Road Accident : ਅੰਮ੍ਰਿਤਸਰ-ਜਲੰਧਰ ਹਾਈਵੇ 'ਤੇ ਕਾਰ ਤੇ ਬਲੈਰੋ ਕੈਂਪਰ ਵਿਚਾਲੇ ਆਹਮੋ-ਸਾਹਮਣੀ ਭਿਆਨਕ ਟੱਕਰ, ਇਕ ਦੀ ਮੌਤ, ਪਤੀ-ਪਤਨੀ ਤੇ ਬੇਟੀ ਗੰਭੀਰ ਜ਼ਖ਼ਮੀ
ਅੰਮ੍ਰਿਤਸਰ-ਜਲੰਧਰ ਮੁੱਖ ਮਾਰਗ 'ਤੇ ਬਿਆਸ ਵਿਚ ਬਣੇ ਫਲਾਈ ਓਵਰ ਉੱਪਰ ਇਕ ਕਾਰ ਤੇ ਕੈਂਪਰ ਦਰਮਿਆਨ ਭਿਆਨਕ ਟੱਕਰ ਹੋਣ ਕਾਰਨ ਵੱਡਾ ਸੜਕੀ ਹਾਦਸਾ ਵਾਪਰਿਆ ਹੈ। ਇਸ ਸੜਕ ਹਾਦਸੇ ਦੇ ਦੌਰਾਨ ਜਿੱਥੇ ਕਾਰ ਦੇ ਡਰਾਈਵਰ ਦੀ ਮੌਤ ਹੋ ਗਈ ਹੈ, ਉੱਥੇ ਹੀ ਕਾਰ ਵਿਚ ਸਵਾਰ ਪਤੀ-ਪਤਨੀ ਅਤੇ ਉਨ੍ਹਾਂ ਦੀ ਬੇਟੀ ਗੰਭੀਰ ਜ਼ਖ਼ਮੀ ਹਾਲਤ ਕਾਰਨ ਫਿਲਹਾਲ ਹਸਪਤਾਲ ਵਿਚ ਜ਼ੇਰੇ ਇਲਾਜ ਹਨ।
Publish Date: Wed, 11 Feb 2026 05:22 PM (IST)
Updated Date: Wed, 11 Feb 2026 05:26 PM (IST)
ਗੌਰਵ ਜੋਸ਼ੀ, ਪੰਜਾਬੀ ਜਾਗਰਣ, ਰਈਆ : ਅੰਮ੍ਰਿਤਸਰ-ਜਲੰਧਰ ਮੁੱਖ ਮਾਰਗ 'ਤੇ ਬਿਆਸ ਵਿਚ ਬਣੇ ਫਲਾਈ ਓਵਰ ਉੱਪਰ ਇਕ ਕਾਰ ਤੇ ਕੈਂਪਰ ਦਰਮਿਆਨ ਭਿਆਨਕ ਟੱਕਰ ਹੋਣ ਕਾਰਨ ਵੱਡਾ ਸੜਕੀ ਹਾਦਸਾ ਵਾਪਰਿਆ ਹੈ। ਇਸ ਸੜਕ ਹਾਦਸੇ ਦੇ ਦੌਰਾਨ ਜਿੱਥੇ ਕਾਰ ਦੇ ਡਰਾਈਵਰ ਦੀ ਮੌਤ ਹੋ ਗਈ ਹੈ, ਉੱਥੇ ਹੀ ਕਾਰ ਵਿਚ ਸਵਾਰ ਪਤੀ-ਪਤਨੀ ਅਤੇ ਉਨ੍ਹਾਂ ਦੀ ਬੇਟੀ ਗੰਭੀਰ ਜ਼ਖ਼ਮੀ ਹਾਲਤ ਕਾਰਨ ਫਿਲਹਾਲ ਹਸਪਤਾਲ ਵਿਚ ਜ਼ੇਰੇ ਇਲਾਜ ਹਨ।
ਥਾਣਾ ਬਿਆਸ ਦੇ ਪੁਲਿਸ ਅਧਿਕਾਰੀ ਸ਼ਮਸ਼ੇਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਬੁੱਧਵਾਰ ਸਵੇਰ ਸਮੇਂ ਇਕ ਬਲੈਰੋ ਕੈਂਪਰ ਗੱਡੀ ਜੋ ਕਿ ਅੰਮ੍ਰਿਤਸਰ ਦੀ ਤਰਫੋਂ ਆ ਰਹੀ ਸੀ, ਬਿਆਸ ਨੇੜੇ ਡਰਾਈਵਰ ਦੀ ਕਥਿਤ ਝੋਕ ਲੱਗ ਜਾਣ ਕਾਰਨ ਡਿਵਾਈਡਰ ਟੱਪ ਕੇ ਦੂਸਰੀ ਤਰਫ ਤੋਂ ਆ ਰਹੀ ਕਾਰ ਦੇ ਵਿਚ ਜਾ ਵੱਜੀ। ਉਨ੍ਹਾਂ ਦੱਸਿਆ ਕਿ ਉਕਤ ਕਾਰ ਦੇ ਵਿਚ ਸਵਾਰ ਪਰਿਵਾਰ ਆਪਣੇ ਡਰਾਈਵਰ ਦੇ ਨਾਲ ਜਗਰਾਉਂ ਤੋਂ ਬਟਾਲਾ ਕਿਸੇ ਰਿਸ਼ਤੇਦਾਰੀ ਦੇ ਵਿਚ ਮਿਲਣ ਦੇ ਲਈ ਜਾ ਰਹੇ ਸਨ। ਜਦ ਕਿ ਬਿਆਸ ਪੁੱਜਣ ’ਤੇ ਸਾਹਮਣੇ ਡਿਵਾਈਡਰ ਟੱਪ ਕੇ ਆਈ ਕੈਂਪਰ ਗੱਡੀ ਦੇ ਨਾਲ ਬੇਹੱਦ ਭਿਆਨਕ ਟੱਕਰ ਹੋਣ ਕਾਰਨ ਕਾਰ ਦੇ ਡਰਾਈਵਰ ਸਤਨਾਮ ਸਿੰਘ ਸੱਤਾ ਪੁੱਤਰ ਮੁਖਤਿਆਰ ਸਿੰਘ ਵਾਸੀ ਰਾਮਗੜ੍ਹ ਭੁੱਲਰ, ਤਹਿਸੀਲ ਜਗਰਾਉਂ, ਜ਼ਿਲ੍ਹਾ ਲੁਧਿਆਣਾ ਦੀ ਮੌਤ ਹੋ ਗਈ ਹੈ।
ਇਸ ਦੇ ਨਾਲ ਹੀ ਕਾਰ ਵਿਚ ਸਵਾਰ ਵਿਅਕਤੀ ਫੰਨੀ ਜੋਯ ਉਸ ਦੀ ਪਤਨੀ ਜੋਤੀ ਅਤੇ ਪੁੱਤਰੀ ਮਾਹੀ ਵਾਸੀ ਗੋਬਿੰਦ ਕਾਲੋਨੀ ਜਗਰਾਉਂ ਨੂੰ ਗੰਭੀਰ ਜਖਮੀ ਹਾਲਤ ਦੇ ਵਿਚ ਨਜ਼ਦੀਕੀ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ’ਤੇ ਤੁਰੰਤ ਮੌਕੇ ਉੱਤੇ ਪੁੱਜਣ ਤੋਂ ਬਾਅਦ ਜਿੱਥੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ, ਉੱਥੇ ਹੀ ਕੈਂਪਰ ਡਰਾਈਵਰ ਨੂੰ ਹਿਰਾਸਤ ਵਿਚ ਲੈ ਕੇ ਜ਼ਖ਼ਮੀਆਂ ਦੇ ਬਿਆਨ ਦਰਜ ਕਰ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਇੱਥੇ ਜ਼ਿਕਰਯੋਗ ਹੈ ਕਿ ਉਕਤ ਹਾਦਸਾ ਇਨ੍ਹਾਂ ਭਿਆਨਕ ਸੀ ਕਿ ਹਾਦਸੇ ਤੋਂ ਬਾਅਦ ਕਾਰ ਵਿਚ ਸਵਾਰ ਡਰਾਈਵਰ ਬੁਰੀ ਤਰ੍ਹਾਂ ਫਸ ਗਿਆ ਤੇ ਇਸ ਦਰਮਿਆਨ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਉਸ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਬਾਕੀ ਜ਼ਖ਼ਮੀਆਂ ਨੂੰ ਵੀ ਸਥਾਨਕ ਲੋਕਾਂ ਵੱਲੋਂ ਬੇਹਦ ਮੁਸ਼ਕਿਲ ਦੇ ਨਾਲ ਬਾਰੀਆਂ ਤੋੜ ਕੇ ਬਾਹਰ ਕੱਢਿਆ ਗਿਆ ਹੈ।