ਜਨਮ ਉਤਸਵ ਦੇ ਸਬੰਧ ’ਚ ਸ਼ੋਭਾ ਯਾਤਰਾ ਸਜਾਈ
ਸਤਿਗੁਰੂ ਬਾਵਾ ਲਾਲ ਦਿਆਲ ਮਹਾਰਾਜ ਦੇ ਜਨਮ ਉਤਸਵ ਦੇ ਸਬੰਧ ’ਚ ਸ਼ੋਭਾ ਯਾਤਰਾ ਕੱਢੀ
Publish Date: Sat, 17 Jan 2026 06:23 PM (IST)
Updated Date: Sun, 18 Jan 2026 04:13 AM (IST)

ਰਾਜਨ ਮਹਿਰਾ, ਪੰਜਾਬੀ ਜਾਗਰਣ, ਅੰਮ੍ਰਿਤਸਰ : ਗੱਦੀ ਸ਼੍ਰੀ ਬਾਵਾ ਲਾਲ ਦਿਆਲ ਜੀ ਚੌਂਕ ਕਰਮੋ ਡਿਓੜੀ ਵੱਲੋਂ ਹਰ ਸਾਲ ਦੀ ਤਰ੍ਹਾਂ ਸਤਿਗੁਰੂ ਬਾਵਾ ਲਾਲ ਦਿਆਲ ਜੀ ਮਹਾਰਾਜ ਦਾ 671ਵਾਂ ਜਨਮ ਉਤਸਵ ਪਰਮ ਪੂਜਨੀਕ ਪੀਠਾਧੀਸ਼ਵਰ ਸ਼੍ਰੀ 108 ਮਹੰਤ ਅਨੰਤ ਦਾਸ ਮਹਾਰਾਜ ਦੀ ਰਹਿਨੁਮਾਈ ਹੇਠ 20 ਜਨਵਰੀ ਦਿਨ ਮੰਗਲਵਾਰ ਨੂੰ ਮੰਦਰ ਬਾਵਾ ਲਾਲ ਦਿਆਲ ਵਿਚ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਜਿਸ ਸਬੰਧੀ ਗੱਦੀ ਬਾਵਾ ਲਾਲ ਦਿਆਲ ਤੋਂ ਵਿਸ਼ਾਲ ਸ਼ੋਭਾ ਯਾਤਰਾ ਗੱਦੀ ਨਸ਼ੀਨ ਮਹੰਤ ਅਨੰਤ ਦਾਸ ਦੀ ਅਗਵਾਈ ਵਿਚ ਮੰਦਰ ਤੋ ਕੱਢੀ ਗਈ। ਸ਼ੋਭਾ ਯਾਤਰਾ ਮੰਦਰ ਤੋਂ ਸ਼ੁਰੂ ਹੋ ਕੇ ਕਟੜਾ ਜੈਮਲ ਸਿੰਘ, ਅਮਰਾ ਟਾਕੀ ਚੌਕ, ਕਟੜਾ ਸ਼ੇਰ ਸਿੰਘ, ਰੀਜੈਂਟ ਟਾਕੀ ਚੌਕ, ਸਿਕੰਦਰੀ ਗੇਟ, ਹਾਲ ਗੇਟ, ਹਾਲ ਬਾਜ਼ਾਰ, ਗੋਲਹਾਟੀ ਚੌਕ, ਰਾਮਬਾਗ, ਕਟੜਾ ਬੱਗੀਆ, ਬਿਜਲੀ ਵਾਲਾ ਚੌਕ, ਭਰਾਵਾਂ ਦਾ ਢਾਬਾ ਤੋ ਵਾਪਸ ਕਟੜਾ ਜੈਮਲ ਸਿੰਘ, ਕਰਮੋ ਡਿਓੜੀ ਤੋਂ ਹੁੰਦੀ ਹੋਈ ਵਾਪਸ ਮੰਦਰ ਵਿਖੇ ਸੰਪੰਨ ਹੋਈ। ਸਵੇਰੇ ਮੰਦਰ ਵਿਚ ਹਵਨ ਯੱਗ ਕੀਤਾ ਗਿਆ ਤੇ ਸਤਿਗੁਰੂ ਬਾਵਾ ਲਾਲ ਦਿਆਲ ਜੀ ਦੀ ਆਰਤੀ ਕਰਨ ਤੋ ਬਾਅਦ ਸ਼ੋਭਾ ਯਾਤਰਾ ਸ਼ੁਰੂ ਕੀਤੀ ਗਈ। ਪੀਐੱਫਐਚਆਰ ਨੈਸ਼ਨਲ ਵਪਾਰ ਮੰਡਲ ਦੇ ਪੰਜਾਬ ਪ੍ਰਧਾਨ ਗਿੰਨੀ ਭਾਟੀਆ ਵਲੋਂ ਸ਼ੋਭਾ ਯਾਤਰਾ ਦਾ ਕਰਮੋ ਡਿਓੜੀ ਚੌਂਕ ਵਿੱਚ ਸਵਾਗਤ ਕੀਤਾ ਗਿਆ ਅਤੇ ਜਗ੍ਹਾ ਜਗ੍ਹਾ ਤੇ ਭਗਤਾਂ ਵਲੋ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ ਤੇ ਪ੍ਰਸ਼ਾਦ ਵੰਡਿਆ ਗਿਆ। ਬਾਵਾ ਲਾਲ ਜੀ ਦੇ ਜੀਵਨ ਤੇ ਅਧਾਰਿਤ ਬਣਾਈਆਂ ਗਈਆਂ ਅਲੌਕਿਕ ਝਾਕੀਆਂ, ਦੇਵੀ-ਦੇਵਤਿਆਂ ਦੇ ਸਰੂਪ, ਬੈਂਡ-ਵਾਜੇ, ਹਾਥੀ-ਘੋੜੇ ਸੰਗਤਾਂ ਦੇ ਖਿੱਚ ਦਾ ਕੇਂਦਰ ਬਣੀਆਂ। ਮਹੰਤ ਅਨੰਤ ਦਾਸ ਨੇ ਗੱਲਬਾਤ ਕਰਦਿਆਂ ਕਿਹਾ ਕਿ 20 ਜਨਵਰੀ ਨੂੰ ਸਵੇਰੇ ਸਤਿਗੁਰੂ ਬਾਵਾ ਲਾਲ ਦਿਆਲ ਜੀ ਮਹਾਰਾਜ ਦਾ ਪੰਚਾਮ੍ਰਿਤ ਇਸ਼ਨਾਨ, ਆਰਤੀ ਅਤੇ ਅਰਦਾਸ, 56 ਭੋਗ ਪ੍ਰਸਾਦ ਅਰਪਣ ਕਰਨ ਤੋਂ ਬਾਅਦ, ਦੁਪਹਿਰ 12 ਵਜੇ ਅਤੁੱਟ ਭੰਡਾਰਾ ਸ਼ੁਰੂ ਹੋਵੇਗਾ ਜੋ ਰਾਤ ਤੱਕ ਚੱਲੇਗਾ। ਪ੍ਰਸਿੱਧ ਭਜਨ ਮੰਡਲੀਆਂ ਸਵੇਰੇ 9 ਵਜੇ ਤੋਂ ਰਾਤ 12 ਵਜੇ ਤੱਕ ਪ੍ਰਭੂ ਗੁਣਗਾਨ ਕਰਨਗੀਆਂ ਅਤੇ ਰਾਤ 12 ਵਜੇ ਪ੍ਰਸਾਦ ਵੰਡਣ ਉਪਰੰਤ ਪ੍ਰੋਗਰਾਮ ਦੀ ਸਮਾਪਤੀ ਹੋਵੇਗੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ 20 ਜਨਵਰੀ ਨੂੰ ਵੱਧ-ਚੜ੍ਹ ਕੇ ਮੰਦਰ ਵਿਚ ਹਾਜ਼ਰੀ ਭਰਨ।