ ਨਾਲ ਹੀ ਆਧੁਨਿਕ ਏਆਈ ਦੇ ਯੁੱਗ ਵਿੱਚ ਮਾਤ ਭਾਸ਼ਾ ਦੀ ਸਾਰਥਿਕਤਾ ਬਾਰੇ ਗੱਲਬਾਤ ਕਰਦਿਆਂ ਇਤਿਹਾਸਕ ਤੇ ਸਾਹਿਤਕ ਹਵਾਲਿਆਂ ਰਾਹੀਂ ਆਧੁਨਿਕ ਸਮੇਂ ਵਿਚ ਦਰਪੇਸ਼ ਚੁਣੌਤੀਆਂ ਬਾਰੇ ਵੀ ਵਿਸਥਾਰ ਸਹਿਤ ਗੱਲਬਾਤ ਕੀਤੀ। ਸਮਾਗਮ ਦੇ ਅੰਤ ਵਿਚ ਸਾਹਿਤਕ ਤੇ ਕਲਾਤਮਕ ਮੁਕਾਬਲਿਆਂ ਵਿੱਚੋਂ ਪਹਿਲੇ ਦੂਜੇ ਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਕਾਲਜ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਕਾਲਜ ਪ੍ਰਿੰਸੀਪਲ ਗੁਰਦੇਵ ਸਿੰਘ ਤੇ ਸਮੁੱਚੇ ਭਾਸ਼ਾ ਵਿਭਾਗ ਵੱਲੋਂ ਡਾ. ਸਰਘੀ ਨੂੰ ਪੁਸਤਕਾਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਭਾਸ਼ਾ ਵਿਭਾਗ ਤੋਂ ਡਾ. ਸਤਿੰਦਰਜੀਤ, ਪ੍ਰੋ. ਅੰਮ੍ਰਿਤਪਾਲ ਸਿੰਘ, ਪ੍ਰੋ. ਅਮਨਦੀਪ ਸਿੰਘ, ਪ੍ਰੋ. ਮਨਦੀਪ ਕੌਰ ਤੇ ਪ੍ਰੋ. ਜਸ਼ਨਪੁਨੀਤ ਕੌਰ ਅਤੇ ਵਿਦਿਆਰਥੀ ਮੌਜੂਦ ਸਨ।