ਸੱਤ ਕਰੋੜ ਦੀ ਲਾਗਤ ਨਾਲ ਹੋਵੇਗਾ ਸ਼੍ਰੀ ਰਘੁਨਾਥ ਮੰਦਰ ਦਾ ਨਵੀਨੀਕਰਨ
ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਅਕਸ਼ੈ ਤ੍ਰਿਤੀਆ ਦੇ ਪਵਿੱਤਰ ਮੌਕੇ 'ਤੇ 19 ਅਪ੍ਰੈਲ ਤੋਂ ਸ਼੍ਰੀ ਰਘੁਨਾਥ ਮੰਦਰ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਇਹ ਜਾਣਕਾਰੀ ਸ਼੍ਰੀ ਦੁਰਗਿਆਣਾ ਮੰਦਰ ਕਮੇਟੀ ਦੀ ਪ੍ਰਧਾਨ ਪ੍ਰੋ.ਲਕਸ਼ਮੀ ਕਾਂਤਾ ਚਾਵਲਾ ਨੇ
Publish Date: Thu, 16 Apr 2026 06:52 PM (IST)
Updated Date: Thu, 16 Apr 2026 06:54 PM (IST)

ਅੰਮ੍ਰਿਤਸਰ : ਅਕਸ਼ੈ ਤ੍ਰਿਤੀਆ ਦੇ ਪਵਿੱਤਰ ਮੌਕੇ 'ਤੇ 19 ਅਪ੍ਰੈਲ ਤੋਂ ਸ਼੍ਰੀ ਰਘੁਨਾਥ ਮੰਦਰ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਇਹ ਜਾਣਕਾਰੀ ਸ਼੍ਰੀ ਦੁਰਗਿਆਣਾ ਮੰਦਰ ਕਮੇਟੀ ਦੀ ਪ੍ਰਧਾਨ ਪ੍ਰੋ.ਲਕਸ਼ਮੀ ਕਾਂਤਾ ਚਾਵਲਾ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ। ਉਨ੍ਹਾਂ ਕਿਹਾ ਕਿ ਕਰੀਬ 400 ਸਾਲ ਪੁਰਾਣੇ ਇਸ ਇਤਿਹਾਸਕ ਮੰਦਰ ਦੀ ਮੌਜੂਦਾ ਹਾਲਤ ਕਾਫ਼ੀ ਖਸਤਾ ਹੋ ਚੁੱਕੀ ਹੈ, ਜਿਸ ਕਾਰਨ ਇਸ ਦੇ ਮੁੜ ਨਿਰਮਾਣ ਅਤੇ ਵਿਕਾਸ ਦੀ ਯੋਜਨਾ ਤਿਆਰ ਕੀਤੀ ਗਈ ਹੈ। ਇਸ ਅਹਿਮ ਪ੍ਰੋਜੈਕਟ ਨੂੰ ਸ਼੍ਰੀ ਦੁਰਗਿਆਣਾ ਕਮੇਟੀ ਵੱਲੋਂ ਚਲਾਇਆ ਜਾ ਰਿਹਾ ਹੈ, ਜਿਸ 'ਤੇ ਲਗਭਗ 7 ਕਰੋੜ ਰੁਪਏ ਦੀ ਲਾਗਤ ਦਾ ਅਨੁਮਾਨ ਹੈ। ਉਨ੍ਹਾਂ ਦੱਸਿਆ ਕਿ ਇਹ ਮੰਦਰ ਸ਼੍ਰੀ ਦੁਰਗਿਆਣਾ ਤੀਰਥ ਕੰਪਲੈਕਸ ਵਿੱਚ ਸਥਿਤ ਸ੍ਰੀ ਵੱਡਾ ਹਨੂਮਾਨ ਮੰਦਰ ਦੇ ਕੋਲ ਹੈ। ਨਵੀਨੀਕਰਨ ਤੋਂ ਬਾਅਦ ਇਸ ਨੂੰ ਇੱਕ ਸ਼ਾਨਦਾਰ ਅਤੇ ਆਧੁਨਿਕ ਰੂਪ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਇਹ ਪਹਿਲੀ ਵਾਰ ਹੋਵੇਗਾ ਜਦੋਂ ਅਜਿਹੀਆਂ ਵਿਸ਼ੇਸ਼ਤਾਵਾਂ ਵਾਲਾ ਮੰਦਰ ਬਣਾਇਆ ਜਾ ਰਿਹਾ ਹੈ, ਜੋ ਸ਼ਰਧਾਲੂਆਂ ਲਈ ਆਸਥਾ ਅਤੇ ਖਿੱਚ ਦਾ ਕੇਂਦਰ ਬਣੇਗਾ। ਉਨ੍ਹਾਂ ਕਿਹਾ ਕਿ ਮੰਦਰ ਵਿਚ ਵਾਰਾਣਸੀ ਦੇ ਮਾਨਸ ਮੰਦਰ ਦੀ ਤਰਜ਼ 'ਤੇ ਇੱਕ ਵਿਸ਼ੇਸ਼ ਕਮਰਾ ਬਣਾਇਆ ਜਾਵੇਗਾ, ਇਹ ਕਮਰਾ ਪੂਰੀ ਤਰ੍ਹਾਂ ਡਿਜੀਟਲ ਤਕਨੀਕ ਨਾਲ ਲੈਸ ਹੋਵੇਗਾ, ਜਿੱਥੇ ਸ਼ਰਧਾਲੂਆਂ ਨੂੰ ਧਾਰਮਿਕ ਗ੍ਰੰਥਾਂ ਅਤੇ ਕਥਾਵਾਂ ਦੇ ਦਰਸ਼ਨ ਆਧੁਨਿਕ ਮਾਧਿਅਮਾਂ ਰਾਹੀਂ ਕਰਵਾਏ ਜਾਣਗੇ। ਇਸ ਦਾ ਮਕਸਦ ਨਵੀਂ ਪੀੜ੍ਹੀ ਨੂੰ ਆਪਣੀ ਅਮੀਰ ਸੱਭਿਆਚਾਰਕ ਅਤੇ ਧਾਰਮਿਕ ਵਿਰਾਸਤ ਨਾਲ ਜੋੜਨਾ ਹੈ। ਪ੍ਰੋ. ਚਾਵਲਾ ਨੇ ਪੰਜਾਬ ਦੀ ਜਨਤਾ ਨੂੰ ਇਸ ਨੇਕ ਕੰਮ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਸਾਰੇ ਲੋਕ ਸਹਿਯੋਗ ਕਰਨ ਤਾਂ ਜੋ ਇਸ ਇਤਿਹਾਸਕ ਵਿਰਾਸਤ ਨੂੰ ਨਵੀਂ ਪਛਾਣ ਦਿੱਤੀ ਜਾ ਸਕੇ। ਇਸ ਮੌਕੇ ਸ਼੍ਰੀ ਦੁਰਗਿਆਣਾ ਕਮੇਟੀ ਦੇ ਵਿੱਤ ਸਕੱਤਰ ਬਿਮਲ ਅਰੋੜਾ, ਸਰਪ੍ਰਸਤ ਡਾ. ਰਾਕੇਸ਼ ਸ਼ਰਮਾ, ਵਿਜੇ ਖੰਨਾ, ਮੈਨੇਜਰ ਅਨਿਲ ਸ਼ਰਮਾ, ਸੰਜੇ ਮਹਿਰਾ (ਵਾਈਸ ਚੇਅਰਮੈਨ ਵੱਡਾ ਹਨੂਮਾਨ ਮੰਦਰ), ਨਿਤਿਨ ਸ਼ਰਮਾ, ਰਾਜੇਸ਼ ਕਾਲਾ, ਮਾਲਾ ਚਾਵਲਾ, ਰਾਜੇਸ਼ ਬਾਂਟੂ, ਕਿਸ਼ੋਰ ਚੱਢਾ, ਅਨਿਲ ਪਾਠਕ, ਨੀਲਮ ਸ਼ਰਮਾ, ਸਨੀ, ਸਾਲਾਸਰ ਪਰਿਵਾਰ ਦੇ ਮੈਂਬਰ ਅਤੇ ਹਨੂਮਾਨ ਚਾਲੀਸਾ ਪਰਿਵਾਰ ਦੇ ਸੇਵਾਦਾਰ ਮੌਜੂਦ ਸਨ।