ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਕੌਮਾਂਤਰੀ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਵੱਲੋਂ ਪੰਜਾਬੀ ਮਾਂ ਬੋਲੀ ਦੀ ਕੌਮਾਂਤਰੀ ਪੱਧਰ ਤੇ ਚਟਾਨ ਵਾਂਗ ਹੋਰ ਪਛਾਣ ਮਜ਼ਬੂਤ ਤੇ ਸਥਿਰ ਕਰਨ ਲਈ ਸ਼ਿੱਦਤ ਨਾਲ ਸਮਰਪਣ ਭਾਵਨਾ ’ਚ ਨਿਰੰਤਰ ਮਿਆਰੀ ਤੇ ਵਿੱਤੀ ਸੇਵਾਵਾਂ ਨਿਭਾਅ ਰਹੇ ਪੰਜਾਬੀ ਕਵੀ ਸਿਫ਼ਰ ਸਤਬੀਰ ਸਿੰਘ ਨੂੰ ਵਿਸ਼ਵ ਪੰਜਾਬੀ ਸਭਾ ਦੀ ਭਾਰਤ ਇਕਾਈ ਦਾ ਪ੍ਰਧਾਨ ਚੁਣਿਆ ਹੈ...

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਅੰਮ੍ਰਿਤਸਰ : ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਕੌਮਾਂਤਰੀ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਵੱਲੋਂ ਪੰਜਾਬੀ ਮਾਂ ਬੋਲੀ ਦੀ ਕੌਮਾਂਤਰੀ ਪੱਧਰ ਤੇ ਚਟਾਨ ਵਾਂਗ ਹੋਰ ਪਛਾਣ ਮਜ਼ਬੂਤ ਤੇ ਸਥਿਰ ਕਰਨ ਲਈ ਸ਼ਿੱਦਤ ਨਾਲ ਸਮਰਪਣ ਭਾਵਨਾ ’ਚ ਨਿਰੰਤਰ ਮਿਆਰੀ ਤੇ ਵਿੱਤੀ ਸੇਵਾਵਾਂ ਨਿਭਾਅ ਰਹੇ ਪੰਜਾਬੀ ਕਵੀ ਸਿਫ਼ਰ ਸਤਬੀਰ ਸਿੰਘ ਨੂੰ ਵਿਸ਼ਵ ਪੰਜਾਬੀ ਸਭਾ ਦੀ ਭਾਰਤ ਇਕਾਈ ਦਾ ਪ੍ਰਧਾਨ ਚੁਣਿਆ ਹੈ, ਜਿਸ ਦੇ ਨਤੀਜੇ ਵਜੋਂ ਭਾਰਤ ’ਚ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪਸਾਰ ਲਈ ਸਾਹਿੱਤਕ ਸੇਵਾਵਾਂ ਦੇ ਰਹੀਆਂ ਸਭਾ ਦੀਆਂ ਸੂਬਾ ਤੇ ਜ਼ਿਲ੍ਹਾ ਪੱਧਰੀ ਇਕਾਈਆਂ ਦੇ ਅਹੁਦੇਦਾਰਾਂ, ਮੈਂਬਰਾਂ, ਸਾਹਿਤਕਾਰਾਂ, ਰੰਗ ਕਰਮੀਆਂ, ਕਲਾਕਾਰਾਂ ’ਚ ਸਿਫਰ ਸਤਬੀਰ ਸਿੰਘ ਨੂੰ ਇਸ ਨਵੀਂ ਕੌਮੀ ਪੱਧਰੀ ਵੱਕਾਰੀ ਪ੍ਰਧਾਨ ਦੀ ਜ਼ਿੰਮੇਵਾਰੀ ਮਿਲਣ 'ਤੇ ਸਵਾਗਤ ਤੇ ਵਧਾਈ ਸੰਦੇਸ਼ ਦਿੰਦਿਆਂ ਖੁਸ਼ੀ ਦੀ ਲਹਿਰ ਦੌੜ ਗਈ ਹੈ।
ਇਸ ਤੋਂ ਪਹਿਲਾਂ ਸਿਫ਼ਰ ਸਤਬੀਰ ਸਿੰਘ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਪੰਜਾਬ ’ਚ ਮਾਝਾ ਜੋਨ ਇਕਾਈ ਦੇ ਪ੍ਰਧਾਨ ਸਨ ਅਤੇ ਸਭਾ ਕੈਨੇਡਾ ਵਲੋਂ ਕੈਨੇਡਾ ਦੇ ਸ਼ਹਿਰ ਬਰੈਂਪਟਨ ਅਤੇ ਪਾਕਿਸਤਾਨ ਮੁਲਕ ਦੇ ਸ਼ਹਿਰ ਲਾਹੌਰ ਵਿਖੇ ਸਥਾਪਿਤ ਕੀਤੇ ਹੋਏ ਵਿਸ਼ਵ ਪੰਜਾਬੀ ਭਵਨਾਂ ਦੀ ਤਰਜ਼ ਤੇ ਵਿਦੇਸ਼ਾਂ ਤੋਂ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਆਉਂਦੇ ਲੇਖਕਾਂ ਦੇ ਮੁਫ਼ਤ ਰੈਣ ਬਸੇਰੇ ਤੋਂ ਇਲਾਵਾ ਲੇਖਕ ਸਭਾਵਾਂ ਨੂੰ ਸਾਹਿੱਤਕ ਸਰਗਰਮੀਆਂ ਤੇ ਸਮਾਗਮਾਂ ਦੀ ਮੁਫ਼ਤ ਵਿਵਸਥਾ ਮੁੱਹਈਆ ਕਰਵਾਉਣ ਲਈ ਆਪਣੇ ਬਹੁ ਕੀਮਤੀ 3500 ਗਜ਼ ਵਾਹੋ ਫਾਰਮ ’ਚ ਪੰਜਾਬ ਸਮੇਤ ਭਾਰਤ ’ਚ ਪਹਿਲੇ ਵਿਸ਼ਵ ਪੰਜਾਬੀ ਭਵਨ ਦੀ ਸਥਾਪਨਾ ਕਰਦਿਆਂ ਕੌਮਾਂਤਰੀ ਪੱਧਰ ਤੇ ਪੰਜਾਬੀ ਸਾਹਿਤਕ ਮੇਲੇ ਦਾ ਆਯੋਜਨ ਕਰਕੇ ਸਭਾ ’ਚ ਕੌਮਾਂਤਰੀ ਪੱਧਰ ਤੇ ਆਪਣੀ ਪੈਠ ਜਮਾਈ।
