- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਰਕਾਰ ਦੇ ਵੱਲੋਂ ਨਸ਼ਾਖੋਰੀ ਤੇ ਨਸ਼ਾ ਤਸਕਰੀ ਨੂੰ ਨਕੇਲ ਪਾਉਣ ਵਾਸਤੇ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਉਸ ਵੇਲੇ ਹਵਾ ਨਿਕਲਦੀ ਨਜ਼ਰ ਆਈ ਜਦੋਂ ਦਲਿਤ ਪਰਿਵਾਰ ਨਾਲ ਸਬੰਧਤ 3 ਨਾਬਾਲਗ ਮਾਸੂਮ ਧੀਆਂ ਦਾ ਬਾਪ ਨਸ਼ੇ ਦੀ ਲਤ ਕਾਰਨ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਿਆ।

ਗੁਰਮੀਤ ਸੰਧੂ, ਪੰਜਾਬੀ ਜਾਗਰਣ, ਅੰਮ੍ਰਿਤਸਰ : ਪੰਜਾਬ ਸਰਕਾਰ ਦੇ ਵੱਲੋਂ ਨਸ਼ਾਖੋਰੀ ਤੇ ਨਸ਼ਾ ਤਸਕਰੀ ਨੂੰ ਨਕੇਲ ਪਾਉਣ ਵਾਸਤੇ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਉਸ ਵੇਲੇ ਹਵਾ ਨਿਕਲਦੀ ਨਜ਼ਰ ਆਈ ਜਦੋਂ ਦਲਿਤ ਪਰਿਵਾਰ ਨਾਲ ਸਬੰਧਤ 3 ਨਾਬਾਲਗ ਮਾਸੂਮ ਧੀਆਂ ਦਾ ਬਾਪ ਨਸ਼ੇ ਦੀ ਲਤ ਕਾਰਨ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਿਆ। ਜਿਸ ਦੀ ਪਛਾਣ ਸੁਖਵਿੰਦਰ ਸਿੰਘ ਹੈਪੀ (35) ਪੁੱਤਰ ਬਲਬੀਰ ਸਿੰਘ ਨਿਵਾਸੀ ਪਿੰਡ ਰਾਮਪੁਰਾ (ਅਬਾਦੀ ਰਾਮਪੁਰਾ) ਫਤਿਹਗੜ੍ਹ ਚੂੜੀਆਂ ਰੋਡ ਦੇ ਰੂਪ ਵਿਚ ਹੋਈ ਹੈ। ਪੀੜਤ ਪਰਿਵਾਰ ਦੇ ਨਾਲ (ਬਾਮਸੇਫ) ਬੈਕਵਰਡ ਐਂਡ ਮਨਿਓੁਰਟੀ ਕਮਿਉੂਨਟੀ ਇੰਪਲਾਈਜ਼ ਫੈਡਰੇਸ਼ਨ ਦੇ ਜੋਨ ਇੰਚਾਰਜ ਤੇ ਜੀਐੱਨਡੀਯੂ ਦੇ ਸੇਵਾਮੁਕਤ ਅਧਿਕਾਰੀ ਚੰਚਲ ਸਿੰਘ ਦੇ ਵੱਲੋਂ ਕਰਵਾਈ ਗਈ ਮੁਲਾਕਾਤ ਤੋਂ ਬਾਅਦ ਬੜੇ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ।
ਆਰਥਿਕ ਮੰਦਹਾਲੀ ਦੇ ਦੌਰ ਵਿਚੋਂ ਗੁਜ਼ਰ ਰਹੇ ਪਰਿਵਾਰ ਦਾ ਹੁਣ ਭਵਿੱਖ ਕੀ ਹੋਵੇਗਾ ਕੋਈ ਨਹੀਂ ਜਾਣਦਾ। ਭਿੱਜੀਆਂ ਅੱਖਾਂ ਅਤੇ ਗਲੇ ਦੇ ਗੱਚ ਭਰਦਿਆਂ ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਸੁਖਵਿੰਦਰ ਸਿੰਘ ਹੈਪੀ (35) ਦੀ ਮਾਤਾ ਜਸਬੀਰ ਕੌਰ ਅਤੇ ਪਤਨੀ ਸਰਵਜੀਤ ਕੌਰ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਹੈਪੀ ਜੋ ਕਿ ਪ੍ਰਾਈਵੇਟ ਤੌਰ ਤੇ ਡਰਾਈਵਰੀ ਕਰਦਾ ਸੀ ਤੇ ਅੱਜ ਤੋਂ 10 ਕੁ ਸਾਲ ਪਹਿਲਾਂ ਬੁਰੀ ਸੰਗਤ ਦੇ ਵਿਚ ਪੈਣ ਕਾਰਨ ਨਸ਼ਾ ਕਰਨ ਦਾ ਆਦੀ ਹੋ ਗਿਆ। ਉਸ ਨੂੰ ਕਈ ਵਾਰ ਸਮਝਾਇਆ ਬੁਝਾਇਆ ਗਿਆ, ਜਦੋਂ ਕਿ 3 ਨਾਬਾਲਗ ਮਾਸੂਮ ਧੀਆਂ ਗੁਰਲੀਨ ਕੌਰ (14), ਲਵਲੀਨ ਕੌਰ (9) ਤੇ ਸੁਖਨਾਜ ਕੌਰ (3) ਦਾ ਵਾਸਤਾ ਵੀ ਦਿੱਤਾ ਗਿਆ ਤੇ ਆਰਥਿਕ ਤੰਗੀਆਂ ਤੁਰਸ਼ੀਆਂ ਦੀ ਬਾਤ ਵੀ ਪਾਈ ਗਈ। ਪਰ ਉਸ ਉØੱਪਰ ਕੋਈ ਅਸਰ ਨਹੀਂ ਹੋਇਆ। ਬੀਬੀ ਜਸਬੀਰ ਕੌਰ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦੇ ਵੱਡੇ ਪੁੱਤਰ ਬਲਵਿੰਦਰ ਸਿੰਘ ਰਾਜੂ ਦਾ ਵੀ ਇਹੋ ਹਾਲ ਹੈ। ਮਿਹਨਤ ਮਜ਼ਦੂਰੀ ਕਰਕੇ ਦੋ ਡੰਗ ਦੀ ਡੰਗੋਰੀ ਅਤੇ ਰੋਟੀ ਦਾ ਪ੍ਰਬੰਧ ਕਰਨ ਵਾਲੇ ਤੇ ਅੱਤ ਦੀ ਗਰੀਬੀ ਦੀ ਮਾਰ ਝੱਲ ਰਹੇ ਪਰਿਵਾਰ ਦੇ ਕੋਲ ਮ੍ਰਿਤਕ ਸੁਖਵਿੰਦਰ ਸਿੰਘ ਹੈਪੀ ਦੀ ਆਤਮਿਕ ਸ਼ਾਂਤੀ ਦੇ ਲਈ ਪੂਰੀਆਂ ਕੀਤੀਆਂ ਜਾਣ ਵਾਲੀਆਂ ਧਾਰਮਿਕ ਰਸਮਾਂ ਨੂੰ ਵੀ ਜਿੱਥੇ ਨਿਭਾਉਣ ਲਈ ਕੁੱਝ ਨਹੀਂ ਹੈ।
ਉੱਥੇ ਉਸ ਦੀ ਪਤਨੀ ਸਰਵਜੀਤ ਕੌਰ ਨੂੰ 3 ਨਾਬਾਲਗ ਧੀਆਂ ਅਤੇ ਲਾਚਾਰ ਮਾਪਿਆਂ ਦੀ ਪਹਾੜ ਜਿੱਡੀ ਜ਼ਿੰਦਗੀ ਦੇ ਗੁਜ਼ਰ ਬਸ਼ਰ ਤੇ ਭਵਿੱਖ ਦਾ ਡਰ ਸਤਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਘਟਨਾਕ੍ਰਮ ਤੋਂ ਪਹਿਲਾਂ ਵਿਧਾਨ ਸਭਾ ਹਲਕਾ ਅਟਾਰੀ ਅਧੀਨ ਅਤੇ ਦਿਹਾਤੀ ਪੁਲਿਸ ਦੇ ਅਧਿਕਾਰਤ ਖੇਤਰ ਵਿੱਚ ਆਉਂਦੇ ਪਿੰਡ ਰਾਮਪੁਰਾ ਦੇ ਵਿਚ ਬੀਤੇ ਇੱਕ ਦਹਾਕੇ ਦੌਰਾਨ 3 ਦਰਜਨ ਦੇ ਕਰੀਬ ਨੌਜਵਾਨਾਂ ਨੂੰ ਨਸ਼ੇ ਦਾ ਦੈਂਤ ਨਿਗਲ ਚੁੱਕਾ ਹੈ। ਪਰ ਅਜੇ ਤੱਕ ਕਿਸੇ ਵੀ ਨਸ਼ੇ ਦੇ ਸੌਦਾਗਰ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ। ਜਦੋਂ ਕਿ ਇਸ ਮਾਮਲੇ ਤੇ ਕੋਈ ਮੂੰਹ ਖੋਲ੍ਹਣ ਨੂੰ ਵੀ ਤਿਆਰ ਨਹੀਂ ਹੈ। ਪਿੰਡ ਦੀਆਂ ਮੌਤਾਂ ਦੇ ਇਸ ਗ੍ਰਾਫ ਨੇ ਇਲਾਕੇ ਦੇ ਵਿੱਚ ਸ਼ਰੇਆਮ ਤੇ ਬੇਖੌਫ ਨਸ਼ਾਖੋਰੀ ਤੇ ਨਸ਼ਾਤੱਸਕਰੀ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਦੂਜੇ ਪਾਸੇ ਸੁਖਵਿੰਦਰ ਸਿੰਘ ਹੈਪੀ ਦੇ ਪੀੜਤ ਪਰਿਵਾਰ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਇਸ ਦੇ ਮੁਕੰਮਲ ਪਾਬੰਦੀ ਅਤੇ ਸਹਾਇਤਾ ਦੀ ਮੰਗ ਕੀਤੀ ਹੈ। ਹੁਣ ਵੇਖਣਾ ਇਹ ਹੈ ਕਿ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਇਸ ਪਾਸੇ ਕਦੋਂ ਸੰਜੀਦਗੀ ਅਤੇ ਸੁਹਿਰਦਤਾ ਦਾ ਇਸਤੇਮਾਲ ਅਮਲ ਵਿਚ ਲਿਆਉਂਦਾ ਹੈ ਤੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਂਦਾ ਹੈ। ਬੈਕਵਰਡ ਐਂਡ ਮਨਿਓੁਰਟੀ ਕਮਿਉੂਨਟੀ ਇੰਪਲਾਈਜ਼ ਫੈਡਰੇਸ਼ਨ (ਬਾਮਸੇਫ) ਦੇ ਜੋਨ ਇੰਚਾਰਜ ਤੇ ਜੀਐੱਡੀਯੂ ਦੇ ਸੇਵਾਮੁਕਤ ਅਧਿਕਾਰੀ ਚੰਚਲ ਸਿੰਘ ਨੇ ਵੀ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰਨ ਤੇ ਪੀੜਤ ਪਰਿਵਾਰ ਦੇ ਲਈ ਮਦਦ ਦੀ ਮੰਗ ਕੀਤੀ ਹੈ।