386 ਸਾਲ ਪੁਰਾਣੇ ਸ਼੍ਰੀ ਰਘੁਨਾਥ ਮੰਦਰ ਦੇ ਨਵੀਨੀਕਰਨ ਦਾ ਕੰਮ ਸ਼ੁਰੂ
ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਅਕਸ਼ੈ ਤ੍ਰਿਤੀਆ ਮੌਕੇ ਸ਼੍ਰੀ ਦੁਰਗਿਆਣਾ ਮੰਦਰ ਕੰਪਲੈਕਸ ਵਿੱਚ ਸਥਿਤ ਪ੍ਰਾਚੀਨ ਸ਼੍ਰੀ ਰਘੁਨਾਥ ਮੰਦਰ ਦੇ ਨਵੀਨੀਕਰਨ ਦੇ ਕਾਰਜ ਦਾ ਵਿਧੀਵਤ
Publish Date: Sun, 19 Apr 2026 04:31 PM (IST)
Updated Date: Sun, 19 Apr 2026 04:33 PM (IST)

ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਅਕਸ਼ੈ ਤ੍ਰਿਤੀਆ ਮੌਕੇ ਸ਼੍ਰੀ ਦੁਰਗਿਆਣਾ ਮੰਦਰ ਕੰਪਲੈਕਸ ਵਿੱਚ ਸਥਿਤ ਪ੍ਰਾਚੀਨ ਸ਼੍ਰੀ ਰਘੁਨਾਥ ਮੰਦਰ ਦੇ ਨਵੀਨੀਕਰਨ ਦੇ ਕਾਰਜ ਦਾ ਵਿਧੀਵਤ ਸ਼ੁਭਾਰੰਭ ਕੀਤਾ ਗਿਆ। ਜਿਸ ਵਿਚ ਵਿਸ਼ੇਸ਼ ਤੌਰ ਤੇ ਵਿਧਾਇਕ ਅਜੇ ਗੁਪਤਾ, ਨਗਰ ਸੁਧਾਰ ਟਰਸਟ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ, ਸੀਨੀਅਰ ਡਿਪਟੀ ਮੇਅਰ ਪ੍ਰਿਯੰਕਾ ਸ਼ਰਮਾ ਅਤੇ ਕੌਂਸਲਰਾਂ ਨੇ ਸ਼ਿਰਕਤ ਕੀਤੀ। ਪ੍ਰਾਚੀਨ ਇਸ ਇਤਿਹਾਸਕ ਮੰਦਰ ਨੂੰ ਹੁਣ ਇੱਕ ਸ਼ਾਨਦਾਰ ਅਤੇ ਆਧੁਨਿਕ ਰੂਪ ਦੇਣ ਵੱਲ ਕਦਮ ਵਧਾਇਆ ਗਿਆ ਹੈ। ਮੰਦਰ ਦੀ ਖਸਤਾ ਹਾਲਤ ਨੂੰ ਦੇਖਦੇ ਹੋਏ ਇਸ ਦੇ ਵਿਆਪਕ ਪੁਨਰ-ਨਿਰਮਾਣ ਅਤੇ ਵਿਕਾਸ ਦੀ ਯੋਜਨਾ ਤਿਆਰ ਕੀਤੀ ਗਈ ਹੈ, ਤਾਂ ਜੋ ਇਹ ਸਥਾਨ ਸ਼ਰਧਾਲੂਆਂ ਲਈ ਹੋਰ ਵੀ ਖਿੱਚ ਦਾ ਕੇਂਦਰ ਬਣ ਸਕੇ। ਸ਼੍ਰੀ ਦੁਰਗਿਆਣਾ ਕਮੇਟੀ ਦੀ ਪ੍ਰਧਾਨ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਅਤੇ ਜਨਰਲ ਸਕੱਤਰ ਅਰੁਣ ਖੰਨਾ ਨੇ ਦੱਸਿਆ ਕਿ ਇਸ ਅਭਿਲਾਸ਼ੀ ਪ੍ਰੋਜੈਕਟ ਤੇ ਲਗਭਗ 7 ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਇਹ ਮੰਦਰ ਸ਼੍ਰੀ ਵੱਡਾ ਹਨੂੰਮਾਨ ਮੰਦਰ ਦੇ ਕੋਲ ਸਥਿਤ ਹੈ ਅਤੇ ਨਵੀਨੀਕਰਨ ਤੋਂ ਬਾਅਦ ਇਸ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ। ਇਹ ਪਹਿਲੀ ਵਾਰ ਹੋਵੇਗਾ ਜਦੋਂ ਅਜਿਹੀਆਂ ਵਿਸ਼ੇਸ਼ਤਾਵਾਂ ਵਾਲੇ ਮੰਦਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜੋ ਸ਼ਰਧਾਲੂਆਂ ਲਈ ਆਸਥਾ ਦੇ ਨਾਲ-ਨਾਲ ਖਿੱਚ ਦਾ ਮੁੱਖ ਕੇਂਦਰ ਬਣੇਗਾ। ਉਨ੍ਹਾਂ ਕਿਹਾ ਮੰਦਰ ਵਿੱਚ ਇੱਕ ਵਿਸ਼ੇਸ਼ ਡਿਜੀਟਲ ਕਮਰਾ ਬਣਾਇਆ ਜਾਵੇਗਾ, ਜਿਸ ਨੂੰ ਮਾਨਸ ਮੰਦਰ ਦੀ ਤਰਜ਼ ਤੇ ਵਿਕਸਤ ਕੀਤਾ ਜਾਵੇਗਾ। ਇਸ ਕਮਰੇ ਵਿੱਚ ਆਧੁਨਿਕ ਡਿਜੀਟਲ ਤਕਨੀਕ ਰਾਹੀਂ ਧਾਰਮਿਕ ਗ੍ਰੰਥਾਂ, ਰਾਮਾਇਣ ਅਤੇ ਹੋਰ ਪੌਰਾਣਿਕ ਕਥਾਵਾਂ ਨੂੰ ਆਡੀਓ-ਵੀਡੀਓ ਮਾਧਿਅਮ ਰਾਹੀਂ ਪੇਸ਼ ਕੀਤਾ ਜਾਵੇਗਾ। ਇਸ ਨਾਲ ਨਾ ਸਿਰਫ਼ ਸ਼ਰਧਾਲੂਆਂ ਨੂੰ ਇੱਕ ਨਵਾਂ ਅਨੁਭਵ ਮਿਲੇਗਾ, ਸਗੋਂ ਨੌਜਵਾਨ ਪੀੜ੍ਹੀ ਨੂੰ ਵੀ ਆਪਣੀ ਸੱਭਿਆਚਾਰਕ ਵਿਰਾਸਤ ਨਾਲ ਜੁੜਨ ਵਿੱਚ ਮਦਦ ਮਿਲੇਗੀ। ਸ਼੍ਰੀ ਦੁਰਗਿਆਣਾ ਕਮੇਟੀ ਨੇ ਪੰਜਾਬ ਦੀ ਜਨਤਾ ਨੂੰ ਇਸ ਨੇਕ ਕਾਰਜ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਸਾਰੇ ਲੋਕ ਸਹਿਯੋਗ ਕਰਨ। ਇਸ ਪ੍ਰੋਜੈਕਟ ਨਾਲ ਖੇਤਰ ਵਿੱਚ ਸੈਰ-ਸਪਾਟੇ ਨੂੰ ਵੀ ਹੁਲਾਰਾ ਮਿਲੇਗਾ। ਇਸ ਮੌਕੇ ਵਿੱਤ ਸਕੱਤਰ ਬਿਮਲ ਅਰੋੜਾ, ਮੈਨੇਜਰ ਅਨਿਲ ਸ਼ਰਮਾ, ਸਕੱਤਰ ਧਰਮਪਾਲ ਚੌਧਰੀ, ਸਹਿ-ਮੈਨੇਜਰ ਲਲਿਤ ਮੋਹਨ ਚੰਡੋਕ, ਚੇਅਰਮੈਨ ਡਾ. ਰਾਕੇਸ਼ ਸ਼ਰਮਾ, ਵਿੱਕੀ ਖੰਨਾ, ਮਾਧਵ ਲਾਲ ਅਤੇ ਹੋਰ ਮੈਂਬਰ ਮੌਜੂਦ ਸਨ। ਪ੍ਰਧਾਨ ਲਕਸ਼ਮੀ ਕਾਂਤਾ ਚਾਵਲਾ ਅਤੇ ਜਨਰਲ ਸਕੱਤਰ ਅਰੁਣ ਖੰਨਾ ਨੇ ਵਿਧੀਵਤ ਪੂਜਾ ਕੀਤੀ ਅਤੇ ਬ੍ਰਹਮ ਸਥਾਨ ਤੇ ਕਲਸ਼ ਸਥਾਪਨਾ ਕੀਤੀ। ਖੰਨਾ ਨੇ ਦੱਸਿਆ ਕਿ ਨਿਰਮਾਣ ਦਾ ਸਾਰਾ ਕੰਮ ਸਹਿ-ਮੈਨੇਜਰ ਲਲਿਤ ਮੋਹਨ ਚੰਡੋਕ ਅਤੇ ਸਲਾਹਕਾਰ ਬਲਦੇਵ ਸਿੰਘ ਦੀ ਨਿਗਰਾਨੀ ਹੇਠ ਹੋਵੇਗਾ।