ਸਹਿਜ ਤੇ ਮਿੱਠ ਬੋਲੜੇ ਸੁਭਾਅ ਵਜੋਂ ਜਾਣੇ ਜਾਂਦੇ ਸਿਫ਼ਰ ਸਤਬੀਰ ਇੱਕ ਸਥਾਪਿਤ ਉਦਯੋਗਪਤੀ ਹੋਣ ਦੇ ਨਾਲ ਪੰਜਾਬੀ ਮਾਂ ਬੋਲੀ ਦੀ ਝੋਲੀ ’ਚ ਆਪਣੀਆਂ ਮੌਲਿਕ ਰਚਨਾਵਾਂ ਦਾ ਕਾਵਿ ਸੰਗ੍ਰਿਹ ਪਾਉਣ ਸਮੇਤ ਵੱਖ ਵੱਖ ਮਿਆਰੀ ਪੰਜਾਬੀ ਸਾਹਿਤਕ ਰਸਾਲਿਆਂ ਦੇ ਸੰਪਾਦਕੀ ਬੋਰਡਾਂ ’ਚ ਤੇ ਸਾਹਿਤਕ ਸਭਾਵਾਂ ਨੂੰ ਆਪਣੀਆਂ ਸੇਵਾਵਾਂ ਦ੍ਰਿੜ੍ਹ ਇੱਛਾ ਸ਼ਕਤੀ ਨਾਲ ਦਿੰਦਿਆ ਪੰਜਾਬੀ ਸਾਹਿਤ ਦੇ ਸਥਾਪਤੀ ਸਫ਼ਰ ਵੱਲ ਸਫਲ ਕਦਮ ਵਧਾ ਰਹੇ ਹਨ।
ਸਿਫ਼ਰ ਸਤਬੀਰ ਦੀ ਕੌਮੀ ਪੱਧਰੀ ਨਵੀ ਨਿਯੁਕਤੀ ਮੌਕੇ ਸਵਾਗਤ, ਖੁਸ਼ੀ ਤੇ ਵਧਾਈ ਸੰਦੇਸ਼ ਸਾਂਝੇ ਕਰਨ ਵਾਲਿਆਂ ’ਚ ਨਾਮਵਰ ਸ਼ਾਇਰ ਗੁਰਭਜਨ ਗਿੱਲ, ਡੀਨ (ਪ੍ਰੋ.) ਗੁਰਪ੍ਰੀਤ ਕੋਰ ਗੁਰੂ ਕਾਸ਼ੀ ਯੂਨੀਵਰਸਿਟੀ, ਮਾਝਾ ਵਿਰਾਸਤ ਟਰੱਸਟ ਦੇ ਪ੍ਰਧਾਨ ਤੇ ਸ਼ਾਇਰ ਐੱਸ.ਪ੍ਰਸ਼ੋਤਮ, ਉੱਘੇ ਕਮੇਡੀਅਨ ਫਿਲਮੀ ਅਦਾਕਾਰ ਸੁਰਿੰਦਰ ਫ਼ਰਿਸ਼ਤਾ ਉਰਫ ਘੁਲੇ ਸ਼ਾਹ, ਰਮਿੰਦਰ ਵਾਲੀਆ ਚੇਅਰਪਰਸਨ, ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਕਨੇਡਾ, ਰਾਜਵੀਰ ਸੰਧੂ ਭਲੂਰੀਆ ਪ੍ਰਧਾਨ ਮਾਲਵਾ ਜੋਨ, ਅਰਤਿੰਦਰ ਸੰਧੂ ਪ੍ਰਧਾਨ ਏਕਮ ਸਾਹਿਤ ਸਭਾ, ਡਾ: ਜਸਵਿੰਦਰ ਕੌਰ ਜੱਸੀ ਪ੍ਰਧਾਨ ਆਰਟ ਗਲੈਕਸੀ, ਨਿਧੀ ਪਾਠਕ ਚੇਅਰਪਰਸਨ ਆਸ਼ਾ ਫਾਊਂਡੇਸ਼ਨ, ਫਿਲਮੀ ਅਦਾਕਾਰ ਅਰਵਿੰਦਰ ਭੱਟੀ, ਦਲਬੀਰ ਸਿੰਘ ਰਿਆੜ ਚੇਅਰਮੈਨ ਜਲੰਧਰ ਲਿਖਾਰੀ ਸਭਾ, ਪ੍ਰਿੰ: ਗਿਆਨ ਸਿੰਘ ਘਈ, ਗਾਇਕ ਕਲਾਕਾਰ ਹਰਿੰਦਰ ਸੰਧੂ, ਹੁਸੈਨ ਅਕਬਰ ਬਾਬਾ ਗਰੁੱਪ (ਪਾਕਿਸਤਾਨ) ਆਦਿ ਦਰਜਨਾਂ ਸਾਹਿੱਤਕ ਤੇ ਕਲਾਕਾਰ ਸ਼ਖਸ਼ੀਅਤਾਂ ਸ਼ਾਮਲ ਹਨ।